ਐੱਸ. ਡੀ. ਐੱਮ. ਰਾਜੇਸ਼ ਸ਼ਰਮਾ ਦੀ ਛਾਪੇਮਾਰੀ ''ਚ ਸਿਰਫ 2 ਆਰ. ਸੀ. ਮਿਲੇ ਹਾਜ਼ਰ
Saturday, Nov 04, 2017 - 07:37 AM (IST)

ਅੰਮ੍ਰਿਤਸਰ, (ਨੀਰਜ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਨੂੰ ਠੇਂਗਾ ਦਿਖਾਉਂਦਿਆਂ ਅੰਮ੍ਰਿਤਸਰ ਜ਼ਿਲੇ ਦੀ ਲਾਈਫ ਲਾਈਨ ਕਹੇ ਜਾਣ ਵਾਲੇ ਐੱਸ. ਡੀ. ਐੱਮ. ਦਫਤਰਾਂ ਵਿਚ ਹੀ ਕਰਮਚਾਰੀਆਂ ਵੱਲੋਂ ਭਾਰੀ ਲਾਪ੍ਰਵਾਹੀ ਕੀਤੀ ਜਾ ਰਹੀ ਹੈ। ਜੇਕਰ ਇਹ ਕਹਿ ਦਿੱਤਾ ਜਾਵੇ ਕਿ ਦੀਵੇ ਥੱਲੇ ਹਨੇਰਾ ਹੈ ਤਾਂ ਗਲਤ ਨਹੀਂ ਹੋਵੇਗਾ। ਜਾਣਕਾਰੀ ਅਨੁਸਾਰ ਅੱਜ ਐੱਸ. ਡੀ. ਐੱਮ. ਰਾਜੇਸ਼ ਸ਼ਰਮਾ ਵੱਲੋਂ ਸਵੇਰੇ 9.20 ਮਿੰਟ 'ਤੇ ਤਹਿਸੀਲ ਅੰਮ੍ਰਿਤਸਰ 'ਚ ਜਦੋਂ ਕਰਮਚਾਰੀਆਂ ਦੀ ਹਾਜ਼ਰੀ ਜਾਣਨ ਲਈ ਛਾਪੇ ਮਾਰੇ ਗਏ ਤਾਂ ਸਾਰਾ ਸਟਾਫ ਹੀ ਗੈਰ-ਹਾਜ਼ਰ ਨਜ਼ਰ ਆਇਆ। ਸਿਰਫ ਰਜਿਸਟਰੀ ਕਲਰਕ ਜਸਬੀਰ ਕੰਦੋਵਾਲੀਆ ਤੇ ਪ੍ਰਿਤਪਾਲ ਸਿੰਘ ਬਿੱਟਾ ਹਾਜ਼ਰ ਸਨ ਅਤੇ ਆਪਣੀਆਂ ਸੀਟਾਂ 'ਤੇ ਬੈਠ ਕੇ ਕੰਮ ਕਰਦੇ ਨਜ਼ਰ ਆਏ।
ਡੀ. ਸੀ. ਦਫਤਰ ਦਾ ਦਿਲ ਕਹੇ ਜਾਣ ਵਾਲੀ ਤਹਿਸੀਲ ਵਿਚ ਹੀ ਜੇਕਰ ਇਸ ਤਰ੍ਹਾਂ ਦਾ ਨਜ਼ਾਰਾ ਹੈ ਤਾਂ ਬਾਕੀ 40 ਤੋਂ ਵੱਧ ਸਰਕਾਰੀ ਵਿਭਾਗ ਜੋ ਡੀ. ਸੀ. ਦਫਤਰ ਦੀ ਨਿਗਰਾਨੀ ਵਿਚ ਕੰਮ ਕਰਦੇ ਹਨ, ਦਾ ਕੀ ਹਾਲ ਹੋਵੇਗਾ? ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐੱਸ. ਡੀ. ਐੱਮ. ਰਾਜੇਸ਼ ਸ਼ਰਮਾ ਨੇ ਤਹਿਸੀਲ ਅੰਮ੍ਰਿਤਸਰ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਦੁਬਾਰਾ ਭਵਿੱਖ ਵਿਚ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਤਾਂ ਪ੍ਰਸ਼ਾਸਨ ਵੱਲੋਂ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਦੇ ਲਈ ਗੈਰ-ਹਾਜ਼ਰ ਕਰਮਚਾਰੀ ਆਪ ਜ਼ਿੰਮੇਵਾਰ ਹੋਵੇਗਾ।
ਐੱਸ. ਡੀ. ਐੱਮ. ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਖ਼ਤ ਆਦੇਸ਼ ਹਨ ਕਿ ਸਾਰੇ ਕਰਮਚਾਰੀ ਸਰਕਾਰੀ ਦਫਤਰਾਂ ਵਿਚ ਸਰਕਾਰ ਵੱਲੋਂ ਤੈਅ ਸਮੇਂ ਅਨੁਸਾਰ ਕੰਮ ਕਰਨ ਅਤੇ ਆਪਣੀਆਂ ਸੀਟਾਂ 'ਤੇ ਬੈਠ ਕੇ ਜਨਤਾ ਦੀ ਸੁਣਵਾਈ ਕਰਨ ਪਰ ਕਾਫ਼ੀ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕਰਮਚਾਰੀ ਸਮੇਂ 'ਤੇ ਆਪਣੇ ਦਫਤਰਾਂ ਵਿਚ ਨਹੀਂ ਆ ਰਹੇ, ਜਿਸ ਨੂੰ ਪ੍ਰਸ਼ਾਸਨ ਬਰਦਾਸ਼ਤ ਨਹੀਂ ਕਰੇਗਾ ਤੇ ਭਵਿੱਖ ਵਿਚ ਸਖ਼ਤ ਐਕਸ਼ਨ ਲਿਆ ਜਾਵੇਗਾ।