ਗ੍ਰਾਮੀਣ ਡਾਕ ਸੇਵਕਾਂ ਨੇ ਤੀਸਰੇ ਦਿਨ ਵੀ ਜਾਰੀ ਰੱਖੀ ਹੜਤਾਲ
Saturday, Aug 19, 2017 - 04:09 AM (IST)
ਬਠਿੰਡਾ,(ਸੁਖਵਿੰਦਰ)- ਡਾਕ ਵਿਭਾਗ ਵੱਲੋਂ ਜੀ. ਡੀ. ਐੱਸ. ਪੇ-ਕਮਿਸ਼ਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਨਾ ਕਰਨ ਦੇ ਵਿਰੋਧ ਵਿਚ ਗ੍ਰਾਮੀਣ ਡਾਕ ਸੇਵਕਾਂ ਨੇ ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਦੀ ਅਗਵਾਈ ਹੇਠ ਅਣਮਿਥੇ ਸਮੇਂ ਲਈ ਸ਼ੁਰੂ ਕੀਤੀ ਹੜਤਾਲ ਤੀਜੇ ਦਿਨ ਵੀ ਜਾਰੀ ਰਹੀ।
ਡਵੀਜ਼ਨ ਸਕੱਤਰ ਬਲਵਿੰਦਰ ਕੌਰ ਖਾਰਾ ਦੀ ਅਗਵਾਈ ਹੇਠ ਮੁਲਾਜ਼ਮਾਂ ਨੇ ਡਾਕਘਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਸੰਬੋਧਨ ਕਰਦਿਆਂ ਡਵੀਜ਼ਨ ਪ੍ਰਧਾਨ ਨਛੱਤਰ ਸਿੰਘ ਤੇ ਬਲਵਿੰਦਰ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਅਧੀਨ ਆਉਂਦੇ ਗ੍ਰਾਮੀਣ ਡਾਕ ਮੁਲਾਜ਼ਮਾਂ ਲਈ ਕੇਂਦਰ ਸਰਕਾਰ ਨੇ ਜੀ. ਡੀ. ਐੱਸ. ਪੇ-ਕਮਿਸ਼ਨ ਕਮੇਟੀ ਦਾ ਗਠਨ ਕੀਤਾ ਸੀ, ਜਿਸ ਨੇ ਆਪਣੀ ਰਿਪੋਰਟ ਕੇਂਦਰ ਸਰਕਾਰ ਨੂੰ ਸੌਂਪ ਦਿੱਤੀ ਹੈ ਪਰ ਭਾਰਤੀ ਡਾਕ ਵਿਭਾਗ ਵੱਲੋਂ ਉਕਤ ਰਿਪੋਰਟ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਦੇਸ਼ ਭਰ ਦੇ 2.65 ਲੱਖ ਮੁਲਾਜ਼ਮਾਂ 'ਚ ਭਾਰੀ ਰੋਸ ਹੈ। ਮੀਤ ਪ੍ਰਧਾਨ ਹੇਮ ਚੰਦ ਖਿਆਲਾ ਨੇ ਕਿਹਾ ਕਿ ਉਕਤ ਰਿਪੋਰਟ ਅਤੇ ਰੈਗੂਲਰ ਹੋਣ ਲਈ ਪਹਿਲਾਂ ਵੀ ਕਈ ਵਾਰ ਰੋਸ ਪ੍ਰਦਰਸ਼ਨ ਕੀਤੇ ਗਏ ਪਰ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।
ਇਸ ਮੌਕੇ ਰਜਿੰਦਰ ਸਿੰਘ ਸਰਦਾਰਗੜ੍ਹ, ਦਰਸ਼ਨ ਸਿੰਘ ਕੋਟਸ਼ਮੀਰ, ਬਲਦੇਵ ਸਿੰਘ, ਸੁਖਵਿੰਦਰ ਸਿੰਘ, ਸਤੀਸ਼ ਕੁਮਾਰ ਲਹਿਰਾਬੇਗਾ, ਅਮਰਜੀਤ ਸਿੰਘ, ਵੀਰਪਾਲ ਜੌੜਕੀਆਂ, ਸੁਖਜੀਤ ਸਿੰਘ, ਬਲਦੇਵ ਸਿੰਘ, ਭੋਲਾ ਰਾਮ, ਸੁਖਬੀਰ ਝੰਡੂਕੇ, ਕੁਲਦੀਪ ਸਿੰਘ ਅਤੇ ਕੁਲਵੰਤ ਸਿੰਘ ਮੁਲਤਾਨੀਆ ਨੇ ਸੰਬੋਧਨ ਕੀਤਾ।
