ਰੋਟਾਵੇਟਰ ਵੱਜਣ ਨਾਲ ਇਕ ਦੀ ਲੱਤ ਕੱਟੀ, ਦੂਜਾ ਜ਼ਖਮੀ
Monday, Nov 13, 2017 - 11:54 AM (IST)
ਖਿਲਚੀਆਂ (ਅਵਤਾਰ ਜੰਮੂ) - ਖਿਲਚੀਆਂ-ਕਾਲੇਕੇ ਸੜਕ 'ਤੇ 2 ਨੌਜਵਾਨਾਂ 'ਚ ਰੋਟਾਵੇਟਰ ਵੱਜਣ ਨਾਲ ਇਕ ਦੀ ਲੱਤ ਕੱਟਣ ਤੇ ਦੂਸਰੇ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪੀੜਤ ਜਰਮਨਜੀਤ ਸਿੰਘ ਪੁੱਤਰ ਗੁਰਭੇਜ ਸਿੰਘ ਨੇ ਪੁਲਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂ ਤੇ ਮੇਰੇ ਤਾਏ ਦਾ ਲੜਕਾ ਰਸ਼ਪਾਲ ਸਿੰਘ ਪੁੱਤਰ ਗੁਰਮੇਜ ਸਿੰਘ ਦੋਵੇਂ ਖਡੂਰ ਸਾਹਿਬ ਕਾਲਜ ਵਿਖੇ 12ਵੀਂ ਅਤੇ ਬੀ. ਏ. ਫਾਈਨਲ ਜਮਾਤ 'ਚ ਪੜ੍ਹਦੇ ਹਾਂ, ਅਸੀਂ 7 ਨਵੰਬਰ ਨੂੰ ਸਵੇਰੇ ਕਰੀਬ 8 ਵਜੇ ਕਾਲਜ ਜਾਣ ਲਈ ਬੁਲੇਟ ਮੋਟਰਸਾਈਕਲ ਨੰ. ਪੀ ਬੀ 02 ਸੀ ਵੀ 0815 'ਤੇ ਜਿਸ ਨੂੰ ਰਸ਼ਪਾਲ ਸਿੰਘ ਚਲਾ ਰਿਹਾ ਸੀ, ਸੜਕ ਕਿਨਾਰੇ ਕਾਲੇਕੇ ਨਜ਼ਦੀਕ ਆਪਣੇ ਦੋਸਤ ਲਵਪ੍ਰੀਤ ਸਿੰਘ ਨੂੰ ਉਡੀਕ ਰਹੇ ਸੀ, ਉਸੇ ਸਮੇਂ ਸਾਹਮਣੇ ਤੋਂ ਇਕ ਨੀਲੇ ਰੰਗ ਦਾ ਪ੍ਰੀਤ ਟਰੈਕਟਰ ਜਿਸ ਦੇ ਪਿੱਛੇ ਰੋਟਾਵੇਟਰ ਫਿੱਟ ਸੀ ਤੇ ਉਸ ਨੂੰ ਸਾਹਿਬ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਝਾੜੂਨੰਗਲ ਚਲਾ ਰਿਹਾ ਸੀ ਤੇ ਸਿੱਧਾ ਸਾਡੇ ਵੱਲ ਆ ਰਿਹਾ ਸੀ, ਨੂੰ ਡਗ-ਮਗਾਉਂਦਾ ਦੇਖ ਕੇ ਅਸੀਂ ਹੱਥ ਵੀ ਦਿੱਤਾ ਪਰ ਉਸ ਨੇ ਸਿੱਧਾ ਸਾਡੇ ਵਿਚ ਲਿਆ ਮਾਰਿਆ, ਜਿਸ ਨਾਲ ਰੋਟਾਵੇਟਰ ਦੇ ਤਵੇ ਸਾਡੇ ਦੋਵਾਂ ਦੀਆਂ ਸੱਜੀਆਂ ਲੱਤਾਂ ਵਿਚ ਵੱਜੇ, ਜਿਸ ਨਾਲ ਮੇਰੀ ਸੱਜੀ ਲੱਤ ਮੌਕੇ 'ਤੇ ਕੱਟੀ ਗਈ ਤੇ ਰੋਟਾਵੇਟਰ ਵਿਚ ਫਸ ਗਈ ਤੇ ਰਸ਼ਪਾਲ ਸਿੰਘ ਦੀ ਸੱਜੀ ਲੱਤ ਪੂਰੀ ਤਰ੍ਹਾਂ ਪਾਟ ਗਈ। ਅਸੀਂ ਦੋਵਾਂ ਨੇ ਰੋਂਦੇ-ਕੁਰਲਾਉਂਦਿਆਂ ਸਾਹਿਬ ਸਿੰਘ ਨੂੰ ਉੱਚੀ-ਉੱਚੀ ਵਾਜਾਂ ਮਾਰੀਆਂ ਪਰ ਉਹ ਨਹੀਂ ਰੁਕਿਆ ਤੇ ਅੱਗੇ ਜਾ ਕੇ ਰੋਟਾਵੇਟਰ 'ਚ ਫਸੀ ਮੇਰੀ ਲੱਤ ਨੂੰ ਕੱਢ ਕੇ ਸੜਕ ਕਿਨਾਰੇ ਸੁੱਟ ਕੇ ਟਰੈਕਟਰ ਸਮੇਤ ਉਥੋਂ ਭੱਜ ਗਿਆ। ਅਸੀਂ ਆਪਣੇ ਤਾਏ ਦੇ ਲੜਕੇ ਦਵਿੰਦਰ ਸਿੰਘ ਨੂੰ ਟੈਲੀਫੋਨ 'ਤੇ ਘਟਨਾ ਬਾਰੇ ਦੱਸਿਆ, ਜਿਸ ਨੇ ਸਵਾਰੀ ਦਾ ਪ੍ਰਬੰਧ ਕਰ ਕੇ ਸਾਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਤੇ ਸਬੰਧਤ ਪੁਲਸ ਥਾਣਾ ਖਿਲਚੀਆਂ ਨੂੰ ਵੀ ਸੂਚਿਤ ਕੀਤਾ। ਸਾਡੀ ਪੁਲਸ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਹੈ ਕਿ ਕਥਿਤ ਦੋਸ਼ੀ 'ਤੇ ਬਣਦੀ ਕਾਨੂੰਨੀ ਕਾਰਵਾਈ ਕਰ ਕੇ ਸਾਨੂੰ ਇਨਸਾਫ ਦਿਵਾਇਆ ਜਾਵੇ।
ਇਸ ਸਬੰਧੀ ਜਦ ਪੁਲਸ ਥਾਣਾ ਖਿਲਚੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਥਿਤ ਮੁਲਜ਼ਮ ਸਾਹਿਬ ਸਿੰਘ 'ਤੇ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਤੇ ਅਗਲੀ ਕਾਰਵਾਈ ਜਾਰੀ ਹੈ।
