ਸੈਕਸ ਰੈਕੇਟ ਦਾ ਭਾਂਡਾ ਭੱਜਾ, 2 ਔਰਤਾਂ ਸਣੇ 3 ਕਾਬੂ

10/09/2017 7:35:39 AM

ਲੁਧਿਆਣਾ, (ਮਹੇਸ਼)- ਨਿਊ ਗੁਰੂ ਰਾਮ ਨਗਰ ਇਲਾਕੇ ਵਿਚ ਬੜੇ ਹੀ ਯੋਜਨਾਬੱਧ ਤਰੀਕੇ ਨਾਲ ਚੱਲ ਰਹੇ ਇਕ ਸੈਕਟ ਰੈਕੇਟ ਦਾ ਭਾਂਡਾ ਭੰਨਦੇ ਹੋਏ ਸਲੇਮ ਟਾਬਰੀ ਪੁਲਸ ਨੇ 2 ਔਰਤਾਂ ਸਣੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਦੋਂਕਿ ਇਸ ਰੈਕੇਟ ਦੀ ਮੁਖੀ ਅਜੇ ਤੱਕ ਪੁਲਸ ਗ੍ਰਿਫਤ 'ਚੋਂ ਬਾਹਰ ਹੈ, ਜਿਸ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।  ਫੜੀਆਂ ਗਈਆਂ ਦੋਵੇਂ ਔਰਤਾਂ 'ਚੋਂ ਇਕ 2 ਬੱਚਿਆਂ ਦੀ ਮਾਂ ਹੈ ਅਤੇ ਉਸ ਦੇ ਪਤੀ ਦੀਆਂ ਕਿਡਨੀਆਂ ਖਰਾਬ ਹੋ ਚੁੱਕੀਆਂ ਹਨ। ਇਨ੍ਹਾਂ ਵਿਚ ਇਕ ਨਿਊ ਸ਼ਿਵਪੁਰੀ ਅਤੇ ਦੂਜੀ ਨਿਊ ਗੁਰੂ ਰਾਮ ਨਗਰ ਇਲਾਕੇ ਦੀ ਰਹਿਣ ਵਾਲੀ ਹੈ, ਜਦੋਂਕਿ ਤੀਜੇ ਦੋਸ਼ੀ ਦੀ ਪਛਾਣ ਕਾਕੋਵਾਲ ਰੋਡ ਹੀਰਾ ਨਗਰ ਦੇ ਗੁਰਦੀਪ ਸਿੰਘ ਵਜੋਂ ਹੋਈ ਹੈ।
ਇਸ ਸਬੰਧੀ ਇਮੋਰਲ ਟ੍ਰੈਫਿਕਿੰਗ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਤਿੰਨਾਂ ਦੋਸ਼ੀਆਂ ਨੂੰ ਐਤਵਾਰ ਡਿਊਟੀ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਜੇਲ ਭੇਜ ਦਿੱਤਾ ਗਿਆ। ਥਾਣਾ ਮੁਖੀ ਇੰਸ. ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇਕ ਔਰਤ ਆਪਣੇ ਘਰ ਵਿਚ ਹੀ ਸੈਕਸ ਰੈਕੇਟ ਚਲਾ ਰਹੀ ਹੈ। ਸੂਚਨਾ ਪੁਖਤਾ ਹੋਣ 'ਤੇ ਉਸ ਔਰਤ ਦੇ ਘਰ ਛਾਪੇਮਾਰੀ ਕਰ ਕੇ ਇਨ੍ਹਾਂ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਵਿਚ ਖੁਲਾਸਾ ਹੋਇਆ ਕਿ ਇਸ ਰੈਕੇਟ ਦੀ ਮੇਨ ਲੀਡਰ ਤਾਜਪੁਰ ਰੋਡ ਇਲਾਕੇ ਦੀ ਰਹਿਣ ਵਾਲੀ ਇਕ ਔਰਤ ਹੈ, ਜੋ ਕਿ ਦੇਹ ਵਪਾਰ ਲਈ ਔਰਤਾਂ ਅਤੇ ਲੜਕੀਆਂ ਮੁਹੱਈਆ ਕਰਵਾਉਂਦੀ ਹੈ। ਪੁਲਸ ਨੇ ਉਸ ਔਰਤ ਨੂੰ ਨਾਮਜ਼ਦ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਗੁਰਦੀਪ ਸਿੰਘ ਉਰਫ ਹੈਪੀ ਦਲਾਲ ਵਜੋਂ ਕੰਮ ਕਰਦਾ ਸੀ। ਘਰ ਦੀ ਮਾਲਕਣ ਇਕ ਗਾਹਕ ਤੋਂ 500 ਤੋਂ ਲੈ ਕੇ 1000 ਰੁਪਏ ਵਸੂਲਦੀ ਸੀ ਅਤੇ ਔਰਤਾਂ ਅਤੇ ਲੜਕੀਆਂ ਨੂੰ 200 ਤੋਂ 300 ਰੁਪਏ ਦਿੰਦੀ ਸੀ, ਜਿਸ ਵਿਚੋਂ ਇਕ ਹਿੱਸਾ ਉਸ ਔਰਤ ਨੂੰ ਵੀ ਪਹੁੰਚਾਇਆ ਜਾਂਦਾ ਸੀ। ਬਰਾੜ ਨੇ ਦੱਸਿਆ ਕਿ ਔਰਤ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ, ਜੋ ਕਿ ਅਜੇ ਫਰਾਰ ਹੈ।


Related News