ROSE DAY : ਗੁਲਾਬ ਰਾਹੀਂ ਹੋਵੇਗੀ ਦਿਲ ਦੀ ਗੱਲ
Thursday, Feb 07, 2019 - 12:36 AM (IST)

ਸੁਲਤਾਨਪੁਰ ਲੋਧੀ, (ਧੀਰ)-ਇੰਤਜ਼ਾਰ ਦੀਆਂ ਘਡ਼ੀਆਂ ਖਤਮ ਅੱਜ ਤੋਂ ਸ਼ੁਰੂ ਹੋ ਗਿਆ ਹੈ ਵੈਲੇਨਟਾਈਨਜ਼ ਵੀਕ। ਜਿਸਦਾ ਨੌਜਵਾਨਾਂ ਨੂੰ ਹਰਕੇ ਸਾਲ ਬਹੁਤ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਅੱਜ ਵੈਲੇਨਟਾਈਨਜ਼ ਵੀਕ ਦਾ ਪਹਿਲਾ ਦਿਨ ਹੈ ਰੋਜ਼-ਡੇਅ ਯਾਨੀ ਗੁਲਾਬ ਰਾਹੀਂ ਹੋਵੇਗੀ ਦਿਲ ਦੀ ਗੱਲ। ਨੌਜਵਾਨ ਵੀਰਵਾਰ ਨੂੰ ਗੁਲਾਬ ਦੇ ਕੇ ‘ਫੂਲ ਤੁਮੇ ਭੇਜਾ ਹੈ ਖਤ ਮੇਂ, ਫੂਲ ਨਹੀਂ ਮੇਰਾ ਦਿਲ ਹੈ’ ਗਾਣੇ ਦੀ ਤਰਜ਼ ’ਤੇ ਅੱਖਾਂ ਹੀ ਅੱਖਾਂ ’ਚ ਆਪਣੇ ਪਿਆਰ ਦਾ ਇਜ਼ਹਾਰ ਕਰਨਗੇ। ਵੈਲੇਨਟਾਈਨਜ਼ ਡੇਅ ਨੂੰ ਬੇਸ਼ਕ ਪੱਛਮੀ ਸੱਭਿਅਤਾ ਵਜੋਂ ਜਾਣਿਆ ਜਾਂਦਾ ਹੈ ਪਰ ਬੀਤੇ ਕੁਝ ਸਾਲਾਂ ਤੋਂ ਇਹ ਪੂਰੇ ਉੱਤਰ ਭਾਰਤ ’ਚ ਧੂਮਧਾਮ ਨਾਲ ਮਨਾਇਆ ਜਾਣ ਲੱਗਾ। ਪਹਿਲਾਂ ਵੈਲੇਨਟਾਈਨਜ਼ ਡੇਅ ਬਾਰੇ ਜ਼ਿਆਦਤਰ ਲੋਕਾਂ ਨੂੰ ਪਤਾ ਨਹੀਂ ਸੀ ਪਰ ਸੋਸ਼ਲ ਮੀਡੀਆ ਦੇ ਵੱਧਦੇ ਪ੍ਰਭਾਵਾਂ ਨਾਲ ਇਹ ਕਾਫੀ ਲੋਕਪ੍ਰਿਯ ਹੋ ਗਿਆ ਹੈ। ਵੈਲੇਨਟਾਈਨਜ਼ ਵੀਕ ਦੇ ਪਹਿਲੇ ਦਿਨ ਅੱਜ ਰੋਜ਼-ਡੇਅ ’ਤੇ ਸਾਰੇ ਲੋਕ ਆਪਣੇ ਪਿਆਰ, ਦੋਸਤਾਂ ਜਾਂ ਚਹੇਤਿਆਂ ਨੂੰ ਗੁਲਾਬ ਦੇ ਫੁੱਲ ਭੇਟ ਕਰ ਕੇ ਇਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰਦੇ ਹਨ।
