ਐੱਸ. ਸੀ.ਕਮਿਸ਼ਨ ਦੀ ਮੈਂਬਰ ਅਤੇ ਪਰਿਵਾਰ ਦੀ ਗ੍ਰਿਫਤਾਰੀ ਨਾ ਹੋਣ ਤੋਂ ਖਫਾ ਪਰਿਵਾਰਕ ਮੈਂਬਰਾਂ ਨੇ ਦਿੱਤਾ ਧਰਨਾ
Tuesday, Jun 09, 2020 - 04:43 PM (IST)
ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ, ਸਿੰਗਲਾ): ਇਕ ਕਾਂਗਰਸੀ ਆਗੂ ਦਾ ਪੁੱਤਰ ਜੋ ਲੰਘੇ ਹਫਤੇ ਆਪਣੇ ਗੁਆਂਢ 'ਚ ਹੀ ਰਹਿੰਦੀ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਸੀ ਜਿਸ 'ਤੇ ਕੁੜੀ ਦੇ ਪਿਤਾ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮ-ਹੱਤਿਆ ਕਰ ਲਈ ਸੀ ਪਰ ਅਜੇ ਤੱਕ ਉਕਤ ਮਾਮਲੇ 'ਚ ਕੋਈ ਗ੍ਰਿਫਤਾਰੀ ਨਾ ਹੋਣ ਤੋਂ ਖ਼ਫ਼ਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹੋਰਨਾਂ ਲੋਕਾਂ ਨਾਲ ਮਿਲ ਕੇ ਅੱਜ ਮਹਾਵੀਰ ਚੌਕ 'ਚ ਸਥਿਤ ਬਰਨਾਲਾ ਫਲਾਈ ਓਵਰ ਪੁਲ 'ਤੇ ਜਾਮ ਲਾ ਕੇ ਧਰਨਾ ਦਿੱਤਾ ਅਤੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।ਜ਼ਿਕਰਯੋਗ ਹੈ ਲੰਘੇ ਸ਼ੁਕਰਵਾਰ ਨੂੰ ਮ੍ਰਿਤਕ ਸੰਜੀਵ ਕੁਮਾਰ ਦੀ ਲਾਸ਼ ਨੂੰ ਸਥਾਨਕ ਮਹਾਵੀਰ ਚੌਂਕ 'ਚ ਰੱਖ ਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਲੁਧਿਆਣਾ-ਦਿੱਲੀ ਮਾਰਗ 'ਤੇ ਜਾਮ ਲਾ ਦਿੱਤਾ ਸੀ ਅਤੇ ਉਨ੍ਹਾਂ ਉਕਤ ਲੜਕੇ ਅਤੇ ਉਸਦੇ ਬਾਕੀ ਪਰਿਵਾਰਕ ਮੈਂਬਰਾਂ ਅਤੇ ਕੁੜੀ ਦੇ ਪਿਤਾ ਨੂੰ ਆਤਮ-ਹੱਤਿਆ ਕਰਨ ਲਈ ਮਜਬੂਰ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ 'ਤੇ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਸੀ।
ਇਸ ਮੌਕੇ ਡੀ. ਐੱਸ. ਪੀ. ਸਤਪਾਲ ਸ਼ਰਮਾ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਦਿਵਾਉਂਦੇ ਜਾਮ ਖੁੱਲ੍ਹਵਾਇਆ ਸੀ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ ਸੀ ਪਰ ਅੱਜ ਤਿੰਨ ਦਿਨ ਲੰਘਣ ਤੋਂ ਬਾਅਦ ਵੀ ਕੋਈ ਗ੍ਰਿਫਤਾਰੀ ਨਾ ਹੋਣ 'ਤੇ ਮੁੜ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ਼ ਲੈਣ ਲਈ ਧਰਨਾ ਲਾਉਣਾ ਪਿਆ। ਅੱਜ ਦੇ ਧਰਨੇ ਦੌਰਾਨ ਮ੍ਰਿਤਕ ਸੰਜੀਵ ਕੁਮਾਰ ਦੇ ਲੜਕੇ ਬਬਲੂ, ਮਾਤਾ ਚੰਦਾ ਰਾਣੀ ਤੇ ਬੇਟੀ ਇੰਦਰਜੀਤ ਸਣੇ ਹੋਰਨਾਂ ਨੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਕਥਿਤ ਦੋਸ਼ੀਆਂ ਨੂੰ ਬਚਾਉਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਕਤ ਦੋਸ਼ੀ ਪਰਿਵਾਰ ਕਾਂਗਰਸੀ ਹੋਣ ਕਰ ਕੇ ਸਿਆਸੀ ਪਹੁੰਚ ਰੱਖਦਾ ਹੈ ਅਤੇ ਖੁਦ ਲੜਕੇ ਦੀ ਮਾਂ ਪੂਨਮ ਕਾਂਗੜਾ ਐੱਸ. ਸੀ. ਕਮਿਸ਼ਨ ਪੰਜਾਬ ਦੀ ਮੈਂਬਰ ਹੈ ਅਤੇ ਪਿਤਾ ਇਕ ਦਲਿਤ ਮੋਰਚੇ ਦਾ ਆਗੂ ਅਤੇ ਇਕ ਭਰਾ ਸਾਜਨ ਕਾਂਗੜਾ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਦਾ ਪ੍ਰਧਾਨ ਹੈ , ਜਿਸ ਕਾਰਣ ਪੁਲਸ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੋਂ ਹਿਚਕਚਾ ਰਹੀ ਹੈ।
ਪ੍ਰਦਰਸ਼ਨਕਾਰੀਆਂ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਸੂਬੇ ਦੇ ਮੁੱਖ ਮੰਤਰੀ ਕੋਲੋ ਮੰਗ ਕਰਦਿਆਂ ਕਿਹਾ ਕਿ ਕਿ ਕਥਿਤ ਦੋਸ਼ੀਆਂ ਨੂੰ ਤਰੁੰਤ ਉਨ੍ਹਾਂ ਦੇ ਅਹੁਦਿਆਂ ਤੋਂ ਹਟਾਇਆ ਜਾਵੇ ਅਤੇ ਗ੍ਰਿਫ਼ਤਾਰ ਕਰ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। ਇਸ ਧਰਨੇ 'ਚ ਸੱਤਪਾਲ ਧਾਲੀਵਾਲ ਪ੍ਰਧਾਨ ਇੰਟਕ ਕਾਂਗਰਸ, ਦੇਵਿੰਦਰ ਧਾਲੀਵਾਲ, ਅਸ਼ੋਕ ਕੁਮਾਰ ਐੱਮ. ਸੀ., ਸੁਰਿੰਦਰ ਘਾਰੂ, ਹਰੀਸ਼ ਕੁਮਾਰ, ਨਰੇਸ਼ ਰੰਗਾ, ਰਾਜ ਕੁਮਾਰ ਤੇ ਬਲਜੀਤ ਕੌਰ ਜੀਤੀ ਆਦਿ ਸਮੇਤ ਹੋਰ ਵੀ ਮੌਜੂਦ ਸਨ।