RTI ਕਮਸ਼ਿਨਰ ਪੰਜਾਬ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫਰੀਦਕੋਟ-3 ਦੇ ਜਮਾਨਤੀ ਵਰੰਟ ਜਾਰੀ
Sunday, Jan 31, 2021 - 12:03 PM (IST)
ਫਰੀਦਕੋਟ (ਜਗਦੀਸ਼) - ਆਰ. ਟੀ. ਆਈ. ਕਮਿਸ਼ਨਰ ਖੁਸ਼ਵੰਤ ਸਿੰਘ ਨੇ ਆਪਣੇ ਇਕ ਹੁਕਮ ਰਾਹੀਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਰੀਦਕੋਟ-3 ਦੇ ਜਮਾਨਤੀ ਵਰੰਟ ਜਾਰੀ ਕਰਨ ਦਾ ਹੁਕਮ ਕੀਤਾ ਹੈ। ਜਾਣਕਾਰੀ ਅਨੁਸਾਰ ਸਾਦਿਕ ਦੇ ਰਹਿਣ ਵਾਲੇ ਰਾਜਬੀਰ ਸਿੰਘ ਵੱਲੋਂ ਪਿੰਡ ਘੁਗਿਆਣਾ ਦੇ ਪ੍ਰਾਇਮਰੀ ਸਕੂਲ ਦੀ ਪਸਵਕ ਕਮੇਟੀ ਦੀ ਕਾਰਵਾਈ ਦਾ ਰਿਕਾਰਡ ਲੈਣ ਲਈ ਬਲਾਕ ਸਿੱਖਿਆ ਅਫ਼ਸਰ, ਬਲਾਕ ਫਰੀਦਕੋਟ-3 ਪਾਸ ਆਰ. ਟੀ. ਆਈ. ਰਾਹੀਂ ਇਕ ਨਕਲ ਲੈਣ ਲਈ ਅਰਜ਼ੀ ਦਿੱਤੀ ਸੀ।
ਇਸ ਬਾਰੇ ਪਹਿਲਾਂ ਉਕਤ ਸਕੂਲ ਦੇ ਉਸ ਸਮੇਂ ਦੇ ਮੁੱਖ ਅਧਿਆਪਕ ਵੱਲੋਂ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਬਲਾਕ ਸਿੱਖਿਆ ਅਧਿਕਾਰੀ ਵੱਲੋਂ ਵਾਰ-ਵਾਰ ਉਕਤ ਜਾਣਕਾਰੀ ਭੇਜਣ ਲਈ ਲਿਖਣ ’ਤੇ ਜੋ ਜਾਣਕਾਰੀ ਦਿੱਤੀ ਗਈ ਉਹ ਵੀ ਸਹੀ ਜਾਣਕਾਰੀ ਨਹੀਂ ਦਿੱਤੀ। ਇਸ ਸਬੰਧੀ ਰਾਜਬੀਰ ਸਿੰਘ ਵੱਲੋਂ ਆਰ. ਟੀ. ਆਈ. ਸਟੇਟ ਕਮਿਸ਼ਨਰ ਕੋਲ ਸ਼ਿਕਾਇਤ ਕੀਤੀ ਗਈ ਸੀ, ਜਿਸ ’ਤੇ ਆਰ. ਟੀ. ਆਈ. ਕਮਿਸ਼ਨਰ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਰੀਦਕੋਟ-3 ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫਰੀਦਕੋਟ-3 ਨਾ ਕੇਵਲ ਹਾਜ਼ਰ ਰਿਹਾ ਸਗੋਂ ਕਮਿਸ਼ਨਰ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਅਣਦੇਖੀ ਕਰਦਿਆਂ ਕੋਈ ਜਵਾਬ ਪੇਸ਼ ਨਹੀਂ ਕੀਤਾ।
ਆਰ. ਟੀ. ਆਈ. ਕਮਿਸ਼ਨਰ ਪੰਜਾਬ ਖੁਸ਼ਵੰਤ ਸਿੰਘ ਵੱਲੋਂ ਉਕਤ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫਰੀਦਕੋਟ-3 ਨੂੰ ਕਾਰਣ ਦੱਸੋ ਨੋਟਿਸ ਜਾਰੀ ਕਰਕੇ ਲਿਖਤੀ ਜਵਾਬ ਪੇਸ਼ ਕਰਨ ਦਾ ਹੁਕਮ ਦਿੱਤੇ ਗਏ ਸਨ ਪਰ ਸਿੱਖਿਆ ਅਧਿਕਾਰੀ ਸੁਣਵਾਈ ’ਤੇ ਹਾਜ਼ਰ ਨਾ ਹੋਏ। ਇਸ ਕਰਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫਰੀਦਕੋਟ-3 ਦੇ ਆਰ. ਟੀ. ਆਈ. ਸਟੇਟ ਕਮਿਸ਼ਨਰ ਵੱਲੋਂ 10 ਮਾਰਚ 2021 ਲਈ ਜਮਾਨਤੀ ਵਰੰਟ ਕੱਢਣ ਦਾ ਹੁਕਮ ਕਰ ਦਿੱਤਾ।