ਸੱਜ ਗਈਆਂ ਦੁਕਾਨਾਂ
ਵੈਲੇਨਟਾਈਨਜ਼ ਵੀਕ ਦੇ ਮੱਦੇਨਜ਼ਰ ਨੌਜਵਾਨਾਂ ਦੀ ਚਾਹਤ ਨੂੰ ਧਿਆਨ ’ਚ ਰੱਖਦਿਆਂ ਦੁਕਾਨਾਂ ਵੀ ਸੱਜ ਗਈਆਂ ਹਨ। ਰੋਜ਼-ਡੇਅ ਮੌਕੇ ਨੌਜਵਾਨਾਂ ਦੇ ਕ੍ਰੇਜ ਨੂੰ ਦੇਖਦੇ ਹੋਏ ਫੁੱਲ ਵੇਚਣ ਵਾਲਿਆਂ ਨੇ ਵੀ ਪੂਰੀ ਤਿਆਰੀ ਕਰ ਲਈ ਹੈ। ਫੁੱਲ ਵੇਚਣ ਵਾਲੇ ਗੋਲੂ ਨੇ ਦੱਸਿਆ ਕਿ ਗੁਲਾਬ ਦਾ ਫੁੱਲ ਆਮ ਤੌਰ ’ਤੇ ਬਹੁਤ ਘੱਟ ਮਿਲਦਾ ਹੈ, ਇਸ ਲਈ ਸਾਨੂੰ ਵਿਸ਼ੇਸ਼ ਤੌਰ ’ਤੇ ਅੱਜ ਦੇ ਦਿਨ ਮੌਕੇ ਪਹਿਲਾਂ ਹੀ ਆਰਡਰ ਦੇਣਾ ਪੈਂਦਾ ਹੈ ਕਿਉਂਕਿ ਇਨ੍ਹਾਂ ਦਿਨਾਂ ’ਚ ਵਿਆਹਾਂ ਦਾ ਵੀ ਸੀਜ਼ਨ ਹੁੰਦਾ ਹੈ, ਜਿਸ ਕਰ ਕੇ ਮੰਗ ਦੁਗਣੀ ਹੋ ਜਾਂਦੀ ਹੈ।
ਵੈਲੇਨਟਾਈਨਜ਼ ਵੀਕ ਨੂੰ ਲੈ ਕੇ ਸ਼ਹਿਰ ਦੀਆਂ ਪ੍ਰਮੁੱਖ ਆਰਟ ਗੈਲਰੀਆਂ ਵੀ ਪੂਰੀ ਤਰ੍ਹਾਂ ਸਜ ਕੇ ਤਿਆਰ ਹਨ। ਨਾਈਨ ਟੂ ਨਾਈਨ ਚਾਈਨਾ ਟਾਊਨ ਗੈਲਰੀ ਵਿਖੇ ਵੱਖ-ਵੱਖ ਤਰ੍ਹਾਂ ਦੇ ਗਿਫਟ, ਗਰੀਟਿੰਗ ਕਾਰਡ, ਟੈਡੀ ਬੀਅਰ, ਚਾਕਲੇਟ, ਕੀ ਚੇਨ, ਪਰਫਿਊਮ, ਡਾਇਰੀ ਤੇ ਹੋਰ ਬਹੁਤ ਸਾਰੇ ਗਿਫਟ ਨੌਜਵਾਨਾਂ ਨੂੰ ਲੁਭਾ ਰਹੇ ਹਨ।
ਚੋਰੀ-ਚੋਰੀ ਹੋਵੇਗਾ ਇਜ਼ਹਾਰ
