RTA ਦੇ ਡਰਾਈਵਰ ਦੀ ਟ੍ਰਾਂਸਪੋਰਟਰਾਂ ਨਾਲ ਗੰਢਤੁੱਪ! ਚੈਕਿੰਗ ਤੋਂ ਪਹਿਲਾਂ ਹੀ ਲੀਕ ਕਰ ਰਿਹਾ ਜਾਣਕਾਰੀ
Thursday, Jun 27, 2024 - 04:06 PM (IST)
ਲੁਧਿਆਣਾ (ਰਾਮ)- ਆਪਣੇ ਕਾਰਨਾਮਿਆਂ ਨੂੰ ਲੈ ਕੇ ਆਮ ਕਰ ਕੇ ਚਰਚਾ ਵਿਚ ਰਹਿਣ ਵਾਲੇ ਆਰ. ਟੀ. ਏ. ਦਫਤਰ ਦੇ ਡਰਾਈਵਰ ਦਾ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਕ ਆਰ. ਟੀ. ਏ. ਦਾ ਡਰਾਈਵਰ ਟ੍ਰਾਂਸਪੋਰਟਰਾਂ ਨਾਲ ਗੰਢਤੁੱਪ ਕਰ ਚੁੱਕਾ ਹੈ, ਜਿਸ ਏਰੀਆ ਜਾਂ ਰੋਡ ’ਤੇ ਆਰ. ਟੀ. ਏ. ਨੇ ਚੈਕਿੰਗ ਕਰਨੀ ਹੁੰਦੀ ਹੈ, ਉਹ ਪਹਿਲਾਂ ਹੀ ਆਪਣੇ ਪਛਾਣ ਦੇ ਟ੍ਰਾਂਸਪੋਰਟਰਾਂ, ਬੱਸ ਸੰਚਾਲਕਾਂ ਨੂੰ ਜਾਣਕਾਰੀ ਲੀਕ ਕਰ ਦਿੰਦਾ ਹੈ ਅਤੇ ਬਾਕਾਇਦਾ ਉਨ੍ਹਾਂ ਨੂੰ RTA ਦੀ ਲਾਈਵ ਲੋਕੇਸ਼ਨ ਵ੍ਹਟਸਐਪ ’ਤੇ ਭੇਜ ਦਿੰਦਾ ਹੈ। ਉਹ ਆਪਣੀਆਂ ਇਲੀਗਲ ਜਾਂ ਕੰਡਮ ਗੱਡੀਆਂ, ਟੈਕਸੀਆਂ ਉਸ ਰੂਟ ਤੋਂ ਹਟਾ ਲੈਂਦੇ ਹਨ ਜਾਂ ਫਿਰ ਪਿੱਛੇ ਹੀ ਰੋਕ ਲੈਂਦੇ ਹਨ। ਇਸ ਨਾਲ ਉਹ ਆਰ. ਟੀ. ਏ. ਦੀ ਕਾਰਵਾਈ ਤੋਂ ਬਚ ਜਾਂਦੇ ਹਨ।
ਇਸ ਤੋਂ ਬਾਅਦ ਜਦੋਂ ਨਾਕਾ ਹਟਾ ਲਿਆ ਜਾਂਦਾ ਤਾਂ ਉਹ ਫਿਰ ਉਨ੍ਹਾਂ ਨੂੰ ਮੈਸੇਜ ਕਰ ਕੇ ਜਾਣਕਾਰੀ ਦੇ ਦਿੰਦਾ ਹੈ। ਇਸ ਤਰ੍ਹਾਂ ਆਰ. ਟੀ. ਓ. ਦਾ ਡਰਾਈਵਰ ਇਹ ਖੇਡ ਲੰਬੇ ਸਮੇਂ ਤੋਂ ਖੇਡ ਰਿਹਾ ਹੈ ਅਤੇ ਇਸ ਦੇ ਬਦਲੇ ਟ੍ਰਾਂਸਪੋਰਟਰਾਂ ਅਤੇ ਬੱਸ ਸੰਚਾਲਕਾਂ ਤੋਂ ਵਸੂਲੀ ਕਰ ਰਿਹਾ ਹੈ। ਇਸ ਦੇ ਲਈ ਉਸ ਨੇ ਇਕ ਕਰਿੰਦਾ ਵੀ ਤਾਇਨਾਤ ਕੀਤਾ ਹੈ। ਇਹ ਪੈਪਸੂ ਕੰਪਨੀ ਵਿਚ ਤਾਇਨਾਤ ਦੱਸਿਆ ਜਾਂਦਾ ਹੈ। ਇਸ ਸਬੰਧੀ ਵੀ ਹੋਰ ਖੁਲਾਸੇ ਅਗਲੇ ਹਫਤੇ ਕੀਤੇ ਜਾਣਗੇ। ਆਰ. ਟੀ. ਏ. ਦੇ ਇਸ ਡਰਾਈਵਰ ਲਈ ਇਹੀ ਕਰਿੰਦਾ ਟ੍ਰਾਂਸਪੋਰਟਰਾਂ, ਬੱਸ ਸੰਚਾਲਕਾਂ ਅਤੇ ਫੈਕਟਰੀ ਸੰਚਾਲਕਾਂ ਤੋਂ ਲੱਖਾਂ ਦੀ ਵਸੂਲੀ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੰਢਤੁੱਪ ਲੰਬੇ ਸਮੇਂ ਤੋਂ ਚੱਲ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਢਿੱਡ ਪੀੜ ਹੋਣ 'ਤੇ 14 ਸਾਲਾ ਬੱਚੀ ਨੂੰ ਡਾਕਟਰ ਕੋਲ ਲੈ ਗਈ ਮਾਂ, ਰਿਪੋਰਟ ਸਾਹਮਣੇ ਆਈ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ
ਇਹ ਡਰਾਈਵਰ ਆਪਣੀਆਂ ਜੇਬਾਂ ਭਰਨ ਲਈ ਸਰਕਾਰ ਨੂੰ ਲੱਖਾਂ ਰੁਪਏ ਮਹੀਨੇ ਦਾ ਚੂਨਾ ਲਗਾ ਰਿਹਾ ਹੈ। ਇਹ ਆਪਣੇ ਜਾਣਕਾਰੀ ਟ੍ਰਾਂਸਪੋਰਟਰਾਂ ਅਤੇ ਬੱਸ ਸੰਚਾਲਕਾਂ ਨੂੰ ਚੈਕਿੰਗ ਦੀ ਜਾਣਕਾਰੀ ਲੀਕ ਕਰ ਦਿੰਦਾ ਹੈ, ਜਿਸ ਕਾਰਨ ਉਹ ਆਪਣਾ ਰੂਟ ਪਹਿਲਾਂ ਹੀ ਬਦਲ ਲੈਂਦੇ ਹਨ ਜਾਂ ਪਿੱਛੇ ਹੀ ਗੱਡੀਆਂ, ਟੈਕਸੀਆਂ ਰੋਕ ਦਿੰਦੇ ਹਨ। ਇਸ ਨਾਲ ਉਨ੍ਹਾਂ ’ਤੇ ਕਾਰਵਾਈ ਨਹੀਂ ਹੁੰਦੀ। ਅਜਿਹਾ ਕਰਕੇ ਉਹ ਆਪਣੇ ਕਈ ਤਰ੍ਹਾਂ ਦੇ ਟੈਕਸ ਅਤੇ ਜੁਰਮਾਨਾ ਆਦਿ ਬਚਾ ਰਹੇ ਹਨ।
ਜੇਕਰ ਇਨ੍ਹਾਂ ਨਾਜਾਇਜ਼ ਅਤੇ ਕੰਡਮ ਗੱਡੀਆਂ ਦੀ ਚੈਕਿੰਗ ਹੋ ਜਾਵੇ ਤਾਂ ਇਨ੍ਹਾਂ ਨੂੰ ਹਜ਼ਾਰਾਂ ਰੁਪਏ ਜੁਰਮਾਨਾ ਲੱਗਣਾ ਤੈਅ ਹੈ ਕਿਉਂਕਿ ਇਨ੍ਹਾਂ ਦੇ ਕਾਗਜ਼ ਆਦਿ ਪੂਰੇ ਨਹੀਂ ਹੁੰਦੇ ਅਤੇ ਰੋਡ ਟੈਕਸ ਵੀ ਨਹੀਂ ਅਦਾ ਕਰਦੇ ਜਾਂ ਫਿਰ ਇਹ ਸੜਕਾਂ ’ਤੇ ਦੌੜਾਉਣ ਦੇ ਲਾਇਕ ਨਹੀਂ ਹੁੰਦੀਆਂ। ਇਸੇ ਲਈ ਇਹ ਡਰਾਈਵਰ ਨਾਲ ਗੰਢਤੁੱਪ ਵੀ ਕਰਦੇ ਹਨ, ਤਾਂ ਕਿ ਉਨ੍ਹਾਂ ਦੇ ਪੈਸੇ ਬਚ ਜਾਣ। ਇਸ ਨਾਲ ਸਰਕਾਰ ਦੇ ਰੈਵੇਨਿਊ ਨੂੰ ਚੂਨਾ ਲਾਇਆ ਜਾ ਰਿਹਾ ਹੈ।
ਨਿਯਮਾਂ ਮੁਤਾਬਕ ਕੋਈ ਮੁਲਾਜ਼ਮ ਆਰ. ਟੀ. ਏ. ਦਾ ਡਰਾਈਵਰ 1 ਸਾਲ ਤੱਕ ਹੀ ਤਾਇਨਾਤ ਰਹਿ ਸਕਦਾ ਹੈ ਪਰ ਇਸ ਡਰਾਈਵਰ ਨੂੰ ਆਰ. ਟੀ. ਓ. ਦੇ ਨਾਲ 2 ਸਾਲ ਤੋਂ ਜ਼ਿਆਦਾ ਹੋ ਚੁੱਕੇ ਹਨ। ਇਕ ਸਾਲ ਬਾਅਦ ਬਦਲੀ ਕਰਨੀ ਜ਼ਰੂਰੀ ਹੈ ਪਰ ਹੁਣ ਤੱਕ ਉਸ ਦੀ ਬਦਲੀ ਨਾ ਹੋਣ ਦਾ ਫਾਇਦਾ ਉਹ ਜੰਮ ਕੇ ਉਠਾ ਰਿਹਾ ਹੈ।
RTA ਬੋਲੇ : ਸ਼ਿਕਾਇਤ ਆਉਣ ’ਤੇ ਕਰਾਂਗਾ ਕਾਰਵਾਈ
ਇਸ ਸਬੰਧੀ ਜਦੋਂ ਆਰ. ਟੀ. ਏ. ਰਣਦੀਪ ਸਿੰਘ ਹੀਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਜੇ ਮਾਮਲਾ ਉਨ੍ਹਾਂ ਦੇ ਧਿਆਨ ’ਚ ਨਹੀਂ ਹੈ। ਜਿਉਂ ਹੀ ਇਸ ਸਬੰਧੀ ਸ਼ਿਕਾਇਤ ਉਨ੍ਹਾਂ ਕੋਲ ਆਵੇਗੀ ਤਾਂ ਉਹ ਜਾਂਚ ਕਰ ਕੇ ਮੁਲਜ਼ਮ ’ਤੇ ਸਖ਼ਤ ਕਾਰਵਾਈ ਕਰਨਗੇ।ਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8