400 ਅਫਸਰਾਂ ਦੇ ਕਲੱਬ ਦੇ ਚਾਰੇ ਪਾਸੇ ਫੈਲੀ ਗੰਦਗੀ

Wednesday, Sep 13, 2017 - 04:02 AM (IST)

400 ਅਫਸਰਾਂ ਦੇ ਕਲੱਬ ਦੇ ਚਾਰੇ ਪਾਸੇ ਫੈਲੀ ਗੰਦਗੀ

ਪਟਿਆਲਾ, (ਬਲਜਿੰਦਰ)- ਜਿੱਥੇ ਇਕ ਪਾਸੇ ਕੇਂਦਰ ਸਰਕਾਰ ਪੂਰੇ ਦੇਸ਼ 'ਚ 'ਸਵੱਛ ਭਾਰਤ ਅਭਿਆਨ' ਨੂੰ ਬੜੀ ਤੇਜ਼ੀ ਨਾਲ ਚਲਾ ਰਹੀ ਹੈ, ਉਥੇ ਪਟਿਆਲਾ ਦੇ 400 ਅਫਸਰਾਂ ਦਾ ਕਲੱਬ ਇਸ ਅਭਿਆਨ ਦਾ ਮੂੰਹ ਚਿੜਾਅ ਰਿਹਾ ਹੈ। ਕਹਿਣ ਨੂੰ ਇਸ ਕਲੱਬ ਦੀ ਸਥਾਪਨਾ ਸਿਰਫ ਅਫਸਰਾਂ ਲਈ ਕੀਤੀ ਗਈ ਹੈ ਅਤੇ ਡਿਪਟੀ ਕਮਿਸ਼ਨਰ ਇਸ ਦਾ ਚੇਅਰਮੈਨ ਹੈ। ਪਿਛਲੇ 2 ਸਾਲਾਂ ਤੋਂ ਚੱਲ ਰਹੇ ਕਲੱਬ ਨੂੰ ਜਾਣ ਵਾਲਾ ਇਕਮਾਤਰ ਰਸਤਾ ਹਮੇਸ਼ਾ ਗੰਦਗੀ ਨਾਲ ਭਰਿਆ ਰਹਿੰਦਾ ਹੈ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਇੱਥੇ ਲਗਾਤਾਰ ਸੀਵਰੇਜ ਦਾ ਪਾਣੀ ਰਸਤੇ ਵਿਚ ਜਮ੍ਹਾ ਰਹਿੰਦਾ ਹੈ, ਜਿੱਥੇ ਮੱਛਰ ਤੋਂ ਕਈ ਬੀਮਾਰੀਆਂ ਫੈਲ ਸਕਦੀਆਂ ਹਨ।  ਇਥੇ ਦੱਸਣਯੋਗ ਹੈ ਕਿ ਲਗਭਗ 2 ਸਾਲ ਪਹਿਲਾਂ ਜ਼ਿਲੇ ਦੇ ਅਫਸਰਾਂ ਲਈ ਡਿਪਟੀ ਕਮਿਸ਼ਨਰ ਵਰੁਣ ਰੂਜਮ ਦੇ ਹੁੰਦਿਆਂ ਇਕ ਕਲੱਬ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਨੂੰ ਉਸ ਸਮੇਂ ਦੇ ਏ. ਡੀ. ਸੀ. ਸ਼੍ਰੀ ਤ੍ਰਿਪਾਠੀ ਨੇ ਪੂਰਾ ਕਰਨ ਦਾ ਬੀੜਾ ਉਠਾਇਆ। ਇਹ ਕਲੱਬ ਬਾਰਾਦਰੀ ਵਿਖੇ ਡੀ. ਐੈੱਸ. ਪੀ. ਸਿਟੀ-1 ਦਫ਼ਤਰ ਦੇ ਨਾਲ ਲਗਦੀਆਂ 3 ਕੋਠੀਆਂ ਵਿਚ ਬਣਾਇਆ ਗਿਆ। ਪੁਰਾਣੀਆਂ ਕੋਠੀਆਂ ਦੀ ਦਿੱਖ ਬਹਾਲ ਕੀਤੀ ਗਈ ਅਤੇ ਅੰਦਰ ਵੀ ਖੁੱਲ੍ਹ ਕੇ ਪੈਸੇ ਖਰਚ ਕੀਤੇ ਗਏ। ਕਲੱਬ ਦਾ ਲਾਅਨ ਵੀ ਸ਼ਾਨਦਾਰ ਬਣਾਇਆ ਗਿਆ ਪਰ ਐਂਟਰੀ ਅੱਜ ਤੱਕ ਵਧੀਆ ਨਹੀਂ ਹੋ ਸਕੀ। 
ਇਸ ਕਲੱਬ ਨੂੰ 2 ਰਸਤੇ ਜਾਂਦੇ ਹਨ। ਇਕ ਰਸਤਾ ਸ਼੍ਰੀ ਕਾਲੀ ਮਾਤਾ ਮੰਦਰ ਦੇ ਸਾਹਮਣੇ ਬਾਰਾਦਰੀ ਨੂੰ ਜਾਂਦੀ ਮੁੱਖ ਸੜਕ ਤੋਂ ਹੋ ਕੇ ਜਾਂਦਾ ਹੈ ਅਤੇ ਦੂਜਾ ਸ਼ੇਰਾਂਵਾਲਾ ਗੇਟ ਦੇ ਸਾਹਮਣੇ ਬਿਲਕੁਲ ਟੱਕਰ ਵਿਚ ਨੀਮਰਾਣਾ ਹੋਟਲ ਤੋਂ ਸੱਜੇ ਪਾਸੇ ਵੱਲ ਬਣਾਇਆ ਗਿਆ ਹੈ। ਇਸ ਨੂੰ ਅੱਜ ਤੱਕ ਖੋਲ੍ਹਿਆ ਹੀ ਨਹੀਂ ਗਿਆ। ਜਿੱਥੋਂ ਤੱਕ ਦੂਜੇ ਰਸਤੇ ਦੀ ਗੱਲ ਹੈ ਤਾਂ ਉਥੇ ਕਈ ਵਾਰ ਸੀਵਰੇਜ ਠੀਕ ਕਰਨ ਦੇ ਬਾਵਜੂਦ ਸੁਧਾਰ ਨਹੀਂ ਹੋਇਆ। ਸੀਵਰੇਜ ਬੈਕ ਮਾਰਨ ਕਾਰਨ ਇਥੇ ਗੰਦਗੀ ਦਾ ਪਸਾਰਾ ਰਹਿੰਦਾ ਹੈ। ਪਹਿਲਾਂ ਤਾਂ ਰਸਤਾ ਹੀ ਸਿੰਗਲ ਸੜਕ ਹੋਣ ਕਾਰਨ ਗੰਦਾ ਰਹਿੰਦਾ ਹੈ, ਦੂਜਾ ਕਲੱਬ ਦੀ ਦੀਵਾਰ ਦੇ ਨਾਲ-ਨਾਲ ਲਗਭਗ ਪੂਰਾ ਸਾਲ ਸੀਵਰੇਜ ਦਾ ਪਾਣੀ ਖੜ੍ਹਾ ਰਹਿੰਦਾ ਹੈ। ਇਸ ਨੂੰ ਕਈ ਵਾਰ ਠੀਕ ਕਰਨ ਦਾ ਯਤਨ ਵੀ ਕੀਤਾ ਗਿਆ ਪਰ ਇਸ ਦੀ ਹਾਲਤ ਸੁਧਰਨ ਦਾ ਨਾਂ ਨਹੀਂ ਲੈ ਰਹੀ। ਜੇਕਰ ਪਿਛਲੇ ਇਕ ਸਾਲ ਦੀ ਗੱਲ ਕਰੀਏ ਤਾਂ ਅਫਸਰਾਂ ਦੇ ਇਸ ਕਲੱਬ ਦੀ ਕਿਸੇ ਨੇ ਸਾਰ ਨਹੀਂ ਲਈ। ਬਾਹਰੀ ਵਿਅਕਤੀ ਇਸ ਕਲੱਬ ਦੇ ਹਾਲਾਤ ਦੇਖੇ ਤਾਂ ਇੰਝ ਲਗਦਾ ਹੈ ਜਿਵੇਂ ਕਿ ਆਮ ਕਿਸੇ ਕਾਲੋਨੀ ਨੂੰ ਰਸਤਾ ਜਾਂਦਾ ਹੋਵੇ। ਉਸ ਦੇ ਕੋਨੇ 'ਤੇ ਗੰਦਗੀ ਦਾ ਢੇਰ ਲੱਗਾ ਹੋਵੇ। 
ਮੈਂਬਰ ਅਫਸਰਾਂ ਕਲੱਬ 'ਚ ਜਾਣਾ ਕੀਤਾ ਘੱਟ : ਇੱਥੇ ਦੱਸਣਯੋਗ ਹੈ ਕਿ ਇਸ ਕਲੱਬ ਦੇ 400 ਮੈਂਬਰ ਹਨ, ਜਿਨ੍ਹਾਂ ਤੋਂ ਹਰ ਮਹੀਨੇ 400 ਦੇ ਲਗਭਗ ਮੰਥਲੀ ਫੀਸ ਲਈ ਜਾਂਦੀ ਹੈ। ਇਸ ਤੋਂ ਇਲਾਵਾ ਹਾਲ ਦੀ ਬੁਕਿੰਗ ਅਤੇ ਇਥੇ ਅੰਦਰ ਬੀਅਰ ਬਾਰ ਤੋਂ ਵੀ ਆਮਦਨ ਹੁੰਦੀ ਹੈ। ਇਸ ਦੇ ਬਾਵਜੂਦ ਰਸਤਾ ਸਹੀ ਨਾ ਹੋਣ ਕਾਰਨ ਹੁਣ ਇਸ ਦੇ ਮੈਂਬਰ ਅਫਸਰਾਂ ਨੇ ਇਥੇ ਜਾਣਾ ਘੱਟ ਕਰ ਦਿੱਤਾ ਹੈ। ਸੀਵਰੇਜ ਦੀ ਸਮੱਸਿਆ ਕਾਰਨ ਡੀ. ਐੈੱਸ. ਪੀ. ਸਿਟੀ-1 ਦਫ਼ਤਰ ਦੇ ਪਿਛਲੇ ਪਾਸੇ ਇਕ ਨਵਾਂ ਗੇਟ ਵੀ ਬਣਾਇਆ ਗਿਆ ਸੀ। ਉਥੇ ਪਾਰਕਿੰਗ ਦੀ ਪ੍ਰੋਵਿਜ਼ਨ ਵੀ ਰੱਖੀ ਗਈ ਸੀ ਪਰ ਪਤਾ ਨਹੀਂ ਕਿਹੜੇ ਕਾਰਨਾਂ ਕਰ ਕੇ ਅਜੇ ਤੱਕ ਇਹ ਗੇਟ ਨਹੀਂ ਖੁੱਲ੍ਹ ਰਿਹਾ? ਇਸ ਨੂੰ ਲੈ ਕੇ ਮੈਂਬਰ ਕੋਈ ਜ਼ਿਆਦਾ ਖੁਸ਼ ਨਹੀਂ ਹਨ। ਜਿਹੜੇ ਰਸਤੇ ਵੱਲ ਹੁਣ ਐਂਟਰੀ ਰੱਖੀ ਗਈ ਹੈ, ਉਥੇ ਪਾਰਕਿੰਗ ਦੀ ਸਮੱਸਿਆ ਵੀ ਬਹੁਤ ਵੱਡੀ ਹੈ। 400 ਮੈਂਬਰਾਂ ਦੀ ਪਾਰਕਿੰਗ ਤਾਂ ਦੂਰ ਇਥੇ ਸਿਰਫ 100 ਵਾਹਨ ਹੀ ਅੰਦਰ ਤੇ ਬਾਹਰ ਮੁਸ਼ਕਲ ਨਾਲ ਖੜ੍ਹੇ ਹੋ ਸਕਦੇ ਹਨ। 


Related News