ਮੰਤਰੀ ਧਾਲੀਵਾਲ ਦਾ ਵੱਡਾ ਖ਼ੁਲਾਸਾ, ਪੁਲਸ ਦੇ ਵੱਡੇ ਅਫ਼ਸਰਾਂ ਨੇ ਵੀ ਪੰਚਾਇਤੀ ਜ਼ਮੀਨਾਂ ’ਤੇ ਕੀਤੇ ਨਾਜਾਇਜ਼ ਕਬਜ਼ੇ

Sunday, Jul 31, 2022 - 04:24 PM (IST)

ਜਲੰਧਰ (ਧਵਨ)-ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਵਿਚ ਅਜਨਾਲਾ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੁਣੇ ਗਏ ਕੁਲਦੀਪ ਸਿੰਘ ਧਾਲੀਵਾਲ ਪਾਰਟੀ ਦੇ ਉਨ੍ਹਾਂ ਸੀਨੀਅਰ ਨੇਤਾਵਾਂ ਵਿਚ ਸ਼ਾਮਲ ਹਨ, ਜਿਨ੍ਹਾਂ ਨੇ ਵਿਰੋਧੀ ਧਿਰ ’ਚ ਰਹਿੰਦਿਆਂ ਆਮ ਆਦਮੀ ਪਾਰਟੀ ਦਾ ਪੱਲਾ ਫੜੀ ਰੱਖਿਆ ਸੀ ਅਤੇ ਪਾਰਟੀ ਦੀ ਮਜ਼ਬੂਤੀ ਲਈ ਲਗਾਤਾਰ ਕੰਮ ਕਰਦੇ ਰਹੇ। ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੌਮੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਲਦੀਪ ਸਿੰਘ ਧਾਲੀਵਾਲ ਦੀ ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਮਿਹਨਤ ਨੂੰ ਵੇਖਦਿਆਂ ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਇਆ। ਕੈਬਨਿਟ ਮੰਤਰੀ ਬਣਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਸਭ ਤੋਂ ਅਹਿਮ ਜ਼ਿੰਮੇਵਾਰੀ ਸੌਂਪੀ, ਜੋਕਿ ਪੇਂਡੂ ਵਿਕਾਸ ਅਤੇ ਪੰਚਾਇਤ ਮਹਿਕਮੇ ਨਾਲ ਸਬੰਧਤ ਸੀ। ਮੁੱਖ ਮੰਤਰੀ ਜਾਣਦੇ ਸਨ ਕਿ ਧਾਲੀਵਾਲ ਹੀ ਅਜਿਹੇ ਕਾਬਲ ਆਗੂ ਹਨ, ਜੋ ਪੰਚਾਇਤਾਂ ਦੀਆਂ ਕਰੋੜਾਂ-ਅਰਬਾਂ ਰੁਪਏ ਦੀਆਂ ਪੰਚਾਇਤਾਂ ਦੀਆਂ ਜ਼ਮੀਨਾਂ ’ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਛੁਡਵਾਉਣ ਦਾ ਜਿਗਰਾ ਰੱਖਦੇ ਹਨ। ਪੰਜਾਬ ਸਰਕਾਰ ਨੇ ਪੰਚਾਇਤੀ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਵੱਡੇ ਪੱਧਰ ’ਤੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਅਗਵਾਈ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕਰ ਰਹੇ ਹਨ। ਇਸ ਸਬੰਧ ’ਚ ਧਾਲੀਵਾਲ ਨਾਲ ਗੱਲਬਾਤ ਕੀਤੀ ਗਈ, ਜਿਸ ਦੇ ਮੁੱਖ ਅੰਸ਼ ਇਸ ਤਰ੍ਹਾਂ ਹਨ :

- ਪੰਚਾਇਤੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਰਸੂਖਦਾਰਾਂ ਨੇ ਕੀਤੇ ਹੋਏ ਹਨ। ਇਸ ਮੁਹਿੰਮ ਨੂੰ ਕਦੋਂ ਤਕ ਸਿਰੇ ਚੜ੍ਹਾਇਆ ਜਾਵੇਗਾ?
ਪੰਜਾਬ ਸਰਕਾਰ ਨੇ ਪੰਚਾਇਤੀ ਜ਼ਮੀਨਾਂ ’ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਰਸੂਖਦਾਰਾਂ ਤੋਂ ਛੁਡਵਾਉਣ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਅਜੇ ਤਾਂ ਸ਼ੁਰੂਆਤ ਹੋਈ ਹੈ। ਅੱਗੇ-ਅੱਗੇ ਵੇਖੋ ਕਈ ਰਸੂਖਦਾਰ ਲੋਕਾਂ ਦੇ ਨਾਂ ਸਾਹਮਣੇ ਆਉਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਸੂਬੇ ਭਰ ’ਚ ਪੰਚਾਇਤੀ ਜ਼ਮੀਨਾਂ ਨੂੰ ਪੂਰੀ ਤਰ੍ਹਾਂ ਕਬਜ਼ਾ ਮੁਕਤ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਬੀਤੇ ਦਿਨੀਂ ਤਾਂ ਚੰਡੀਗੜ੍ਹ ਨੇੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਦੀ ਅਗਵਾਈ ਕੀਤੀ ਸੀ।

ਇਹ ਵੀ ਪੜ੍ਹੋ: ਡੀ. ਜੀ. ਪੀ. ਗੌਰਵ ਯਾਦਵ ਦਾ ਵੱਡਾ ਬਿਆਨ, ਗੈਂਗਸਟਰਾਂ ਦਾ ਛੇਤੀ ਹੀ ਪੰਜਾਬ 'ਚੋਂ ਹੋਵੇਗਾ ਸਫ਼ਾਇਆ

- ਪੰਜਾਬ ’ਚ ਸਰਕਾਰ ਮੁਤਾਬਕ ਕਿੰਨੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਹੋਏ ਹਨ?
ਸਰਕਾਰ ਨੇ ਇਕ ਅੰਦਾਜ਼ਾ ਲਾਇਆ ਹੈ ਕਿ ਸੂਬੇ ਦੀਆਂ ਪੰਚਾਇਤੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ। 50,000 ਏਕੜ ਤੋਂ ਵੱਧ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਕੀਤੇ ਗਏ ਹਨ। ਅਜੇ ਤਾਂ ਸਰਕਾਰ ਨੇ ਇਸ ’ਚੋਂ 9053 ਏਕੜ ਜ਼ਮੀਨ ਨੂੰ ਹੀ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਹੈ। ਸਰਕਾਰ ਦੀ ਇਹ ਮੁਹਿੰਮ ਲਗਾਤਾਰ ਚੱਲਣ ਵਾਲੀ ਹੈ। ਪਿਛਲੇ ਕਈ ਸਾਲਾਂ ਤੋਂ ਰਸੂਖਦਾਰ ਲੋਕਾਂ ਨੇ ਸਿਆਸਤਦਾਨਾਂ ਦੀ ਮਿਲੀਭੁਗਤ ਨਾਲ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ।