ਸੁਲਤਾਨਪੁਰ ਲੋਧੀ ਵੀ ਇਕ ਛੋਟਾ ਜਿਹਾ ਕਸਬਾ ਮੰਨਿਆ ਜਾਂਦਾ ਹੈ ਪਰ ਫਿਰ ਵੀ ਇਥੇ ਦੇ ਨੌਜਵਾਨਾਂ ਨੇ ਵੈਲੇਨਟਾਈਨਜ਼ ਵੀਕ ਦੀ ਤਿਆਰੀ ਪੂਰੀ ਕੀਤੀ ਹੋਈ ਹੈ। ਹਲਕੇ ਦੇ ਮਾਹੌਲ ਦੇ ਹਿਸਾਬ ਨਾਲ ਚਾਹੇ ਇਥੇ ਉਹ ਰੌਣਕ ਦਿਖਾਈ ਨਾ ਦੇਵੇ ਪਰ ਇਹ ਪੱਕਾ ਜ਼ਰੂਰ ਹੈ ਕਿ ਦਿਲ ਮਿਲਣਗੇ ਤੇ ਦੋਵਾਂ ’ਚ ਇਜ਼ਹਾਰ ਹੀ ਹੋਵੇਗਾ ਫਿਰ ਉਹ ਭਾਵੇਂ ਚੋਰੀ-ਚੋਰੀ ਹੀ ਕਿਉਂ ਨਾ ਹੋਵੇ।
ਹਰ ਰੰਗ ਦੇ ਗੁਲਾਬ ਦੀ ਮਹੱਤਤਾ
ਰਿਸ਼ਤਿਆਂ ਨੂੰ ਮਜ਼ਬੂਤ ਕਰਨ ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਹੋਣ ਦੇ ਇਰਾਦੇ ਨਾਲ ਅਸੀਂ ਗੁਲਾਬ ਦਾ ਫੁੱਲ ਭੇਟ ਕਰਦੇ ਹਾਂ। ਜਿਥੇ ਰੈੱਡ ਰੋਜ਼ ਪਿਆਰ, ਜਨੂਨ ਤੇ ਸੁੰਦਰਤਾ ਦਾ ਪ੍ਰਤੀਕ ਹੈ, ਉਥੇ ਹੀ ਪੀਲਾ ਗੁਲਾਬ ਦੋਸਤਾਂ ਨੂੰ ਰੋਜ਼-ਡੇਅ ਵਿਸ਼ ਕਰਨ ਲਈ ਦਿੱਤਾ ਜਾਂਦਾ ਹੈ। ਅੌਰੇਂਜ ਗੁਲਾਬ ਆਪਣੀ ਇੱਛਾ ਪ੍ਰਗਟ ਕਰਨ ਲਈ ਦਿੱਤਾ ਜਾਂਦਾ ਹੈ ਤੇ ਪਿੰਕ ਰੋਜ਼ ਧੰਨਵਾਦ ਤੇ ਸ਼ਲਾਘਾ ਕਰਨ ਲਈ ਦਿੱਤਾ ਜਾਂਦਾ ਹੈ। ਨਾਰੰਗੀ ਗੁਲਾਬ ਮਨ ਮੋਹ ਲੈਣ ਤੇ ਉਤਸ਼ਾਹ ਨੂੰ ਵਧਾਉਣ ਵਾਲਾ ਹੈ, ਉੱਥੇ ਸਫੇਦ ਗੁਲਾਬ ਮੁਆਫੀ ਮੰਗਣ ਲਈ ਦਿੱਤਾ ਜਾਂਦਾ ਹੈ। ਇਸ ਲਈ ਸਭ ਤੋਂ ਪਹਿਲਾਂ ਆਪਣੇ ਪਾਰਟਨਰ ਨੂੰ ਵਿਸ਼ ਕਰਨ ਜਾਂ ਪ੍ਰਪੋਜ਼ ਕਰਨ ਲਈ ਗੁਲਾਬ ਦੀ ਚੋਣ ਕਰੋ ਤੇ ਉਸਨੂੰ ਉਸਦੀ ਮਹੱਤਤਾ ਦੱਸੋ। ਆਪਣੇ ਦਿਲ ਅਜੀਜ਼ ਨੂੰ ਗੁਲਾਬ ਦਾ ਗੁਲਦਸਤਾ ਦੇਣ ਦੇ ਨਾਲ-ਨਾਲ ਇਕ ਪਿਆਰਾ ਜਿਹਾ ਸੰਦੇਸ਼ ਭੇਜਣਾ ਨਾ ਭੁੱਲੋ।