ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਦਾ ਵੱਡਾ ਬਿਆਨ, ਵਿਰੋਧੀ ਪਾਰਟੀਆਂ ਪੰਜਾਬ ਦਾ ਵਿਕਾਸ ਹੀ ਨਹੀਂ ਚਾਹੁੰਦੀਆਂ

Wednesday, Apr 05, 2023 - 11:56 AM (IST)

ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਦਾ ਵੱਡਾ ਬਿਆਨ, ਵਿਰੋਧੀ ਪਾਰਟੀਆਂ ਪੰਜਾਬ ਦਾ ਵਿਕਾਸ ਹੀ ਨਹੀਂ ਚਾਹੁੰਦੀਆਂ

ਜਲੰਧਰ/ਰੋਪੜ (ਜਗਵੰਤ ਬਰਾੜ)-ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ’ਚ ਸੱਤਾ ’ਚ ਆਏ ਇਕ ਸਾਲ ਹੋ ਗਿਆ ਹੈ। ਸੱਤਾ ਧਿਰ ਦੇ ਨੇਤਾ ਆਪਣੀਆਂ ਇਕ ਸਾਲ ਦੀਆਂ ਪ੍ਰਾਪਤੀਆਂ ਗਿਣਾ ਰਹੇ ਹਨ ਤਾਂ ਵਿਰੋਧੀ ਪਾਰਟੀਆਂ ਸਰਕਾਰ ਦੀਆਂ ਨਾਕਾਮੀਆਂ ਨੂੰ ਮੁੱਦਾ ਬਣਾ ਕੇ ਜਨਤਾ ਦੇ ਸਾਹਮਣੇ ਪੇਸ਼ ਕਰ ਰਹੀਆਂ ਹਨ। ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਪੰਜਾਬ ’ਚ ਡਰੱਗਜ਼ ਅਤੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਵੀ ਮੁੱਦੇ ਦੇ ਰੂਪ ’ਚ ਪੇਸ਼ ਕਰ ਰਹੀਆਂ ਹਨ। 10 ਮਈ ਨੂੰ ਜਲੰਧਰ ਲੋਕ ਸਭਾ ਸੀਟ ’ਤੇ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਵਿਰੋਧੀਆਂ ਵੱਲੋਂ ਬਣਾਏ ਜਾ ਰਹੇ ਮੁੱਦਿਆਂ ਦਾ ਜ਼ਿਮਨੀ ਚੋਣ ’ਤੇ ਕੀ ਅਸਰ ਹੋਵੇਗਾ, ਇਸ ਸਬੰਧ ’ਚ ਜਦੋਂ ‘ਜਗ ਬਾਣੀ’ ਦੇ ਪੱਤਰਕਾਰ ਵੱਲੋਂ ਰੋਪੜ ਤੋਂ ਵਿਧਾਇਕ ਦਿਨੇਸ਼ ਕੁਮਾਰ ਚੱਢਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇਤਾਵਾਂ ਦੇ ਸੱਤਾ ਦੇ ਸਮੇਂ ਪੰਜਾਬ ’ਚ ਉੱਤਰ ਪ੍ਰਦੇਸ਼ ਤੋਂ ਗੈਂਗਸਟਰ ਜੇਲਾਂ ’ਚ ਆ ਗਏ ਸਨ ਅਤੇ ਪੰਜਾਬ ਦੀਆਂ ਸੜਕਾਂ ’ਤੇ ਗੁੰਡਾਗਰਦੀ ਦਾ ਨਾਚ ਹੁੰਦਾ ਸੀ, ਉਹ ਨੇਤਾ ਅੱਜ ਲਾਅ ਐਂਡ ਆਰਡਰ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਰਗੀਆਂ ਘਟਨਾਵਾਂ ਹੋ ਗਈਆਂ, ਅੱਜ ਉਹ ਲੋਕ ਲਾਅ ਐਂਡ ਆਰਡਰ ਦੀਆਂ ਗੱਲਾਂ ਕਰ ਰਹੇ ਹਨ।