- ਕੱਲ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਅਤੇ ਧੀ ਤੋਂ ਚੰਡੀਗੜ੍ਹ ਨੇੜੇ ਸ਼ਿਵਾਲਿਕ ਦੀਆਂ ਪਹਾੜੀਆਂ ਕੋਲ ਨਾਜਾਇਜ਼ ਕਬਜ਼ੇ ਛੁਡਵਾਏ ਗਏ ਸਨ। ਕੀ ਅਜਿਹੇ ਹੋਰ ਵੀ ਸਿਆਸਤਦਾਨ ਹਨ, ਜਿਨ੍ਹਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ?
ਪੰਚਾਇਤਾਂ ਦੀਆਂ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ’ਚ ਕਾਂਗਰਸ ਅਤੇ ਅਕਾਲੀ ਦਲ ਦੇ ਵੱਡੇ ਆਗੂ ਵੀ ਸ਼ਾਮਲ ਹਨ, ਜਿਨ੍ਹਾਂ ਤੋਂ ਆਉਣ ਵਾਲੇ ਦਿਨਾਂ ’ਚ ਪੰਚਾਇਤੀ ਜ਼ਮੀਨਾਂ ਨੂੰ ਵਾਪਸ ਲਿਆ ਜਾਵੇਗਾ।  ਉਨ੍ਹਾਂ ਕਿਹਾ ਕਿ ਕਾਂਗਰਸ, ਅਕਾਲੀ ਦਲ ਦੇ ਚੋਟੀ ਦੇ ਆਗੂਆਂ ਤੋਂ ਇਲਾਵਾ  ਆਈ. ਏ. ਐੱਸ. ਅਤੇ ਆਈ. ਪੀ. ਐੱਸ. ਅਫ਼ਸਰਾਂ ਨੇ ਵੀ ਪੰਚਾਇਤੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।  

- ਕੀ ਤੁਸੀਂ ਇਨ੍ਹਾਂ ਵੱਡੇ ਕਾਂਗਰਸੀ ਅਤੇ ਅਕਾਲੀ ਆਗੂਆਂ ਦੇ ਨਾਂ ਜਨਤਕ ਕਰ ਸਕਦੇ ਹੋ? ਲੋਕਾਂ ਨੂੰ ਇਹ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਕਬਜ਼ਾ ਕਰਨ ਵਾਲਿਆਂ ਵਿਚ ਕਿੰਨੇ ਵੱਡੇ ਆਗੂਆਂ ਦੇ ਨਾਂ ਸ਼ਾਮਲ ਹਨ?
ਅਜੇ ਮੈਂ ਇਨ੍ਹਾਂ ਵੱਡੇ ਆਗੂਆਂ ਦੇ ਨਾਂ ਜਨਤਕ ਨਹੀਂ ਕਰਾਂਗਾ। ਸਰਕਾਰ ਆਪਣੀ ਕਾਨੂੰਨੀ ਪ੍ਰਕਿਰਿਆ ਪੂਰੀ ਕਰੇਗੀ ਅਤੇ ਉਸ ਤੋਂ ਬਾਅਦ ਇਨ੍ਹਾਂ ਚੋਟੀ ਦੇ ਕਾਂਗਰਸੀ ਅਤੇ ਅਕਾਲੀ ਆਗੂਆਂ ਦੇ ਨਾਂ ਆਪਣੇ-ਆਪ ਹੀ ਲੋਕਾਂ ਦੇ ਸਾਹਮਣੇ ਆ ਜਾਣਗੇ। ਜਨਤਾ ਤੋਂ ਕੁਝ ਵੀ ਲੁਕਾ ਕੇ ਨਹੀਂ ਰੱਖਿਆ ਜਾਵੇਗਾ। ਜਨਤਾ ਨੂੰ ਪਤਾ ਹੈ ਕਿ ਕਿਹੜੇ-ਕਿਹੜੇ ਨੇਤਾਵਾਂ ਨੇ ਸਰਕਾਰੀ ਜ਼ਮੀਨਾਂ ’ਤੇ ਕਬਜ਼ੇ ਕੀਤੇ ਹੋਏ ਹਨ। ਭਗਵੰਤ ਮਾਨ ਸਰਕਾਰ ਸਾਰੇ ਵੱਡੇ ਕਾਂਗਰਸੀ ਅਤੇ ਅਕਾਲੀ ਆਗੂਆਂ ਤੋਂ ਵੀ ਕਬਜ਼ੇ ਵਾਲੀਆਂ ਜ਼ਮੀਨਾਂ ਵਾਪਸ ਲਵੇਗੀ। ਕਬਜ਼ੇ ਹਟਾਉਣ ਵਾਲੀ ਮੁਹਿੰਮ ’ਚ ਕਿਸੇ ਵੀ ਆਗੂ ਨੂੰ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਨੂੰ ਇਕ ਈਮਾਨਦਾਰ ਮੁੱਖ ਮੰਤਰੀ ਲੰਬੇ ਸਮੇਂ ਬਾਅਦ ਮਿਲਿਆ ਹੈ ਜਿਸ ਦੇ ਦਿਲ ’ਚ ਪੰਜਾਬੀਆਂ ਲਈ ਦਰਦ ਹੈ।

