ਪੰਜਾਬ ''ਚ 38 ਹਜ਼ਾਰ ਕਿਸਾਨਾਂ ਨੂੰ 209 ਕਰੋੜ ਦੇ ਕਰਜ਼ੇ ''ਚ ਰਾਹਤ

06/14/2018 1:00:03 AM

ਚੰਡੀਗੜ੍ਹ (ਬਿਊਰੋ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਹਿਕਾਰੀ ਸੋਸਾਇਟੀਆਂ ਤੋਂ ਕਰਜ਼ਾ ਲੈਣ ਵਾਲੇ 38 ਹਜ਼ਾਰ ਸਰਹੱਦੀ ਕਿਸਾਨਾਂ ਨੂੰ 209 ਕਰੋੜ ਰੁਪਏ ਦੀ ਕਰਜ਼ਾ ਰਾਹਤ ਦੇਣ ਦਾ ਐਲਾਨ ਕੀਤਾ ਹੈ। ਇਹ ਕਰਜ਼ਾ ਰਾਹਤ ਅਗਲੇ 10 ਦਿਨਾਂ ਵਿਚ ਵੰਡੀ ਜਾਵੇਗੀ, ਜਿਸਦੇ ਨਾਲ ਸਰਕਾਰ ਦੀ ਕਰਜ਼ਾ ਰਾਹਤ ਸਕੀਮ ਦਾ ਪਹਿਲਾ ਪੜਾਅ ਮੁਕੰਮਲ ਹੋ ਜਾਵੇਗਾ। ਇਸ ਸਕੀਮ ਦੀ ਪ੍ਰਗਤੀ 'ਤੇ ਤਸੱਲੀ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ 277633 ਸਰਹੱਦੀ ਕਿਸਾਨਾਂ ਨੂੰ ਪਹਿਲੇ ਪੜਾਅ ਦੌਰਾਨ 1525.61 ਕਰੋੜ ਰੁਪਏ ਦੀ ਰਾਹਤ ਮੁਹੱਈਆ ਕਰਵਾਈ ਗਈ ਹੈ। ਇਹ ਰਾਹਤ ਸਿੱਧੇ ਤੌਰ 'ਤੇ ਉਨ੍ਹਾਂ ਦੇ ਖਾਤਿਆਂ ਵਿਚ ਤਬਦੀਲ ਕੀਤੀ ਗਈ ਹੈ।  ਉਨ੍ਹਾਂ ਦੱਸਿਆ ਕਿ ਸਹਿਕਾਰੀ ਸੋਸਾਇਟੀਆਂ ਦੇ ਮੈਂਬਰ 3.43 ਲੱਖ ਸਰਹੱਦੀ ਕਿਸਾਨਾਂ ਵਿਚੋਂ 27179 ਕਿਸਾਨ ਅਯੋਗ ਪਾਏ ਗਏ ਹਨ। ਇਹ ਕਿਸਾਨ ਜਾਂ ਤਾਂ ਸਹਿਕਾਰੀ/ਅਰਧ ਸਹਿਕਾਰੀ ਮੁਲਾਜ਼ਮਾਂ ਵਜੋਂ ਸੇਵਾ ਕਰ ਰਹੇ ਹਨ ਜਾਂ ਉਨ੍ਹਾਂ ਨੇ ਸਕੀਮ ਦੀ ਯੋਗਤਾ ਬਾਰੇ ਮਾਪਦੰਡ ਪੂਰੇ ਨਹੀਂ ਕੀਤੇ। ਇਸ ਤੋਂ ਇਲਾਵਾ 19706 ਹੋਰ ਕਿਸਾਨਾਂ ਨੇ ਲਾਜ਼ਮੀ ਸਵੈ-ਘੋਸ਼ਣਾ ਫਾਰਮ ਪੇਸ਼ ਕਰਨ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਕਿਹਾ ਕਿ ਜੇ ਕਿਸੇ ਕਾਰਨ ਕੋਈ ਯੋਗ ਕਿਸਾਨ ਇਸ ਸਕੀਮ 'ਚੋ ਬਾਹਰ ਰਹਿ ਗਿਆ ਤਾਂ ਉਹ ਇਲਾਕੇ ਦੇ ਸਬ-ਡਵੀਜ਼ਨਲ ਮੈਜੀਸਟ੍ਰੇਟ ਨਾਲ ਸੰਪਰਕ ਕਰ ਸਕਦਾ ਹੈ।
ਦੂਜੇ ਪੜਾਅ 'ਚ ਛੋਟੇ ਕਿਸਾਨਾਂ ਨੂੰ ਮਿਲੇਗੀ ਰਾਹਤ
ਮੁੱਖ ਮੰਤਰੀ ਨੇ ਦੱਸਿਆ ਕਿ ਦੂਜੇ ਪੜਾਅ ਦੌਰਾਨ ਸਹਿਕਾਰੀ ਸੁਸਾਇਟੀਆਂ ਨਾਲ ਸੰਬਧਿਤ ਛੋਟੇ ਕਿਸਾਨਾਂ ਨੂੰ ਰਾਹਤ ਦੀ ਰਕਮ ਵੰਡ ਦਿੱਤੀ ਜਾਵੇਗੀ। ਵਪਾਰਕ ਬੈਂਕਾਂ ਨੇ ਕਰਜ਼ਾ ਲੈਣ ਵਾਲੇ ਕਿਸਾਨਾਂ ਦਾ ਡਾਟਾ ਅਪਲੋਡ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਖੇਤੀਬਾੜੀ ਅਤੇ ਵਿੱਤ ਵਿਭਾਗਾਂ ਨੂੰ ਵਪਾਰਕ ਬੈਂਕਾਂ ਦੇ ਕੰਮ ਸੰਬੰਧੀ ਪੈਰਵੀ ਲਈ ਕਿਹਾ ਹੈ, ਜਿਸ ਨਾਲ ਡਾਟਾ ਤੇਜ਼ੀ ਨਾਲ ਅਪਲੋਡ ਕਰਨ ਨੂੰ ਯਕੀਨੀ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਸਹਿਕਾਰੀ ਸੁਸਾਇਟੀਆਂ ਨਾਲ ਸੰਬੰਧਿਤ ਸਰਹੱਦੀ ਕਿਸਾਨ, ਜਿਨ੍ਹਾਂ ਨੂੰ 2 ਲੱਖ ਦੀ ਰਾਹਤ ਰਾਸ਼ੀ ਪ੍ਰਾਪਤ ਨਹੀਂ ਹੋਈ, ਉਹ ਵਪਾਰਕ ਬੈਂਕਾਂ ਲਈ ਕਰਜ਼ੇ ਦੀ ਬਕਾਇਆ ਰਾਸ਼ੀ ਲਈ ਵੀ ਯੋਗ ਹੋਣਗੇ।


Related News