ਅਸਲ ਗੱਲ ਇਹ ਹੈ ਕਿ ਵਿਰੋਧੀ ਪਾਰਟੀਆਂ ਨਾ ਤਾਂ ਪੰਜਾਬ ਦਾ ਵਿਕਾਸ ਚਾਹੁੰਦੀਆਂ ਹਨ ਅਤੇ ਨਾ ਹੀ ਇਹ ਚਾਹੁੰਦੀਆਂ ਹਨ ਕਿ ਲੋਕਾਂ ਦਾ ਕੋਈ ਕੰਮ ਹੋਵੇ। ਉਨ੍ਹਾਂ ਕਿਹਾ ਕਿ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਪੰਜਾਬ ਖੁਸ਼ਹਾਲੀ ਦੇ ਰਸਤੇ ’ਤੇ ਅੱਗੇ ਵਧ ਰਿਹਾ ਹੈ ਅਤੇ ਪੰਜਾਬ ਦੀ ਜਵਾਨੀ ਚੰਗੇ ਰਸਤੇ ’ਤੇ ਪਰਤ ਰਹੀ ਹੈ। ਇਸ ਲਈ ਮੇਰੀ ਵਿਰੋਧੀ ਪਾਰਟੀਆਂ ਨੂੰ ਅਪੀਲ ਹੈ ਕਿ ਉਹ ਆਪਣੀਆਂ ਪਾਰਟੀਆਂ ਦੇ ਅੰਦਰ ਲਾਅ ਐਂਡ ਆਰਡਰ ਕਾਇਮ ਕਰਨ। ਪੰਜਾਬ ਦੀ ਚਿੰਤਾ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਹਨ।

ਇਹ ਵੀ ਪੜ੍ਹੋ : ਪੁਲਸ ਮਹਿਕਮੇ 'ਚ ਵੱਡਾ ਫੇਰਬਦਲ, ਜਲੰਧਰ ਦਿਹਾਤੀ ਦੇ 11 ਥਾਣਿਆਂ ਦੇ ਬਦਲੇ SHO

ਮਾਨ ਕਿਸਾਨਾਂ ਦੀ ਚਿੰਤਾ ਕਰਨ ਵਾਲੇ ਪਹਿਲੇ ਮੁੱਖ ਮੰਤਰੀ
ਪੰਜਾਬ ’ਚ ਲਗਾਤਾਰ ਬੇਮੌਸਮੀ ਮੀਂਹ ਪੈਣ ਕਾਰਨ ਫ਼ਸਲਾਂ ਨੂੰ ਨੁਕਸਾਨ ਹੋ ਰਿਹਾ ਹੈ। ਸਰਕਾਰ ਨੇ ਗਿਰਦਾਵਰੀ ਦੇ ਵੀ ਹੁਕਮ ਦਿੱਤੇ ਹਨ ਅਤੇ ਵਿਰੋਧੀ ਇਸ ਗੱਲ ਦਾ ਵੀ ਵਿਰੋਧ ਕਰ ਰਹੇ ਹਨ ਕਿ ਫ਼ਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਬਹੁਤ ਘੱਟ ਹੈ। ਇਸ ’ਤੇ ਵਿਧਾਇਕ ਚੱਢਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਇਕੱਲੇ ਅਜਿਹੇ ਮੁੱਖ ਮੰਤਰੀ ਹਨ ਜੋ ਕਿਸਾਨਾਂ ਦੀ ਚਿੰਤਾ ਕਰ ਰਹੇ ਹਨ ਅਤੇ ਕਿਸਾਨਾਂ ਦੇ ਨੁਕਸਾਨ ਦਾ ਮੁਆਵਜ਼ਾ ਵਿਸਾਖੀ ਤੋਂ ਪਹਿਲਾਂ ਦੇਣ ਦੀ ਗੱਲ ਕਰ ਰਹੇ ਹਨ ਪਰ ਅੱਜ ਤੋਂ ਪਹਿਲਾਂ ਕਿਸੇ ਮੁੱਖ ਮੰਤਰੀ ਨੇ ਕਦੇ ਇਸ ਤਰ੍ਹਾਂ ਦਾ ਐਲਾਨ ਕਰਨ ਦੀ ਹਿੰਮਤ ਨਹੀਂ ਕੀਤੀ ਹੈ। ਮੁੱਖ ਮੰਤਰੀ ਨੇ ਪਟਵਾਰੀਆਂ ਦੀ ਹੀ ਨਹੀਂ, ਸਬੰਧਤ ਜ਼ਿਲ੍ਹਿਆਂ ਦੇ ਵਿਧਾਇਕਾਂ ਦੀ ਵੀ ਡਿਊਟੀ ਲਾਈ ਹੈ ਕਿ ਤੁਸੀਂ ਖ਼ੁਦ ਕਿਸਾਨਾਂ ਕੋਲ ਜਾ ਕੇ ਨੁਕਸਾਨ ਦਾ ਮੁਲਾਂਕਣ ਕਰੋ ਤਾਂ ਕਿ ਸਰਕਾਰ ਵਿਸਾਖੀ ਤੋਂ ਪਹਿਲਾਂ-ਪਹਿਲਾਂ ਫ਼ਸਲਾਂ ਦਾ ਮੁਆਵਜ਼ਾ ਦੇ ਸਕੇ, ਜਦਕਿ ਕਾਂਗਰਸ ਸਰਕਾਰ ਦੇ ਸਮੇਂ ਦੇ 100-100 ਰੁਪਏ ਦੇ ਚੈੱਕ ਲੈ ਕੇ ਅੱਜ ਤੱਕ ਕਿਸਾਨ ਘੁੰਮ ਰਹੇ ਹਨ, ਜਿਨ੍ਹਾਂ ਨੂੰ ਅਜੇ ਤੱਕ ਨੁਕਸਾਨ ਦਾ ਮੁਆਵਜ਼ਾ ਨਹੀਂ ਮਿਲਿਆ ਹੈ।

