ਅਫ਼ਵਾਹ ਜਾਂ ਸੱਚ : ਕੋਰੋਨਾ ਮਰੀਜ਼ਾਂ ਦੀ ਮੌਤ ''ਤੇ ਉਨ੍ਹਾਂ ਦੇ ਅੰਗ ਕੱਢ ਲੈਂਦੇ ਹਨ ਹਸਪਤਾਲ, ਪੜ੍ਹੋ ਪੂਰੀ ਖ਼ਬਰ
Saturday, Sep 05, 2020 - 06:28 PM (IST)

ਲੁਧਿਆਣਾ (ਸਹਿਗਲ) : ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਕੋਰੋਨਾ ਵਾਇਰਸ ਸਬੰਧੀ ਅਫਵਾਹਾਂ ਦਾ ਬਾਜ਼ਾਰ ਗਰਮ ਹੈ। ਇਹ ਅਫ਼ਵਾਹ ਅਜਿਹੀਆਂ ਹਨ, ਜਿਨ੍ਹਾਂ 'ਤੇ ਕੋਈ ਸਮਝਦਾਰ ਤਾਂ ਕੀ ਘੱਟ ਅਕਲ ਵਾਲਾ ਵੀ ਯਕੀਨ ਕਰਨ ਲਈ ਤਿਆਰ ਨਹੀਂ। ਅਜਿਹੀਆਂ ਹੀ ਅਫਵਾਹਾਂ 'ਚ ਇਹ ਕਿਹਾ ਜਾ ਰਿਹਾ ਹੈ ਕਿ ਠੀਕ ਕੋਰੋਨਾ ਮਰੀਜ਼ਾਂ ਨੂੰ ਹਸਪਤਾਲਾਂ 'ਚ ਭਰਤੀ ਹੋਣ 'ਤੇ ਉਸ ਦੇ ਮਰਨ 'ਤੇ ਜਾਂ ਉਸ ਨੂੰ ਮਾਰ ਕੇ ਉਸ ਦੇ ਅੰਗ ਕੱਢ ਕੇ ਵੇਚੇ ਜਾ ਰਹੇ ਹਨ। ਇਕ ਹੋਰ ਅਫਵਾਹ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਮਰੀਜ਼ਾਂ ਦੇ ਹਸਪਤਾਲਾਂ 'ਚ ਭਰਤੀ ਹੋਣ 'ਤੇ ਡਾਕਟਰਾਂ ਨੂੰ ਸਰਕਾਰ ਤੋਂ ਪੈਸੇ ਮਿਲਦੇ ਹਨ। ਇਸ ਮੁੱਦੇ ਨੂੰ ਲੈ ਕੇ ਸ਼ਹਿਰ ਦੇ ਪ੍ਰਮੁੱਖ ਡਾਕਟਰਾਂ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਅਫਵਾਹਾਂ 'ਚ ਕੋਈ ਵੀ ਸੱਚਾਈ ਨਹੀਂ ਹੈ ਅਤੇ ਨਾ ਹੀ ਇਹ ਸੰਭਵ ਹੈ। ਕੋਰੋਨਾ ਮਰੀਜ਼ਾਂ ਬਾਰੇ ਗੱਲ ਕਰੀਏ ਤਾਂ ਠੀਕ ਹੋਣ 'ਤੇ ਉਸ ਨੂੰ ਡਾਕਟਰਾਂ ਵੱਲੋਂ ਭਾਵਪੂਰਨ ਵਿਦਾਇਗੀ ਦਿੱਤੀ ਜਾਂਦੀ ਹੈ। ਇਸ ਮੁੱਦੇ 'ਤੇ ਪੇਸ਼ ਹੈ ਕੁਝ ਪ੍ਰਮੁੱਖ ਡਾਕਟਰਾਂ ਨਾਲ ਗੱਲਬਾਤ ਦੇ ਕੁਝ ਅੰਸ਼ :
ਇਹ ਵੀ ਪੜ੍ਹੋ : ਕੋਰੋਨਾ ਨੂੰ ਹਰਾਉਣ ਵਾਲੀ 58 ਸਾਲਾ ਹਰਭਜਨ ਕੌਰ ਨੇ ਲੋਕਾਂ ਨੂੰ ਸੈਂਪਲਿੰਗ ਕਰਾਉਣ ਦੀ ਕੀਤੀ ਅਪੀਲ
ਕਿਸੇ ਪ੍ਰਕਾਰ ਦਾ ਇਨਫੈਕਸ਼ਨ ਹੋਣ 'ਤੇ ਆਰਗਨ ਟਰਾਂਸਪਲਾਂਟ ਨਹੀਂ ਹੋ ਸਕਦੇ
ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਸੰਦੀਪ ਸ਼ਰਮਾ ਨੇ ਦੱਸਿਆ ਕਿ ਕੋਰੋਨਾ ਮਰੀਜ਼ਾਂ ਦੇ ਅੰਗ ਕਿਸੇ ਵੀ ਹਾਲਤ 'ਚ ਨਹੀਂ ਕੱਢੇ ਜਾ ਸਕਦੇ। ਇਥੋਂ ਤੱਕ ਕਿ ਜੇਕਰ ਉਹ ਖੁਦ ਵੀ ਕਹਿਣਗੇ, ਉਹ ਆਪਣੇ ਅੰਗ ਦਾਨ ਕਰਨਾ ਚਾਹੁੰਦੇ ਹਨ ਤਾਂ ਵੀ ਕੋਈ ਉਨ੍ਹਾਂ ਦੇ ਆਰਗੈਨ ਲੈਣਾ ਹੀ ਨਹੀਂ ਚਾਹੇਗਾ ਕਿਉਂਕਿ ਕਿਸੇ ਤਰ੍ਹਾਂ ਦਾ ਵੀ ਸੰਕ੍ਰਮਣ ਹੋਣ 'ਤੇ ਮਰੀਜ਼ਾਂ ਦੇ ਆਰਗੈਨ ਟਰਾਂਸਪਲਾਂਟ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਫੈਲਣ ਤੋਂ ਬਾਅਦ ਟਰਾਂਸਪਲਾਂਟ ਸਬੰਧੀ ਆਪਰੇਸ਼ਨ ਟਾਲ ਦਿੱਤੇ ਗਏ ਹਨ। ਸਰਕਾਰ ਖੁਦ ਪਲੈਂਟ ਸਰਜਰੀ ਨੂੰ ਅੱਗੇ ਪਾਉਣ ਦੀ ਗੱਲ ਕਰ ਰਹੀ ਹੈ। ਫਿਰ ਇਹ ਇਕ ਅਜਿਹੀ ਬੀਮਾਰੀ ਹੈ, ਜਿਸ ਦਾ ਅਜੇ ਇਲਾਜ ਮੁਹੱਈਆ ਨਹੀਂ ਹੈ ਅਤੇ ਨਾ ਹੀ ਕੋਈ ਵੈਕਸੀਨ ਹੈ। ਅਜਿਹੀਆਂ ਕਈ ਖ਼ਬਰਾਂ ਵੀ ਸਾਹਮਣੇ ਆਈਆਂ ਹਨ ਕਿ ਮਰੀਜ਼ਾਂ ਦਾ ਸਸਕਾਰ ਕਰਨ ਸਮੇਂ ਉਸ ਦੇ ਘਰ ਵਾਲੇ ਉਨ੍ਹਾਂ ਨੂੰ ਛੱਡ ਕੇ ਭੱਜ ਰਹੇ ਹਨ। ਅਜਿਹੇ 'ਚ ਕਿਹੜਾ ਡਾਕਟਰ ਉਨ੍ਹਾਂ ਦੇ ਆਰਗੈਨ ਕੱਢਣਾ ਚਾਹੇਗਾ। ਇਹ ਵੀ ਅਖ਼ਬਾਰਾਂ ਵਿਚ ਆਉਂਦਾ ਰਹਿੰਦਾ ਹੈ ਕਿ ਬਹੁਤ ਸਾਰੇ ਹਸਪਤਾਲ ਕੋਰੋਨਾ ਪੀੜਤ ਮਰੀਜ਼ਾਂ ਦਾ ਇਲਾਜ ਕਰਨ ਲਈ ਤਿਆਰ ਨਹੀਂ ਹੁੰਦੇ ਅਤੇ ਜੋ ਕਰ ਰਹੇ ਹਨ, ਉਨ੍ਹਾਂ ਸਬੰਧੀ ਬਿਨਾਂ ਸਿਰ-ਪੈਰ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਹ ਕੋਰੀ ਅਫ਼ਵਾਹ ਹੈ, ਜੋ ਸੋਸ਼ਲ ਮੀਡੀਆ 'ਤੇ ਫੈਲਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਪਠਾਨਕੋਟ ਪਹੁੰਚੇ ਸੰਨੀ ਦਿਓਲ ਦਾ ਨੌਜਵਾਨਾਂ ਵਲੋਂ ਵਿਰੋਧ, ਲਗਾਏ ਇਹ ਦੋਸ਼
