ਦਿਹਾਤੀ ਮਜ਼ਦੂਰ ਸਭਾ ਨੇ ਪੁਲਸ ਚੌਕੀ ਅੱਗੇ ਧਰਨਾ ਲਾਇਆ
Sunday, Aug 12, 2018 - 01:33 AM (IST)

ਖਡੂਰ ਸਾਹਿਬ (ਕੁਲਾਰ)- ਦਿਹਾਤੀ ਮਜ਼ਦੂਰ ਸਭਾ ਪੰਜਾਬ ਨੇ ਇਕ ਦਲਿਤ ਪਰਿਵਾਰ ਨੂੰ ਪੁਲਸ ਪ੍ਰਸ਼ਾਸਨ ਵੱਲੋਂ ਇਨਸਾਫ ਨਾ ਦੇਣ ਵਿਰੁੱਧ ਤਹਿਸੀਲ ਪ੍ਰਧਾਨ ਜਸਬੀਰ ਸਿੰਘ ਵੈਰੋਵਾਲ, ਪ੍ਰੇਮ ਸਿੰਘ ਸਰਾਂ ਤਲਵੰਡੀ, ਜੋਗਿੰਦਰ ਸਿੰਘ ਖਡੂਰ ਸਾਹਿਬ ਦੀ ਅਗਵਾਈ ’ਚ ਪੁਲਸ ਚੌਕੀ ਖਡੂਰ ਸਾਹਿਬ ਅੱਗੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਗਿਅਾ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਅਮਰੀਕ ਸਿੰਘ ਦਾਊਦ, ਜਸਪਾਲ ਸਿੰਘ ਝਬਾਲ, ਬਲਦੇਵ ਸਿੰਘ ਭੈਲ, ਸਵਰਨ ਸਿੰਘ ਨਾਗੋਕੇ ਤੇ ਹੀਰਾ ਸਿੰਘ ਖਡੂਰ ਸਾਹਿਬ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਵੱਲੋਂ ਦਲਿਤ ਅਤੇ ਗਰੀਬ ਲੋਕਾਂ ਨਾਲ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਪੁਲਸ ਪ੍ਰਸ਼ਾਸਨ ਕੋਲੋਂ ਕਿਸੇ ਨੂੰ ਨਿਆਂ ਨਹੀਂ ਮਿਲ ਰਿਹਾ।
ਜਿਸ ਦੀ ਮਿਸਾਲ ਖਡੂਰ ਸਾਹਿਬ ਦੇ ਇਕ ਦਲਿਤ ਪਰਿਵਾਰ ਤੋਂ ਮਿਲਦੀ ਹੈ ਜਿਸ ਦੀ ਨਾਬਾਲਗ ਲਡ਼ਕੀ ਨੂੰ ਭਲਾਈਪੁਰ ਦਾ ਇਕ ਨੌਜਵਾਨ ਵਰਗਲਾ ਕੇ ਘਰੋਂ ਲੈ ਗਿਆ ਸੀ ਅਤੇ ਪੁਲਸ ਪਾਰਟੀ ਵੱਲੋਂ ਪਰਚਾ ਤਾਂ ਦਰਜ ਕੀਤਾ ਗਿਆ ਹੈ ਪਰ ਕਈ ਮਹੀਨੇ ਬੀਤ ਜਾਣ ’ਤੇ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਨਹੀ ਕੀਤਾ ਗਿਆ। ਸਗੋਂ ਲਗਾਤਾਰ ਟਾਲਮਟੋਲ ਕੀਤਾ ਜਾ ਰਿਹਾ ਹੈ ਅਤੇ ਲਡ਼ਕੀ ਨੂੰ ਲੈ ਕਿ ਜਾਣ ਵਾਲੇ ਬਿਨਾਂ ਕਿਸੇ ਡਰ ਦੇ ਸ਼ਰੇਆਮ ਫਿਰ ਰਹੇ ਹਨ। ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਇਨਸਾਫ ਨਾ ਮਿਲਣ ਤੱਕ ਪੁਲਸ ਚੌਕੀ ਅੱਗੇ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾਰੀ ਰਹੇਗਾ। ਇਸ ਮੌਕੇ ਡੀ.ਅੈੱਸ.ਪੀ ਗੋਇੰਦਵਾਲ ਸਾਹਿਬ ਹਰਦੇਵ ਸਿੰਘ ਬੋਪਾਰਾਏ ਨੇ ਧਰਨਾਕਾਰੀਆਂ ਕੋਲ ਪੁੱਜ ਕੇ ਵਿਸ਼ਵਾਸ ਦਵਾਇਆ ਕਿ ਇਕ ਹਫਤੇ ਦੇ ਅੰਦਰ-ਅੰਦਰ ਲਡ਼ਕੀ ਨੂੰ ਵਰਗਲਾ ਕੇ ਲੈ ਜਾਣ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਜਾਵੇਗਾ ਤਾਂ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ ਅਤੇ ਨਾਲ ਹੀ ਚੇਤਾਵਨੀ ਦਿੱਤੀ ਕਿ ਜੇਕਰ ਇਕ ਹਫਤੇ ਵਿਚ ਪੁਲਸ ਵੱਲੋਂ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਤੋਂ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਗੁਰਦੀਪ ਸਿੰਘ ਵੈਰੋਵਾਲ, ਮਨੋਹਰ ਸਿੰਘ, ਮਨਜੀਤ ਸਿੰਘ ਬਗੂ, ਲੱਖਾ ਸਿੰਘ, ਚਰਨਜੀਤ ਸਿੰਘ ਜਹਾਂਗੀਰ, ਗੁਰਸੇਵਕ ਸਿੰਘ ਖਡੂਰ ਸਾਹਿਬ, ਪ੍ਰਤਾਪ ਸਿੰਘ ਹੋਠੀਆਂ, ਪ੍ਰਗਟ ਸਿੰਘ ਭੈਲ, ਜੋਗਾ ਸਿੰਘ, ਸਰਵਣ ਸਿੰਘ, ਮੇਜਰ ਸਿੰਘ, ਚੈਨ ਸਿੰਘ,ਭਗਵਾਨ ਸਿੰਘ ਬਦੇਸ਼ਾ, ਜਗਰੂਪ ਸਿੰਘ ਅਹਿਮਦਪੁਰ, ਬਲਵਿੰਦਰ ਸਿੰਘ ਵੈਰੋਵਾਲ ਆਦਿ ਹਾਜ਼ਰ ਸਨ।