ਹਰ ਸਿਸਟਮ ਨੂੰ ਬਣਾਉਣ ’ਚ ਸਮਾਂ ਲੱਗਦਾ ਹੈ
ਜਿਵੇਂ ਕ‌ਿ ਹਮੇਸ਼ਾ ਦਿੱਲੀ ਮਾਡਲ ਦੀ ਗੱਲ ਹੁੰਦੀ ਹੈ ਤਾਂ ਦਿੱਲੀ ’ਚ ਕਿਸਾਨਾਂ ਦਾ ਮੁਆਵਜ਼ਾ 20 ਹਜਾਰ ਰੁਪਏ ਦਿੱਤਾ ਜਾਂਦਾ ਸੀ ਤਾਂ ਪੰਜਾਬ ’ਚ 15 ਹਜ਼ਾਰ ਰੁਪਏ ਕਿਉਂ? ਇਸ ’ਤੇ ਵਿਧਾਇਕ ਨੇ ਕਿਹਾ ਕਿ ਫਸਲ ਦੇ ਨੁਕਸਾਨ ’ਤੇ ਜ਼ਿਆਦਾ ਮੁਆਵਜ਼ਾ ਦੇਣਾ ਚੰਗੀ ਗੱਲ ਹੈ ਪਰ ਹਰੇਕ ਸਿਸਟਮ ਨੂੰ ਬਣਾਉਣ ’ਚ ਸਮਾਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਜੋ ਪਾਰਟੀਆਂ ਖੁਦ ਦੇ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਦੀਆਂ ਸਨ, ਅੱਜ ਤੱਕ ਉਨ੍ਹਾਂ ਵੱਲੋਂ ਅਜਿਹਾ ਸਿਸਟਮ ਨਹੀਂ ਬਣਾਇਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂ ਸਿਸਟਮ ਬਣਾਉਣ ਦੀ ਸ਼ੁਰੂਆਤ ਕੀਤੀ ਹੈ, ਸੋ ਆਉਣ ਵਾਲੇ ਸਮੇਂ ’ਚ ਇਸ ’ਚ ਹੋਰ ਜ਼ਿਆਦਾ ਸੁਧਾਰ ਹੋਣਗੇ।

ਇਹ ਵੀ ਪੜ੍ਹੋ : 30 ਰੁਪਏ ਮਹਿੰਗੀ ਹੋਈ ਬੀਅਰ ’ਤੇ ਐਕਸ਼ਨ: ਐਕਸਾਈਜ਼ ਵਿਭਾਗ ਨੇ ਲਿਆ ਵੱਡਾ ਫ਼ੈਸਲਾ

ਜਲੰਧਰ ਲੋਕ ਸਭਾ ਸੀਟ ’ਤੇ ਛੇਤੀ ਹੋਵੇਗਾ ਉਮੀਦਵਾਰ ਦਾ ਐਲਾਨ
ਜਲੰਧਰ ਲੋਕ ਸਭਾ ਸੀਟ ’ਤੇ ਹੋਣ ਵਾਲੀ ਚੋਣ ਨੂੰ ਲੈ ਕੇ ਚੋਣ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਕਾਂਗਰਸ ਪਾਰਟੀ ਉਮੀਦਵਾਰ ਦਾ ਐਲਾਨ ਕਰ ਚੁੱਕੀ ਹੈ ਪਰ ਆਮ ਆਦਮੀ ਪਾਰਟੀ ਵੱਲੋਂ ਅਜੇ ਤੱਕ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ। ਅਜਿਹਾ ਕਿਉਂ? ਇਸ ’ਤੇ ਵਿਧਾਇਕ ਚੱਢਾ ਨੇ ਕਿਹਾ ਕਿ ਬਹੁਤ ਛੇਤੀ ਲੋਕਾਂ ਦੇ ਸਾਹਮਣੇ ਸਾਡਾ ਉਮੀਦਵਾਰ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕ ਹਿਤ ਦੇ ਕੰਮ ਕਰਨ ਵਾਲਾ ਉਮੀਦਵਾਰ ਬਹੁਤ ਛੇਤੀ ਜਲੰਧਰ ਦੇ ਲੋਕਾਂ ਦੇ ਵਿਚ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਕੰਮ ਨੂੰ ਵੋਟ ਪਾਉਣੀ ਹੈ ਅਤੇ ਆਮ ਆਦਮੀ ਪਾਰਟੀ ਦੀ ਜਿੱਤ ਪੱਕੀ ਹੈ।

ਦੂਜੇ ਪਾਸੇ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸੰਗਰੂਰ ਲੋਕ ਸਭਾ ਸੀਟ ਉਪ ਚੋਣ ’ਚ ਆਮ ਆਦਮੀ ਪਾਰਟੀ ਹਾਰ ਦਾ ਸਾਹਮਣਾ ਕਰ ਚੁੱਕੀ ਹੈ ਅਤੇ ਹੁਣ ਜਲੰਧਰ ਆਮ ਆਦਮੀ ਪਾਰਟੀ ਲਈ ਇੱਜਤ ਦਾ ਸਵਾਲ ਬਣਿਆ ਹੈ। ਇਸ’ ਚ ਕਿੰਨੀ ਸੱਚਾਈ ਹੈ ਤਾਂ ਵਿਧਾਇਕ ਨੇ ਕਿਹਾ ਕਿ ਸੂਤਰਾਂ ਮੁਤਾਬਕ ਜਾਂ ਸਿਆਸੀ ਮਾਹਿਰਾਂ ਅਨੁਸਾਰ ਨਹੀਂ, ਸਗੋਂ ਚੋਣਾਂ ਦੇ ਨਤੀਜੇ ਹਾਰ-ਜਿੱਤ ਤੈਅ ਕਰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਾਡੀ ਜਿੱਤ ਤੈਅ ਹੈ, ਕਿਉਂਕਿ ਜਲੰਧਰ ਦੇ ਲੋਕ ਸਰਕਾਰ ਦੇ ਕੰਮ ਅਤੇ ਪੰਜਾਬ ਦੀ ਖੁਸ਼ਹਾਲੀ ਨੂੰ ਵੋਟ ਦੇਣਗੇ।