ਪੀ. ਪੀ. ਈ. ਕਿੱਟਾਂ ਪਾ ਕੇ ਮਰੀਜ਼ ਨੂੰ ਮਿਲ ਸਕਦੇ ਨੇ ਪਰਿਵਾਰ ਵਾਲੇ
ਐੱਸ. ਪੀ. ਐੱਸ. ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ.ਆਸ਼ੀਸ਼ ਕੁੰਦਰਾ ਦਾ ਕਹਿਣਾ ਹੈ ਕਿ ਕੋਰੋਨਾ ਮਰੀਜ਼ਾਂ ਦੇ ਆਰਗੈਨ ਕਿਸੇ ਨੂੰ ਟਰਾਂਸਪਲਾਂਟ ਨਹੀਂ ਕੀਤੇ ਜਾ ਸਕਦੇ। ਜਿਥੋਂ ਤੱਕ ਡਾਕਟਰਾਂ ਨੂੰ ਪੈਸੇ ਮਿਲਣ ਵਾਲੀ ਗੱਲ ਹੈ ਤਾਂ ਹਸਪਤਾਲਾਂ ਨੂੰ ਤਾਂ ਹਰ ਮਰੀਜ਼ ਤੋਂ ਪੂਰੇ ਪੈਸੇ ਵੀ ਨਹੀਂ ਮਿਲ ਰਹੇ। ਹਰ ਚੌਥੇ-ਪੰਜਵੇਂ ਕੇਸ ਵਿਚ ਲੋਕ ਬਿੱਲ ਤੋਂ ਪੈਸੇ ਛੁਡਾਉਣ ਆ ਜਾਂਦੇ ਹਨ ਅਤੇ ਡਿਸਕਾਊਂਟ ਨਾ ਦੇਣ 'ਤੇ ਧਰਨੇ ਦੇਣ ਦੀ ਗੱਲ ਕਰਦੇ ਹਨ। ਅਫਵਾਹਾਂ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਰੀਜ਼ਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਅਤੇ ਨਾ ਹੀ ਉਨ੍ਹਾਂ ਦੀ ਮੌਤ ਹੋਣ 'ਤੇ ਉਨ੍ਹਾਂ ਦੀ ਮ੍ਰਿਤਕ ਦੇਹ ਦਿਖਾਈ ਜਾਂਦੀ ਹੈ, ਜਦੋਂਕਿ ਇਹ ਗਲਤ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਮਰੀਜ਼ਾਂ ਦੇ ਪਰਿਵਾਰ ਵਾਲੇ ਪੀ. ਪੀ. ਈ. ਕਿੱਟ ਪਹਿਨ ਕੇ ਮਰੀਜ਼ ਨੂੰ ਮਿਲ ਸਕਦੇ ਹਨ ਅਤੇ ਜਿੱਥੋਂ ਤੱਕ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਗੱਲ ਹੈ ਤਾਂ ਪਰਿਵਾਰ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਵੀ ਕਰ ਸਕਦੇ ਹਨ। ਹਾਲਾਂਕਿ ਹਸਪਤਾਲਾਂ ਵਿਚ ਡਾਕਟਰ ਕੋਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਾਂ ਨੂੰ ਮਿਲਣ ਤੋਂ ਇਸ ਲਈ ਮਨ੍ਹਾ ਕਰਦੇ ਹਨ ਕਿ ਕਿਤੇ ਉਨ੍ਹਾਂ ਦੇ ਸੰਪਰਕ ਵਿਚ ਆ ਕੇ ਉਹ ਵੀ ਕੋਰੋਨਾ ਤੋਂ ਪੀੜਤ ਨਾ ਹੋ ਜਾਵੇ ਅਤੇ ਉਨ੍ਹਾਂ ਨੂੰ ਅਜਿਹਾ ਹਲਾਤ ਤੋਂ ਬਚਣ ਲਈ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : ਖੰਨਾ ਦੇ ਫਲਾਈ ਓਵਰ 'ਤੇ ਵਾਪਰਿਆ ਰੌਂਗਟੇ ਖੜ੍ਹੇ ਕਰਨ ਵਾਲਾ ਹਾਦਸਾ, ਦੇਖ ਨਿਕਲੇਗਾ ਤ੍ਰਾਹ
ਕੌਣ ਲੈਣਾ ਚਾਹੇਗਾ ਕੋਰੋਨਾ ਪੀੜਤਾਂ ਦੇ ਅੰਗ
ਕ੍ਰਿਸਚਿਅਨ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਇਰੈਕਟਰ ਡਾਕਟਰ ਵਿਲੀਅਮ ਭੱਟੀ ਨੇ ਇਸ ਸਬੰਧੀ ਆਪਣੀ ਰਾਏ ਪੇਸ਼ ਕਰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਲੋਕਾਂ ਨੂੰ ਅਜਿਹੀਆਂ ਅਫਵਾਹਾਂ 'ਤੇ ਧਿਆਨ ਹੀ ਨਹੀਂ ਦੇਣਾ ਚਾਹੀਦਾ ਕਿਉਂਕਿ ਕੋਰੋਨਾ ਮਰੀਜ਼ਾਂ ਨੂੰ ਖੁਦ ਲੋੜ ਪੈਣ 'ਤੇ ਹਸਪਤਾਲ ਆਉਣਾ ਲਾਜ਼ਮੀ ਹੈ ਤਾਂ ਹੀ ਉਨ੍ਹਾਂ ਦਾ ਸਹੀ ਢੰਗ ਨਾਲ ਇਲਾਜ ਹੋ ਸਕਦਾ ਹੈ। ਸਰਕਾਰੀ ਹਸਪਤਾਲਾਂ ਵਿਚ ਵੀ ਸਰਕਾਰ ਕਰੋੜਾਂ ਰੁਪਏ ਖ਼ਰਚ ਕਰ ਕੇ ਮਰੀਜ਼ਾਂ ਦਾ ਮੁਫਤ ਇਲਾਜ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਲੋਕਾਂ ਦੇ ਕੰਮ ਕਾਜ ਠੱਪ ਹੋ ਗਏ ਹਨ। ਹਰ ਕੋਈ ਇਸ ਨਾਮੁਰਾਦ ਬੀਮਾਰੀ ਤੋਂ ਪਿੱਛਾ ਛੁਡਾਉਣਾ ਚਾਹੁੰਦਾ ਹੈ। ਫਿਰ ਵੀ ਕੁਝ ਲੋਕ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਮੈਸੇਜ ਵਾਇਰਲ ਕਰ ਰਹੇ ਹਨ। ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਲੋਕਾਂ ਨੂੰ ਇਕ ਗੱਲ ਜਾਣ ਲੈਣੀ ਚਾਹੀਦੀ ਹੈ ਕਿ ਕੋਰੋਨਾ ਪੀੜਤ ਵਿਅਕਤੀ ਜਿਊਂਦਾ ਜਾਂ ਮਰਨ ਉਪਰੰਤ ਵੀ ਆਪਣੇ ਆਰਗੈਨ ਦਾਨ ਕਰਨਾ ਚਾਵੇ ਤਾਂ ਕੋਈ ਉਸ ਨੂੰ ਨਹੀਂ ਲਵੇਗਾ ਕਿਉਂਕਿ ਉਹ ਭਿਆਨਕ ਅਤੇ ਜਾਨਲੇਵਾ ਬੀਮਾਰੀ ਤੋਂ ਪੀੜਤ ਹੈ।