ਇਹ ਵੀ ਪੜ੍ਹੋ: ਪੰਜਾਬ ’ਚ ਮੁੜ ਪੈਰ ਪਸਾਰਣ ਲੱਗਾ ਕੋਰੋਨਾ, ਹਰਜੋਤ ਬੈਂਸ ਸਣੇ 4 ਸਿਆਸੀ ਆਗੂ ਕੋਰੋਨਾ ਦੀ ਲਪੇਟ ’ਚ

- ਕਾਂਗਰਸ ਅਤੇ ਅਕਾਲੀਆਂ ਦੇ ਚੋਟੀ ਦੇ ਆਗੂਆਂ ਤੋਂ ਇਲਾਵਾ ਕੀ ਕੁਝ ਹੋਰ ਆਗੂ ਵੀ ਹਨ, ਜਿਨ੍ਹਾਂ ਨੇ ਸਰਕਾਰੀ ਜ਼ਮੀਨਾਂ ਦਬਾਈਆਂ ਹਨ?
ਹਾਂ, ਕੁਝ ਆਗੂ ਦੂਜੀਆਂ ਪਾਰਟੀਆਂ ਨਾਲ ਵੀ ਸਬੰਧ ਰੱਖਦੇ ਹਨ। ਆਉਣ ਵਾਲੇ ਦਿਨਾਂ ’ਚ ਉਨ੍ਹਾਂ ਦੇ ਨਾਵਾਂ ਦਾ ਵੀ ਖ਼ੁਲਾਸਾ ਕੀਤਾ ਜਾਵੇਗਾ। ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਇਨ੍ਹਾਂ ਤੋਂ ਇਲਾਵਾ ਕਈ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਹਨ, ਜਿਨ੍ਹਾਂ ਨੇ ਪੰਚਾਇਤਾਂ ਦੀਆਂ ਜ਼ਮੀਨਾਂ ’ਤੇ ਕਬਜ਼ੇ ਕੀਤੇ ਹੋਏ ਹਨ, ਉਨ੍ਹਾਂ ਤੋਂ ਵੀ ਕਬਜ਼ੇ ਛੁਡਵਾਏ ਜਾਣਗੇ। ਪੰਚਾਇਤੀ ਜ਼ਮੀਨਾਂ ਸਰਕਾਰ ਦੀਆਂ ਹਨ ਅਤੇ ਕਬਜ਼ੇ ਛੁਡਵਾਉਣ ਤੋਂ ਬਾਅਦ ਇਹ ਜ਼ਮੀਨਾਂ ਪੰਚਾਇਤਾਂ ਦੇ ਨਾਂ ਦਰਜ ਕਰਵਾਈਆਂ ਜਾ ਰਹੀਆਂ ਹਨ।

