ਯੂਕ੍ਰੇਨ ਤੋਂ ਜਲੰਧਰ ਪੁੱਜੀ ਕੁੜੀ ਨੇ ਬਿਆਨ ਕੀਤੇ ਹਾਲਾਤ, ਕਿਹਾ-ਦਹਿਸ਼ਤ ਦੇ ਪਰਛਾਵੇਂ ਹੇਠ ਗੁਜ਼ਾਰੇ 10 ਦਿਨ
Saturday, Mar 05, 2022 - 05:33 PM (IST)
ਜਲੰਧਰ/ਕਪੂਰਥਲਾ (ਗੁਲਸ਼ਨ)– ਰੂਸ-ਯੂਕ੍ਰੇਨ ਵਿਚਕਾਰ ਚੱਲ ਰਹੀ ਜੰਗ ਵਿਚੋਂ ਸਹੀ-ਸਲਾਮਤ ਵਾਪਸ ਪਰਤੀ ਮੈਡੀਕਲ ਦੀ ਵਿਦਿਆਰਥਣ ਸਾਫ਼ੀਆ ਅਗਰਵਾਲ ਸ਼ੁੱਕਰਵਾਰ ਰਾਤੀਂ ਸ਼ਤਾਬਦੀ ਐਕਸਪ੍ਰੈੱਸ ’ਤੇ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਪੁੱਜੀ। ਇਥੇ ਪਹੁੰਚਣ ’ਤੇ ਉਸ ਦੇ ਪਿਤਾ ਰਵੀ ਅਗਰਵਾਲ, ਮਾਤਾ ਪੂਨਮ ਅਗਰਵਾਲ, ਮਾਮੇ ਸਤੀਸ਼ ਅਗਰਵਾਲ ਅਤੇ ਰਾਜੂ ਅਗਰਵਾਲ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੇ ਸਟੇਸ਼ਨ ’ਤੇ ਉਸ ਦਾ ਭਰਵਾਂ ਸੁਆਗਤ ਕੀਤਾ। ਕਪੂਰਥਲਾ ਦੇ ਪਿੰਡ ਫੱਤੂਢੀਂਗਾ ਦੀ ਰਹਿਣ ਵਾਲੀ ਸਾਫ਼ੀਆ ਅਗਰਵਾਲ ਪਿਛਲੇ ਲਗਭਗ 6 ਸਾਲਾਂ ਤੋਂ ਯੂਕ੍ਰੇਨ ਵਿਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ। 2 ਮਹੀਨਿਆਂ ਬਾਅਦ ਉਸ ਨੂੰ ਡਿਗਰੀ ਮਿਲਣੀ ਸੀ ਪਰ ਜੰਗ ਸ਼ੁਰੂ ਹੋਣ ਤੋਂ ਬਾਅਦ ਉਸ ਨੂੰ ਬਿਨਾਂ ਡਿਗਰੀ ਦੇ ਹੀ ਵਾਪਸ ਮੁੜਨਾ ਪਿਆ।
ਸਾਫ਼ੀਆ ਨੇ ਉਥੋਂ ਦੇ ਹਾਲਾਤ ਬਿਆਨ ਕਰਦਿਆਂ ਦੱਸਿਆ ਕਿ ਉਹ ਖਾਰਕੀਵ ਵਿਚ ਰਹਿੰਦੀ ਸੀ। ਜੰਗ ਸ਼ੁਰੂ ਹੋਣ ਤੋਂ ਬਾਅਦ ਉਸ ਨੇ 10 ਦਿਨ ਦਹਿਸ਼ਤ ਦੇ ਪਰਛਾਵੇਂ ਹੇਠ ਗੁਜ਼ਾਰੇ। ਖਾਣ-ਪੀਣ ਦਾ ਸਾਮਾਨ ਲੈਣ ਲਈ ਵੀ ਬਾਹਰ ਆਉਣਾ ਖਤਰੇ ਤੋਂ ਖਾਲੀ ਨਹੀਂ ਸੀ। ਜਿਵੇਂ-ਕਿਵੇਂ ਉਥੋਂ ਉਹ ਟਰੇਨ ਲੈ ਕੇ ਲਵੀਵ ਪੁੱਜੀ। ਇਸ ਤੋਂ ਬਾਅਦ ਟੈਕਸੀ ’ਤੇ ਹੰਗਰੀ ਆਈ। ਹੰਗਰੀ ਦਾ ਬਾਰਡਰ ਕਰਾਸ ਕਰਵਾਉਣ ਲਈ ਭਾਰਤ ਸਰਕਾਰ ਨੇ ਉਸ ਦੀ ਕਾਫ਼ੀ ਮਦਦ ਕੀਤੀ। ਉਥੇ ਭਾਰਤ ਸਰਕਾਰ ਦੇ ਪ੍ਰਤੀਨਿਧੀ ਮੌਜੂਦ ਸਨ। ਸਾਫ਼ੀਆ ਨੇ ਕਿਹਾ ਕਿ ਬੁਡਾਪੇਸਟ ਏਅਰਪੋਰਟ ਤੱਕ ਲਿਜਾਣ ਲਈ ਮੋਦੀ ਸਰਕਾਰ ਨੇ ਯੂਰਪੀਅਨ ਬੱਸ ਦਾ ਪ੍ਰਬੰਧ ਕੀਤਾ ਸੀ। ਦਹਿਸ਼ਤ ਦੇ ਪਰਛਾਵੇਂ ਹੇਠ ਉਥੇ ਪੁੱਜੇ ਵਿਦਿਆਰਥੀਆਂ ਲਈ ਹੋਟਲ ਬੁੱਕ ਕਰਵਾਏ ਗਏ ਸਨ। ਉਥੋਂ ਸ਼ਾਮ 3 ਵਜੇ ਫਲਾਈਟ ਲੈ ਕੇ ਉਹ ਅਗਲੇ ਦਿ ਨ ਤੜਕੇ ਨਵੀਂ ਦਿੱਲੀ ਏਅਰਪੋਰਟ ’ਤੇ ਪੁੱਜੇ।
ਇਹ ਵੀ ਪੜ੍ਹੋ: ਲਾਲ ਪਰੀ ਤੇ ਨੋਟ ਵੰਡਣ ਦੇ ਬਾਵਜੂਦ ਚੋਣ ਨਤੀਜਿਆਂ ਤੋਂ ਪਹਿਲਾਂ ਉਮੀਦਵਾਰਾਂ ਦੀ ਉੱਡੀ ਰਾਤ ਦੀ ਨੀਂਦ !
ਇਸ ਤੋਂ ਬਾਅਦ ਨਵੀਂ ਦਿੱਲੀ ਤੋਂ ਉਹ ਸ਼ਤਾਬਦੀ ਐਕਸਪ੍ਰੈੱਸ ’ਤੇ ਜਲੰਧਰ ਪੁੱਜੀ। ਉਸ ਨੇ ਕਿਹਾ ਕਿ ਆਪਣੇ ਪਰਿਵਾਰ ਦੇ ਵਿਚਕਾਰ ਆ ਕੇ ਉਸ ਨੂੰ ਕਾਫ਼ੀ ਖੁਸ਼ੀ ਮਿਲੀ ਹੈ। ਹਾਲਾਤ ਆਮ ਵਾਂਗ ਹੋਣ ਤੋਂ ਬਾਅਦ ਉਹ ਡਿਗਰੀ ਲੈਣ ਲਈ ਦੁਬਾਰਾ ਯੂਕ੍ਰੇਨ ਜਾਵੇਗੀ। ਇਸ ਮੌਕੇ ਕੌਸ਼ਲ ਅਗਰਵਾਲ, ਸੁਧਾ ਅਗਰਵਾਲ, ਆਰਤੀ ਅਗਰਵਾਲ, ਰਾਹੁਲ ਅਗਰਵਾਲ ਆਦਿ ਵੀ ਮੌਜੂਦ ਸਨ।
ਪ੍ਰਧਾਨ ਮੰਤਰੀ ਮੋਦੀ ਨੇ ਕੀਤੇ ਉੱਚ ਪੱਧਰੀ ਪ੍ਰਬੰਧ : ਸਾਫ਼ੀਆ
ਯੂਕ੍ਰੇਨ ਤੋਂ ਆਈ ਸਾਫ਼ੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਥੇ ਏਅਰਪੋਰਟ ’ਤੇ, ਫਲਾਈਟ ’ਚ ਅਤੇ ਨਵੀਂ ਦਿੱਲੀ ਤੱਕ ਪਹੁੰਚਣ ਲਈ ਉਨ੍ਹਾਂ ਨੂੰ ਉੱਚ ਪੱਧਰੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਖਾਣ-ਪੀਣ ਦਾ ਵਿਸ਼ੇਸ਼ ਧਿਆਨ ਰੱਖਿਆ। ਦਿੱਲੀ ਏਅਰਪੋਰਟ ’ਤੇ ਵੀ ਉਨ੍ਹਾਂ ਦਾ ਸੁਆਗਤ ਕੀਤਾ ਗਿਆ। ਸਾਫ਼ੀਆ ਨੇ ਕਿਹਾ ਕਿ ਯੂਕ੍ਰੇਨ ਤੋਂ ਦਿੱਲੀ ਤੱਕ ਦਾ ਸਾਰਾ ਖ਼ਰਚਾ ਮੋਦੀ ਸਰਕਾਰ ਵੱਲੋਂ ਕੀਤਾ ਗਿਆ। ਗੱਲਬਾਤ ਦੌਰਾਨ ਉਸਨੇ ਵਾਰ-ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ: ਜਲੰਧਰ: ਪਤੀ ਨੂੰ ਛੱਡ ਦੋਸਤ ਦੇ ਘਰ ਰਹਿ ਰਹੀ ਔਰਤ ਨੇ ਖ਼ੁਦ 'ਤੇ ਪੈਟਰੋਲ ਪਾ ਕੇ ਲਾਈ ਅੱਗ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