ਰੂਪਨਗਰ ਜੇਲ ਦੀ ਜ਼ਮੀਨ ਹੇਠੋਂ ਦੱਬੇ ਮਿਲੇ 5 ਮੋਬਾਇਲ ਤੇ ਇਕ ਰਾਡ
Thursday, Jan 09, 2020 - 12:13 PM (IST)
ਰੂਪਨਗਰ (ਕੈਲਾਸ਼)— ਰੂਪਨਗਰ ਜੇਲ ਦੀ ਜ਼ਮੀਨ ਹੇਠੋਂ 5 ਮੋਬਾਇਲ, ਇਕ ਰਾਡ ਅਤੇ ਕੁਝ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਦੱਸ ਦੇਈਏ ਕਿ ਜ਼ਿਲਾ ਜੇਲ ਰੂਪਨਗਰ ਨੂੰ ਨਸ਼ਾ ਮੁਕਤ ਅਤੇ ਮੋਬਾਈਲ ਮੁਕਤ ਕਰਨ ਦੇ ਉਦੇਸ਼ ਨਾਲ ਜ਼ਿਲਾ ਜੇਲ ਰੂਪਨਗਰ ਦੇ ਸੁਪਰਡੈਂਟ ਜਸਵੰਤ ਸਿੰਘ ਥਿੰਡ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੇਲ ਮੰਤਰੀ ਪੰਜਾਬ ਅਤੇ ਡੀ. ਜੀ. ਪੀ. ਜੇਲ ਪ੍ਰਵੀਨ ਕੁਮਾਰ ਸਿਨਹਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਦੌਰਾਨ ਜ਼ਿਲਾ ਜੇਲ 'ਚ ਜਮੀਨ ਦੇ ਹੇਠ ਦੱਬੇ 5 ਮੋਬਾਇਲ, ਇਕ ਰਾਡ ਅਤੇ ਕੁਝ ਨਸ਼ੀਲਾ ਪਦਾਰਥ ਵੀ ਬਰਾਮਦ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਜੇਲ ਸੁਪਰਡੈਂਟ ਰੂਪਨਗਰ ਜਸਵੰਤ ਸਿੰਘ ਥਿੰਡ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ 'ਚ ਸ਼ਾਮਲ ਮੁਣਸ਼ੀ ਚਮਨ ਲਾਲ ਅਤੇ ਹੋਰ ਕਰਮਚਾਰੀਆਂ ਦੇ ਸਹਿਯੋਗ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ। ਸੁਪਰਡੈਂਟ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜੇਲ ਦੇ ਅੰਦਰ ਕੁਝ ਮੋਬਾਇਲ ਜ਼ਮੀਨ ਦੇ ਹੇਠ ਦਬਾ ਕੇ ਰੱਖੇ ਗਏ ਹਨ, ਜਿਸ ਦਾ ਪਤਾ ਲਾਉਣ ਲਈ ਰੂਪਨਗਰ ਪੁਲਸ ਦੀ ਸਹਾਇਤਾ ਨਾਲ ਇਕ ਵਿਸ਼ੇਸ਼ ਮਸ਼ੀਨ ਮੰਗਵਾਈ ਗਈ ਅਤੇ ਨਾਲ ਹੀ ਡਾਗ ਸਕੁਐਡ ਦੀ ਮਦਦ ਵੀ ਲਈ ਗਈ।
ਉਨ੍ਹਾਂ ਦੱਸਿਆ ਕਿ ਬੈਰਕ ਨੰ. 2 ਅਤੇ 3 ਨੂੰ ਖਾਲੀ ਕਰਵਾਉਣ ਦੇ ਬਾਅਦ ਜਦੋਂ ਉਸ ਦੀ ਚੈਕਿੰਗ ਕੀਤੀ ਗਈ ਤਾਂ ਜ਼ਮੀਨ ਦੇ ਕਰੀਬ 2 ਢਾਈ ਫੁੱਟ ਹੇਠ ਪਲਾਸਟਿਕ ਦੇ ਡੱਬਿਆਂ 'ਚ ਜੇਲ 'ਚ ਬੰਦ ਕੈਦੀਆਂ ਵਲੋਂ ਮੋਬਾਇਲ ਫੋਨ ਦਬਾ ਕੇ ਰੱਖੇ ਗਏ ਸੀ। ਇਸ ਦੇ ਨਾਲ ਹੀ ਇਕ ਰਾਡ ਵੀ ਬਰਾਮਦ ਕੀਤੀ ਗਈ ਜੋ ਕਿ ਕਦੇ ਵੀ ਹਮਲੇ ਲਈ ਇਸਤੇਮਾਲ ਕੀਤੀ ਜਾ ਸਕਦੀ ਸੀ। ਇਸ ਦੇ ਇਲਾਵਾ ਇਕ ਵਿਅਕਤੀ ਦੀ ਤਲਾਸ਼ੀ ਦੌਰਾਨ ਉਸ ਕੋਲੋਂ ਨਸ਼ੀਲਾ ਪਦਾਰਥ ਵੀ ਬਰਾਮਦ ਕੀਤਾ ਗਿਆ ਜੋ ਕਿ ਉਸ ਨੇ ਆਪਣੀਆਂ ਜਾਘਾਂ 'ਚ ਦਬਾ ਕੇ ਰੱਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਸਾਰੇ ਮੋਬਾਇਲਾਂ ਅਤੇ ਰਾਡ ਨੂੰ ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਰੂਪਨਗਰ ਜੇਲ ਨੂੰ ਜੋ ਕਿ ਲੰਬੇ ਸਮੇਂ ਤੋ ਮੋਬਾਇਲ ਅਤੇ ਨਸ਼ੇ ਨੂੰ ਲੈ ਕੇ ਸੁਰਖੀਆਂ 'ਚ ਹੈ ਨੂੰ ਨਸ਼ਾ ਮੁਕਤ ਅਤੇ ਮੋਬਾਇਲ ਮੁਕਤ ਕਰਨ ਲਈ ਸਖਤ ਕਾਰਵਾਈ ਕਰ ਰਹੇ ਹਨ।