ਸਿੱਧੂ ਦੇ ਜੇਲ੍ਹ ਵਿਚੋਂ ਆਉਣ ਤੋਂ ਬਾਅਦ ਹੁਣ ਕਾਂਗਰਸ ਦੇ ਅੰਦਰ ਹੀ ਖੇਡ ਸ਼ੁਰੂ ਹੋ ਜਾਵੇਗੀ
ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਨੇ 10 ਮਹੀਨਿਆਂ ਤੋਂ ਵੱਧ ਦਾ ਸਮਾਂ ਜੇਲ੍ਹ ’ਚ ਗੁਜ਼ਾਰਿਆ ਹੈ, ਆਪਣੀ ਰਿਹਾਈ ਦੇ ਅਗਲੇ ਹੀ ਦਿਨ ਉਹ ਸਿੱਧੂ ਮੂਸੇਵਾਲਾ ਦੇ ਘਰ ਚਲੇ ਜਾਂਦੇ ਹਨ ਅਤੇ ਉਨ੍ਹਾਂ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਲਾਅ ਐਂਡ ਆਰਡਰ ’ਤੇ ਸਵਾਲ ਖੜ੍ਹੇ ਕੀਤੇ ਹਨ। ਇਸ ’ਤੇ ਵਿਧਾਇਕ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਤੋਂ ਆਉਣ ਦਾ ਆਮ ਆਦਮੀ ਪਾਰਟੀ ’ਤੇ ਕੋਈ ਅਸਰ ਨਹੀਂ ਹੈ। ਸਿੱਧੂ ਵੈਸੇ ਹੀ ਵੱਡੇ ਖਿਡਾਰੀ ਹਨ। ਇਸ ਲਈ ਕਾਂਗਰਸ ਦੀ ਆਪਸੀ ਖੇਡ ਜ਼ਿਆਦਾ ਚੱਲੇਗੀ, ਜਦਕਿ ਆਮ ਆਦਮੀ ਪਾਰਟੀ ਸਿਰਫ਼ ਆਪਣੇ ਕੰਮ ਦੇ ਸਿਰ ’ਤੇ ਲੋਕਾਂ ਵਿਚ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਧੂ ਜੀ ਦੇ ਆਉਣ ਤੋਂ ਬਾਅਦ ਕਾਂਗਰਸ ਨੂੰ ਆਪਣੀ ਖੇਡ ਖੇਡਣ ਦਾ ਮੌਕਾ ਮਿਲ ਗਿਆ ਹੈ ਅਤੇ ਇਹ ਲੋਕ ਆਪਣੇ-ਆਪ ’ਚ ਹੀ ਖੇਡਣ ਦੇ ਪਹਿਲਾਂ ਹੀ ਸ਼ੌਕੀਨ ਹਨ। ਡਰੱਗਸ ਰਿਪੋਰਟ ਦਾ ਵੱਡਾ ਮਸਲਾ ਉੱਠਦਾ ਰਿਹਾ ਹੈ। ਮੁੱਖ ਮੰਤਰੀ ਦੇ ਕੋਲ ਤਿੰਨ ਫਾਈਲਾਂ ਪਹੁੰਚ ਚੁੱਕੀਆਂ ਹਨ। ਇਸ ’ਤੇ ਸਰਕਾਰ ਕੀ ਕਾਰਵਾਈ ਕਰਨ ਜਾ ਰਹੀ ਹੈ। ਇਸ ’ਤੇ ਐੱਮ. ਐੱਲ. ਏ. ਨੇ ਕਿਹਾ ਕਿ ਸਰਕਾਰ ਦੀ ਨੀਅਤ ਅਤੇ ਨੀਤੀ ਚੰਗੀ ਹੈ, ਅਜੇ ਫਾਈਲਾਂ ਖੁੱਲ੍ਹੀਆਂ ਹਨ ਅਤੇ ਪੰਜਾਬ ਦੀ ਜਵਾਨੀ ਨੂੰ ਉਜਾੜਣ ਵਾਲਾ ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ।

ਸਿਹਤ ਅਤੇ ਸਿੱਖਿਆ ਆਮ ਆਦਮੀ ਪਾਰਟੀ ਦੀ ਪਹਿਲੀ ਤਰਜੀਹ
ਪਟਿਆਲਾ ’ਚ ਮੁੱਖ ਮੰਤਰੀ ਯੋਗਸ਼ਾਲਾ ਸ਼ੁਰੂ ਹੋਣ ਜਾ ਰਹੀ ਹੈ। ਉਦਘਾਟਨ ਦੇ ਮੌਕੇ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਿਵੰਦ ਕੇਜਰੀਵਾਲ ਵਿਸ਼ੇਸ਼ ਤੌਰ ’ਤੇ ਪੰਜਾਬ ਆ ਰਹੇ ਹਨ। ਇਹ ਪੂਰਾ ਕੰਸੈਪਟ ਕੀ ਹੈ? ਇਸ ’ਤੇ ਵਿਧਾਇਕ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀ ਪਹਿਲੀ ਤਰਜੀਹ ਹੈ ਅਤੇ ਆਉਣ ਵਾਲੇ ਸਮੇਂ ’ਚ ਸਿਹਤ ਸੇਵਾਵਾਂ ਦੇ ਮੱਦੇਨਜ਼ਰ ਅਤੇ ਇਨਫ੍ਰਾਸਟ੍ਰੱਕਚਰ ਡਿਵੈੱਲਪ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਖੇਤੀ ਉਤਪਾਦਨ ਲਈ ਚੰਗੀ ਖ਼ਬਰ, ਪੌਂਗ ਡੈਮ ਝੀਲ ’ਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ ਵਧਿਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News