- ਪੰਚਾਇਤੀ ਜ਼ਮੀਨਾਂ ਲੰਮੇ ਸਮੇਂ ਤੋਂ ਕਬਜ਼ੇ ਹੇਠ ਹਨ। ਇਨ੍ਹਾਂ ਕਾਬਜ਼ਕਾਰਾਂ ਨੇ ਜ਼ਮੀਨ ਆਪਣੇ ਕਬਜ਼ੇ ਵਿਚ ਕਿਵੇਂ ਲਈ?
ਪਹਿਲਾਂ ਤਾਂ ਪ੍ਰਭਾਵਸ਼ਾਲੀ ਤੇ ਰਸੂਖਦਾਰ ਲੋਕ, ਸਿਆਸਤਦਾਨ ਅਤੇ ਅਧਿਕਾਰੀ ਪਿੰਡਾਂ ਦੀਆਂ ਕੀਮਤੀ ਜ਼ਮੀਨਾਂ ਦਾ ਸਰਵੇ ਕਰਵਾਉਂਦੇ ਹਨ, ਫਿਰ ਇਨ੍ਹਾਂ ਜ਼ਮੀਨਾਂ ਨੂੰ ਠੇਕੇ ’ਤੇ ਲੈ ਲੈਂਦੇ ਹਨ। ਕੁਝ ਸਮੇਂ ਬਾਅਦ ਉਹ ਸਰਕਾਰ ਨੂੰ ਠੇਕੇ ਦੀ ਰਕਮ ਦੇਣਾ ਬੰਦ ਕਰ ਦਿੰਦੇ ਹਨ। ਇਸ ਤਰ੍ਹਾਂ ਇਹ ਜ਼ਮੀਨਾਂ ਇਨ੍ਹਾਂ ਆਗੂਆਂ ਅਤੇ ਰਸੂਖਦਾਰ ਲੋਕਾਂ ਦੇ ਕਬਜ਼ੇ ’ਚ ਆ ਜਾਂਦੀਆਂ ਹਨ। ਸਰਕਾਰ ਇਹ ਵੇਖ ਰਹੀ ਹੈ ਕਿ ਕਿਹੜੀ-ਕਿਹੜੀ ਜ਼ਮੀਨ ’ਤੇ ਠੇਕੇ ਦੀ ਰਕਮ ਸਰਕਾਰ ਨੂੰ ਅਦਾ ਨਹੀਂ ਕੀਤੀ ਗਈ ਹੈ। ਇਨ੍ਹਾਂ ਸਾਰੀਆਂ ਜ਼ਮੀਨਾਂ ਨੂੰ ਸਰਕਾਰ ਵਾਪਸ ਲਵੇਗੀ।

- ਜ਼ਮੀਨਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ। ਕੀ ਤੁਸੀਂ ਇਸ ਸਬੰਧ ’ਚ ਵਿਸਥਾਰ ਨਾਲ ਕੁਝ ਦੱਸ ਸਕਦੇ ਹੋ?
ਪੇਂਡੂ ਖੇਤਰਾਂ ’ਚ ਸਥਿਤ ਜ਼ਮੀਨ ਦੀ ਕੀਮਤ 20 ਲੱਖ ਰੁਪਏ ਪ੍ਰਤੀ ਕਿੱਲਾ ਹੈ। ਸ਼ਹਿਰਾਂ ਦੇ ਨੇੜੇ ਸਥਿਤ ਜ਼ਮੀਨ ਹੋਰ ਵੀ ਮਹਿੰਗੀ ਹੈ। ਇਨ੍ਹਾਂ ਦੇ ਰੇਟ 50 ਲੱਖ ਰੁਪਏ ਪ੍ਰਤੀ ਕਿੱਲੇ ਤੱਕ ਹਨ। ਇਸੇ ਤਰ੍ਹਾਂ ਚੰਡੀਗੜ੍ਹ ਨੇੜੇ ਪੰਚਾਇਤੀ ਜ਼ਮੀਨਾਂ ਦੀ ਕੀਮਤ ਆਸਮਾਨ ਨੂੰ ਛੂਹ ਰਹੀ ਹੈ। ਇਹ 80 ਲੱਖ ਤੋਂ ਇਕ ਕਰੋੜ ਰੁਪਏ ਪ੍ਰਤੀ ਕਿੱਲਾ ਤੱਕ ਵਿਕ ਸਕਦੀ ਹੈ।

