ਐੱਸ. ਡੀ. ਐੱਮ. ਦੀ ਸਬ-ਡਵੀਜ਼ਨ ਪੱਧਰੀ ਅਮਨ ਕਮੇਟੀ ਨਾਲ ਮੀਟਿੰਗ
Thursday, Aug 24, 2017 - 02:14 AM (IST)
ਬੰਗਾ, (ਭਟੋਆ/ਭਾਰਤੀ)- ਅੱਜ ਉਪ ਮੰਡਲ ਮੈਜਿਸਟਰੇਟ ਬੰਗਾ ਹਰਚਰਨ ਸਿੰਘ ਦੀ ਪ੍ਰਧਾਨਗੀ ਹੇਠ ਪੀਸ ਕਮੇਟੀਆਂ ਦੇ ਸਰਕਾਰੀ ਤੇ ਗੈਰ-ਸਰਕਾਰੀ ਮੈਂਬਰਾਂ ਨਾਲ ਇਕ ਮੀਟਿੰਗ ਕੀਤੀ ਗਈ।
ਇਸ ਮੌਕੇ ਉਪ ਮੰਡਲ ਮੈਜਿਸਟਰੇਟ ਬੰਗਾ ਵੱਲੋਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਬੰਗਾ ਨੂੰ ਹਦਾਇਤ ਕੀਤੀ ਗਈ ਕਿ ਉਹ ਪਿੰਡ ਪੱਧਰ 'ਤੇ ਹਰ ਪਿੰਡ 'ਚ ਪੀਸ ਕਮੇਟੀਆਂ ਬਣਾਉਣ ਤਾਂ ਜੋ ਪਿੰਡਾਂ ਦੇ ਲੋਕਾਂ 'ਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਜਾ ਸਕੇ। ਮੀਟਿੰਗ ਦੌਰਾਨ ਉਪ ਮੰਡਲ ਮੈਜਿਸਟਰੇਟ ਨੇ ਸਾਰੇ ਅਧਿਕਾਰੀਆਂ ਤੇ ਮੈਂਬਰਾਂ ਦੇ ਧਿਆਨ ਵਿਚ ਲਿਆਂਦਾ ਕਿ ਆਉਣ ਵਾਲੇ ਦਿਨਾਂ 'ਚ ਕਿਸੇ ਵੀ ਵਿਭਾਗ ਦੇ ਕਰਮਚਾਰੀ ਅਤੇ ਅਧਿਕਾਰੀ ਛੁੱਟੀ ਨਹੀਂ ਲੈਣਗੇ। ਤਨਦੇਹੀ ਨਾਲ ਆਪਣੀ ਡਿਊਟੀ ਕੀਤੀ ਜਾਵੇ ਤੇ ਹਰ ਕਰਮਚਾਰੀ ਇਕ-ਦੂਜੇ ਨਾਲ ਤਾਲਮੇਲ ਬਣਾਈ ਰੱਖੇ।
ਜੇਕਰ ਕਿਸੇ ਨੂੰ ਵ੍ਹਟਸਐਪ 'ਤੇ ਗਲਤ ਸੰਦੇਸ਼ ਆਉਂਦਾ ਹੈ ਤਾਂ ਉਹ ਆਪਣੇ ਤੱਕ ਹੀ ਸੀਮਤ ਰੱਖੇ ਤੇ ਅੱਗੇ ਨਾ ਭੇਜੇ। ਇਸ ਤੋਂ ਇਲਾਵਾ ਜੇਕਰ ਕੋਈ ਗਲਤ ਮੈਸੇਜ ਪ੍ਰਾਪਤ ਹੁੰਦਾ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਨੇੜੇ ਦੇ ਪੁਲਸ ਸਟੇਸ਼ਨ ਜਾਂ 100 ਨੰਬਰ 'ਤੇ ਦਿੱਤੀ ਜਾਵੇ।
ਬੀ. ਪੀ. ਈ. ਓ. ਬੰਗਾ ਤੇ ਮੁਕੰਦਪੁਰ ਨੂੰ ਆਦੇਸ਼ ਦਿੱਤੇ ਗਏ ਕਿ ਸਕੂਲਾਂ ਵਿਚ ਪੜ੍ਹ ਰਹੇ ਬੱਚਿਆਂ ਨੂੰ ਸਕੂਲ ਮੁਖੀਆਂ ਰਾਹੀਂ ਕਿਸੇ ਵੀ ਤਰ੍ਹਾਂ ਭਾਈਚਾਰਕ ਸਾਂਝ ਨੂੰ ਨੁਕਸਾਨ ਪਹੁੰਚਾਉਂਦੇ ਮੋਬਾਇਲ ਸੁਨੇਹੇ ਅੱਗੇ ਨਾ ਭੇਜਣ ਲਈ ਸਮਝਾਇਆ ਜਾਵੇ। ਸੀ. ਡੀ. ਪੀ. ਓ. ਨੂੰ ਵੀ ਆਂਗਣਵਾੜੀ ਵਰਕਰਾਂ ਨੂੰ ਇਸ ਪ੍ਰਤੀ ਸੁਚੇਤ ਕਰਨ ਲਈ ਕਿਹਾ ਗਿਆ। ਮੀਟਿੰਗ ਦੌਰਾਨ ਸੁਪਰਡੈਂਟ ਗਰੇਡ-2 ਨੂੰ ਹਦਾਇਤ ਕੀਤੀ ਗਈ ਕਿ ਸਬ-ਡਵੀਜ਼ਨ ਬੰਗਾ ਵਿਚ ਪਿੰ੍ਰਟਿੰਗ ਪ੍ਰੈੱਸਾਂ ਨੂੰ ਵੱਖਰੇ ਤੌਰ 'ਤੇ ਚਿੱਠੀ ਕੱਢੀ ਜਾਵੇ ਕਿ ਅਜਿਹੇ ਪੈਂਫਲੇਟ ਨਾ ਛਾਪੇ ਜਾਣ, ਜਿਨ੍ਹਾਂ ਨਾਲ ਹਾਲਾਤ ਵਿਗੜਨ।
ਸ਼ੱਕ ਹੋਣ 'ਤੇ ਇਸ ਸੰਬੰਧੀ ਪ੍ਰਸ਼ਾਸਨ ਤੋਂ ਪੂਰਵ ਪ੍ਰਵਾਨਗੀ ਲੈ ਕੇ ਹੀ ਕੋਈ ਇਸ਼ਤਿਹਾਰ ਛਾਪਿਆ ਜਾਵੇ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
