ਸ਼ਾਹੀ ਤਸਵੀਰ ਚੋਰੀ ਦਾ ਮਾਮਲਾ ਬੰਦ ਕਰਵਾਉਣ ਲਈ ਪੁਲਸ ਨੇ ਅਦਾਲਤ ''ਚ ਦਿੱਤੀ ਅਰਜ਼ੀ

12/27/2017 8:21:57 AM

ਫ਼ਰੀਦਕੋਟ  (ਹਾਲੀ) - ਫ਼ਰੀਦਕੋਟ ਰਿਆਸਤ ਦੇ ਮਹਾਰਾਜਾ ਬਲਬੀਰ ਸਿੰਘ ਦੀ ਇਕ 100 ਸਾਲ ਤੋਂ ਵੱਧ ਪੁਰਾਣੀ ਇਤਿਹਾਸਕ ਅਤੇ ਕੀਮਤੀ ਤਸਵੀਰ ਚੋਰੀ ਹੋਣ ਦੇ ਮਾਮਲੇ ਨੂੰ ਪੁਲਸ 5 ਸਾਲ ਬਾਅਦ ਵੀ ਸੁਲਝਾ ਨਹੀਂ ਸਕੀ। ਹੁਣ ਪੁਲਸ ਨੇ ਇਸ ਮਾਮਲੇ ਨੂੰ ਬੰਦ ਕਰਨ ਲਈ ਅਦਾਲਤ 'ਚ ਅਰਜ਼ੀ ਦਿੱਤੀ ਹੈ, ਜਿਸ ਦੀ ਅਗਲੀ ਸੁਣਵਾਈ 16 ਜਨਵਰੀ, 2018 ਨੂੰ ਹੋਣ ਦੀ ਸੰਭਾਵਨਾ ਹੈ। ਪੁਲਸ ਨੇ ਅਦਾਲਤ 'ਚ ਅਰਜ਼ੀ ਦੇ ਕੇ ਕਿਹਾ ਹੈ ਕਿ ਸ਼ਾਹੀ ਤਸਵੀਰ ਚੋਰੀ ਹੋਣ ਦੇ ਇਲਜ਼ਾਮ, ਜਿਸ ਜੱਜ ਉੱਪਰ ਲੱਗੇ ਸਨ, ਉਹ ਜੱਜ ਕੁਝ ਸਮਾਂ ਪਹਿਲਾਂ ਸੇਵਾ ਮੁਕਤ ਹੋ ਗਏ ਸਨ ਅਤੇ ਹੁਣ ਉਨ੍ਹਾਂ ਦੀ ਮੌਤ ਹੋ ਗਈ ਹੈ। ਪੁਲਸ ਨੇ ਜੱਜ ਦੀ ਮੌਤ ਦਾ ਸਰਟੀਫਿਕੇਟ ਵੀ ਅਦਾਲਤ ਵਿਚ ਪੇਸ਼ ਕੀਤਾ ਹੈ।
ਜ਼ਿਕਰਯੋਗ ਹੈ ਕਿ ਸਿਟੀ ਪੁਲਸ ਨੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਫ਼ਰੀਦਕੋਟ ਦੀ ਸ਼ਿਕਾਇਤ ਦੇ ਆਧਾਰ 'ਤੇ 17 ਸਤੰਬਰ, 2012 ਨੂੰ ਅਣਪਛਾਤੇ ਵਿਅਕਤੀਆਂ ਖਿਲਾਫ਼ ਮਹਾਰਾਜਾ ਬਲਬੀਰ ਸਿੰਘ ਦੀ ਇਤਿਹਾਸਕ ਤਸਵੀਰ ਚੋਰੀ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਸੀ। ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਬਾਕਾਇਦਾ ਤੌਰ 'ਤੇ ਵਿਭਾਗੀ ਜਾਂਚ ਵੀ ਕਰਵਾਈ ਸੀ ਅਤੇ ਜਾਂਚ ਦੌਰਾਨ ਫ਼ਰੀਦਕੋਟ ਰਹੇ ਇਕ ਜੱਜ ਦਾ ਨਾਂ ਇਸ ਤਸਵੀਰ ਗੁੰਮ ਹੋਣ ਦੇ ਮਾਮਲੇ ਨਾਲ ਜੋੜਿਆ ਗਿਆ ਸੀ। ਲੰਬੀ ਜਾਂਚ ਪੜਤਾਲ ਤੋਂ ਬਾਅਦ ਹਾਈਕੋਰਟ ਨੇ ਇਸ ਮਾਮਲੇ 'ਚ ਪਰਚਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫ਼ਰੀਦਕੋਟ ਵਿਖੇ ਇਤਿਹਾਸਕ ਲਾਲ ਕੋਠੀ, ਜਿਸ ਨੂੰ ਜੱਜਾਂ ਦੀ ਰਿਹਾਇਸ਼ ਲਈ ਵਰਤਿਆ ਜਾ ਰਿਹਾ ਹੈ, ਵਿਚ ਮਹਾਰਾਜਾ ਬਲਬੀਰ ਸਿੰਘ ਦੀ 1890 ਵਿਚ ਬਣੀ ਇਤਿਹਾਸਕ ਤਸਵੀਰ ਪਈ ਸੀ, ਜੋ ਉੱਥੋਂ 28 ਅਕਤੂਬਰ, 2010 ਨੂੰ ਕਥਿਤ ਤੌਰ 'ਤੇ ਗੁੰਮ ਹੋ ਗਈ। ਫ਼ਰੀਦਕੋਟ ਦੇ ਜ਼ਿਲਾ ਜੱਜ ਵੱਲੋਂ ਤਸਵੀਰ ਗੁੰਮ ਹੋਣ ਦੇ ਮਾਮਲੇ ਵਿਚ ਇਕ ਸਾਬਕਾ ਜੱਜ ਨੂੰ ਵੀ ਜਾਂਚ ਦੇ ਘੇਰੇ 'ਚ ਲਿਆਂਦਾ ਗਿਆ ਸੀ।
ਸੂਤਰਾਂ ਅਨੁਸਾਰ ਇਹ ਇਤਿਹਾਸਕ ਤਸਵੀਰ ਇਸੇ ਜੱਜ ਦੇ ਕਾਰਜਕਾਲ ਦੌਰਾਨ ਗੁੰਮ ਹੋਈ ਦੱਸੀ ਜਾਂਦੀ ਹੈ। ਤਸਵੀਰ ਦੀ ਕੀਮਤ 40 ਲੱਖ ਦੇ ਕਰੀਬ ਦੱਸੀ ਜਾਂਦੀ ਹੈ ਅਤੇ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਹ ਤਸਵੀਰ ਵਿਦੇਸ਼ ਨਿਲਾਮ ਹੋਈ ਹੈ। ਪੁਲਸ ਦੀ ਅਰਜ਼ੀ 'ਤੇ ਕਾਰਵਾਈ ਕਰਦਿਆਂ ਅਦਾਲਤ ਨੇ ਪਰਚਾ ਦਰਜ ਕਰਵਾਉਣ ਵਾਲੇ ਜੱਜ ਨੂੰ ਨੋਟਿਸ ਜਾਰੀ ਕਰ ਕੇ ਮਾਮਲਾ ਰੱਦ ਹੋਣ ਜਾਂ ਨਾ ਹੋਣ ਬਾਰੇ ਆਪਣਾ ਪੱਖ ਅਦਾਲਤ ਨੂੰ 16 ਜਨਵਰੀ ਤੱਕ ਦੱਸਣ ਲਈ
ਕਿਹਾ ਹੈ।


Related News