ਸ਼ੱਕੀ ਵਿਅਕਤੀ ਦੇ ਆਲਟੋ ਗੱਡੀ ਲਾਵਾਰਿਸ ਛੱਡ ਕੇ ਪਾਕਿਸਤਾਨ ’ਚ ਦਾਖ਼ਲ ਹੋਣ ਦੇ ਚਰਚੇ
Wednesday, Apr 05, 2023 - 01:45 AM (IST)
ਅਟਾਰੀ (ਭੀਲ)-ਪਾਕਿਸਤਾਨ ਦੀ ਬਦਨਾਮ ਖੁਫ਼ੀਆ ਏਜੰਸੀ ਆਈ. ਐੱਸ. ਆਈ. ਭਾਰਤ ਵਿਚ ਸਿੱਧੀ-ਅਸਿੱਧੀ ਜੰਗ ਕਰਨ ਲਈ ਪੂਰੀ ਤਰ੍ਹਾਂ ਸਰਗਰਮ ਹੈ। ਦੱਸਿਆ ਜਾਂਦਾ ਹੈ ਕਿ ਸਰਹੱਦੀ ਪਿੰਡ ਰਾਜਾਤਾਲ, ਜੋ ਭਾਰਤ-ਪਾਕਿਸਤਾਨ ਸਰਹੱਦ ਦੇ ਐਨ ਕੰਢੇ ਵਸਿਆ ਹੈ, ਵਿਚ ਇਕ ਵਿਅਕਤੀ ਵੱਲੋਂ ਆਪਣੀ ਆਲਟੋ ਗੱਡੀ ਲਾਵਾਰਿਸ ਹਾਲਤ ’ਚ ਛੱਡ ਕੇ ਪਾਕਿਸਤਾਨ ’ਚ ਦਾਖ਼ਲ ਹੋਣ ਦੇ ਚਰਚੇ ਹਨ।
ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਸਕੂਲਾਂ ਦੀਆਂ ਜ਼ਮੀਨੀ ਹਕੀਕਤਾਂ ਸਮਝਣ ਲਈ ਸਿੱਖਿਆ ਮੰਤਰੀ ਬੈਂਸ ਨੇ ਲਿਆ ਅਹਿਮ ਫ਼ੈਸਲਾ
ਇਹ ਮਾਮਲਾ 23 ਮਾਰਚ ਦਾ ਹੈ। ਸਿਲਵਰ ਰੰਗ ਆਲਟੋ ਗੱਡੀ ਨੰਬਰ ਜੇ. ਐਂਡ ਕੇ. 06 ਏ 9515 ਦੀ ਹੈ, ਜਿਸ ਨੂੰ ਕਿਸੇ ਵਿਅਕਤੀ ਵੱਲੋਂ ਪੀਰ ਲੱਖਦਾਤਾ ਦੀ ਦਰਗਾਹ ’ਤੇ ਲਾਵਾਰਿਸ ਛੱਡ ਕੇ ਪਾਕਿਸਤਾਨ ਵਿਚ ਚਲੇ ਜਾਣ ਦੇ ਚਰਚੇ ਚੱਲ ਰਹੇ ਹਨ। ਦੱਸਿਆ ਜਾਂਦਾ ਹੈ ਕਿ ਉਕਤ ਵਿਅਕਤੀ ਇਕ ਕਰਿਆਨਾ ਸਟੋਰ ’ਤੇ ਆਉਂਦਾ ਹੈ। ਇਕ ਪਾਣੀ ਦੀ ਬੋਤਲ ਖਰੀਦਦਾ ਹੈ। ਦੁਕਾਨ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੇਖਣ ’ਤੇ ਪਤਾ ਲੱਗਦਾ ਹੈ ਕਿ ਅੱਧੇ ਕੁ ਘੰਟੇ ਬਾਅਦ ਉਹ ਵਿਅਕਤੀ ਫਿਰ ਆਉਂਦਾ ਹੈ ਤੇ 2 ਬੋਤਲਾਂ ਪਾਣੀ ਫਿਰ ਖਰੀਦਦਾ ਹੈ ਤੇ ਇਕ ਸਿਗਰਟ ਲੈਟਰ ਵੀ ਲੈਂਦਾ ਹੈ। ਉਸ ਨੇ ਮੂੰਹ ’ਤੇ ਮਾਸਕ ਪਾਇਆ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ : ਭਾਜਪਾ ਆਗੂ ਤਰੁਣ ਚੁੱਘ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈ ਕੇ ‘ਆਪ’ ਸਰਕਾਰ ’ਤੇ ਵਿੰਨ੍ਹਿਆ ਨਿਸ਼ਾਨਾ
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਵਿਅਕਤੀ ਪਾਕਿਸਤਾਨ ਚਲਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਇਸ ਵਿਅਕਤੀ ਦਾ ਅਤਾ-ਪਤਾ ਨਾ ਲੱਗਣ ’ਤੇ ਕੇਂਦਰ ਅਤੇ ਪੰਜਾਬ ਦਾ ਖੁਫ਼ੀਆ ਤੰਤਰ ਬੁਰੀ ਤਰ੍ਹਾਂ ਸਵਾਲਾਂ ਦੇ ਘੇਰੇ ’ਚ ਆ ਗਿਆ ਹੈ। ਇਥੇ ਇਹ ਵੀ ਸਵਾਲ ਉੱਠਦਾ ਹੈ ਕਿ ਜੇਕਰ ਗੱਡੀ ਵਿਚ ਇਕ ਹੀ ਵਿਅਕਤੀ ਸਵਾਰ ਸੀ, ਤਾਂ ਉਸ ਨੇ ਪਾਣੀ ਦੀਆਂ ਬੋਤਲਾਂ ਤਿੰਨ ਕਿਉਂ ਖਰੀਦੀਆਂ ਹਨ। ਸਵਾਲ ਇਹ ਵੀ ਉੱਠਦਾ ਹੈ ਕਿ ਜੰਮੂ-ਕਸ਼ਮੀਰ ਤੋਂ ਚੱਲੀ ਗੱਡੀ ਨੂੰ ਕਿਸੇ ਨਾਕੇ ’ਤੇ ਕਿਉਂ ਨਹੀਂ ਰੋਕਿਆ ਗਿਆ। ਸਰਹੱਦੀ ਪਿੰਡ ਰਾਜਾਤਾਲ ਦੇ ਕਈ ਲੋਕਾਂ ਦਾ ਵੀ ਕਹਿਣਾ ਹੈ ਕਿ ਪਹਿਲਾਂ ਸਾਰਾ ਦਿਨ ਇਹ ਵਿਅਕਤੀ ਸਰਹੱਦੀ ਏਰੀਏ ਦੀ ਰੇਕੀ ਕਰਦਾ ਰਿਹਾ, ਸ਼ਾਮ ਹੁੰਦਿਆਂ ਹੀ ਪੀਰ ਦੀ ਦਰਗਾਹ ’ਤੇ ਮੱਥਾ ਟੇਕਣ ਦਾ ਪੁੱਛ ਕੇ ਗੱਡੀ ਦਰਗਾਹ ’ਤੇ ਖੜ੍ਹੀ ਕਰ ਕੇ ਰੱਫੂਚੱਕਰ ਹੋ ਗਿਆ ਪਰ ਸਰਕਾਰੀ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਹੇ। ਜਦ ਇਸ ਸਬੰਧੀ ਥਾਣਾ ਘਰਿੰਡਾ ਦੇ ਐੱਸ. ਐੱਚ. ਓ. ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੜਤਾਲ ਚੱਲ ਰਹੀ ਹੈ।