ਇਹ ਵੀ ਪੜ੍ਹੋ: ਵੀ. ਸੀ. ਮਾਮਲੇ 'ਤੇ ਬੀਰ ਦਵਿੰਦਰ ਸਿੰਘ ਦੀ ਤਿੱਖੀ ਪ੍ਰਤੀਕਿਰਿਆ, ਕਿਹਾ-ਸਿਹਤ ਮੰਤਰੀ ਖ਼ਿਲਾਫ਼ ਕਾਰਵਾਈ ਕਰੇ 'ਆਪ'

- ਰਸੂਖਦਾਰ ਲੋਕਾਂ ਵੱਲੋਂ ਕਬਜ਼ਾ ਕਰਨ ਤੋਂ ਬਾਅਦ ਇਨ੍ਹਾਂ ਜ਼ਮੀਨਾਂ ਦੀ ਕੀ ਖੇਤੀਬਾੜੀ ਲਈ ਵਰਤੋਂ ਹੁੰਦੀ ਹੈ ਜਾਂ ਫਿਰ ਇਨ੍ਹਾਂ ਦੀ ਉਹ ਨਿੱਜੀ ਵਰਤੋਂ ਕਰਦੇ ਹਨ?
ਅਸਲ ’ਚ ਸਰਕਾਰੀ ਜ਼ਮੀਨਾਂ ’ਤੇ ਕਬਜ਼ਾ ਕਰਨ ਤੋਂ ਬਾਅਦ ਇਹ ਲੋਕ ਉਥੇ ਫਾਰਮ ਹਾਊਸ ਬਣਾ ਲੈਂਦੇ ਹਨ। ਕਈਆਂ ਨੇ ਤਾਂ ਆਪਣੇ ਘਰ ਵੀ ਬਣਾਏ ਹੋਏ ਹਨ। ਆਮ ਤੌਰ ’ਤੇ ਇਨ੍ਹਾਂ ਜ਼ਮੀਨਾਂ ਦੀ ਵਰਤੋਂ ਨਿੱਜੀ ਕੰਮਾਂ ਲਈ ਕੀਤੀ ਜਾ ਰਹੀ ਹੈ। ਸਿਰਫ ਕੁਝ ਥਾਵਾਂ ’ਤੇ ਹੀ ਪੰਚਾਇਤੀ ਜ਼ਮੀਨਾਂ ’ਤੇ ਵਾਹੀ ਕੀਤੀ ਜਾਂਦੀ ਹੈ। ਜ਼ਮੀਨਾਂ ’ਤੇ ਕਬਜ਼ਿਆਂ ਦਾ ਕਾਰਨ ਭਾਵੇਂ ਕੁਝ ਵੀ ਹੋਵੇ ਪਰ ਸਰਕਾਰ ਇਨ੍ਹਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਰਹੇਗੀ।

- ਜ਼ਮੀਨਾਂ ਦੇ ਕਬਜ਼ੇ ਹਟਾਉਣ ਦੇ ਕੰਮ ਨੂੰ ਲੈ ਕੇ ਮੁੱਖ ਮੰਤਰੀ ਅਤੇ ਤੁਹਾਡੀ ਬਹੁਤ ਸ਼ਲਾਘਾ ਹੋਈ ਹੈ?
ਅਸੀਂ ਤਾਂ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਆਪਣਾ ਫਰਜ਼ ਨਿਭਾਇਆ ਹੈ। ਅਸੀਂ ਪੰਜਾਬੀਆਂ ਨਾਲ ਵਾਅਦਾ ਕੀਤਾ ਹੈ ਕਿ ਨਾਜਾਇਜ਼ ਕਬਜ਼ੇ ਛੁਡਵਾਏ ਜਾਣਗੇ ਅਤੇ ਅਸੀਂ ਸਰਕਾਰ ਵਿਚ ਆਉਂਦੇ ਹੀ ਇਹ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਕੰਮ ’ਚ ਸਾਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਭਰਪੂਰ ਸਹਿਯੋਗ ਮਿਲਿਆ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News