ਵਾਧੂ ਗੰਨੇ ਦੀ ਪੀੜਾਈ ਨੇਡ਼ਲੀਆਂ ਮਿੱਲਾਂ ’ਚੋਂ ਕਰਵਾਉਣ ਦੇ ਪ੍ਰਬੰਧ ਕੀਤੇ ਜਾਣਗੇ : ਅੰਗਦ ਸਿੰਘ

01/23/2019 9:22:10 AM

ਰੋਪੜ (ਤ੍ਰਿਪਾਠੀ,ਮਨੋਰੰਜਨ)-ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਨਾਲ ਬਾਂਡ ਨਾ ਹੋਏ ਗੰਨੇ ਦੀ ਪੀਡ਼ਾਈ ਨੂੰ ਲੈ ਕੇ ਇਲਾਕੇ ਦੇ ਕਿਸਾਨਾਂ ਨਾਲ ਖੰਡ ਮਿੱਲ ਨਵਾਂਸ਼ਹਿਰ ਵਿਖੇ ਕੀਤੀ ਗਈ ਮੀਟਿੰਗ ਦੌਰਾਨ ਐੱਮ. ਐੱਲ. ਏ. ਅੰਗਦ ਸਿੰਘ ਨੇ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਸ਼ੂਗਰਫ਼ੈੱਡ ਨਾਲ ਮਾਮਲਾ ਵਿਚਾਰਨਗੇ ਤੇ ਉਨ੍ਹਾਂ ਦੇ ਗੰਨੇ ਦੀ ਪੀਡ਼੍ਹਾਈ ਨੇਡ਼ਲੀਆਂ ਮਿੱਲਾਂ ’ਚ ਅਲਾਟ ਕੀਤੇ ਜਾਣ ਦਾ ਪ੍ਰਬੰਧ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਉਣ ਦੇਵੇਗੀ ਅਤੇ ਜਿਨ੍ਹਾਂ ਕਿਸਾਨਾਂ ਨੇ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਨਾਲ ਗੰਨਾ ਬਾਂਡ ਨਹੀਂ ਕਰਵਾਇਆ, ਉਨ੍ਹਾਂ ਦਾ ਪ੍ਰਬੰਧ ਨੇਡ਼ੇ ਦੀਆਂ ਸਹਿਕਾਰੀ ਖੰਡ ਮਿੱਲਾਂ ਬੁੱਢੇਵਾਲ, ਨਕੋਦਰ ਜਾਂ ਮੋਰਿੰਡਾ ਵਿਖੇ ਕਰਵਾਇਆ ਜਾਵੇਗਾ। ਉਨ੍ਹਾਂ ਗੰਨਾ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ’ਚ ਆਪਣਾ ਗੰਨਾ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਨਾਲ ਸਮੇਂ ਸਿਰ ਬਾਂਡ ਕਰਵਾ ਲਿਆ ਕਰਨ ਤਾਂ ਜੋ ਭਵਿੱਖ ’ਚ ਅਜਿਹੀ ਸਮੱਸਿਆ ਦੁਬਾਰਾ ਨਾ ਆਵੇ। ਵਿਧਾਇਕ ਅੰਗਦ ਸਿੰਘ ਨੇ ਇਸ ਮੀਟਿੰਗ ’ਚ ਮੌਜੂਦ ਮਿੱਲ ਦੇ ਜੀ. ਐੱਮ. ਕਮਲਜੀਤ ਸਿੰਘ ਨੂੰ ਕਿਸਾਨਾਂ ਦੀਆਂ ਮੁਸ਼ਕਿਲਾਂ ਸਬੰਧੀ ਕੇਨ ਕਮਿਸ਼ਨਰ ਪੰਜਾਬ ਨਾਲ ਮਿੱਲ ਪੱਧਰ ’ਤੇ ਵੀ ਪੱਤਰ-ਵਿਹਾਰ ਕਰਨ ਲਈ ਆਖਿਆ ਤਾਂ ਜੋ ਬਾਂਡ ਨਾ ਹੋ ਸਕਿਆ ਗੰਨਾ ਬੇਕਾਰ ਨਾ ਜਾਵੇ ਅਤੇ ਪੀਡ਼੍ਹਾਈ ਲਈ ਨੇਡ਼ਲੀਆਂ ਮਿੱਲਾਂ ’ਚ ਭੇਜਿਆ ਜਾ ਸਕੇ। ਇਸ ਮੌਕੇ ਮਿੱਲ ਨੂੰ ਗੰਨਾ ਸਪਲਾਈ ਕਰਨ ਵਾਲੇ ਕਿਸਾਨਾਂ ਵਲੋਂ ਮਿੱਲ ’ਚ ਬਣੇ ਕੋ-ਜਨਰੇਸ਼ਨ ਪਲਾਂਟ ਦੇ ਚੱਲਣ ਨਾਲ ਮਿੱਲ ਦੀ ਪੀੜਾਈ ਸਮਰੱਥਾ ’ਚ ਆਉਂਦੇ ਸੁਧਾਰ ਦਾ ਜ਼ਿਕਰ ਕਰਦਿਆਂ, ਪਲਾਂਟ ਨੂੰ ਮੁਡ਼ ਤੋਂ ਚਲਾਉਣ ਦੀ ਮੰਗ ਵੀ ਰੱਖੀ। ਜਿਸ ’ਤੇ ਵਿਧਾਇਕ ਅੰਗਦ ਸਿੰਘ ਨੇ ਸਪੱਸ਼ਟ ਆਖਿਆ ਕਿ ਜੇਕਰ ਕੋ-ਜਨਰੇਸ਼ਨ ਪਲਾਂਟ ਮੁਰੰਮਤ ਬਾਅਦ ਸ਼ਹਿਰ ’ਚ ਸੁਆਹ ਦੀ ਸਮੱਸਿਆ ਨੂੰ ਹੱਲ ਕਰ ਚੁੱਕਾ ਹੈ ਤਾਂ ਉਨ੍ਹਾਂ ਨੂੰ ਇਸ ਦੇ ਚੱਲਣ ’ਚ ਕੋਈ ਇਤਰਾਜ਼ ਨਹੀਂ ਪਰ ਸ਼ਹਿਰ ਦੇ ਪੀਡ਼ਤ ਲੋਕਾਂ ਦੀ ਸਿਹਤ ਤੇ ਹਿੱਤ ਉਨ੍ਹਾਂ ਲਈ ਪਹਿਲ ਹਨ। ਜੀ. ਐੱਮ. ਕਮਲਜੀਤ ਸਿੰਘ ਨੇ ਵਿਧਾਇਕ ਅੰਗਦ ਸਿੰਘ ਨੂੰ ਦੱਸਿਆ ਕਿ ਮਿੱਲ ਵਲੋਂ ਬਾਂਡ ਕੀਤੇ 37 ਲੱਖ ਕੁਇੰਟਲ ਗੰਨੇ ’ਚੋਂ ਹੁਣ ਤੱਕ 15 ਲੱਖ ਕੁਇੰਟਲ ਗੰਨਾ ਪੀਡ਼ਿਆ ਜਾ ਚੁੱਕਾ ਹੈ, ਜਿਸ ’ਚੋਂ ਚੀਨੀ ਰਿਕਵਰੀ ਸਵਾ ਦਸ ਫ਼ੀਸਦੀ ਆ ਰਹੀ ਹੈ। ਇਹ ਪਿਛਲੇ ਸਾਲ ਨਾਲੋਂ ਇਕ ਫ਼ੀਸਦੀ ਵਧੇਰੇ ਹੈ। ਇਸ ਮੌਕੇ ਸ਼ੂਗਰਫ਼ੈੱਡ ਦੇ ਸਾਬਕਾ ਡਾਇਰੈਕਟਰ ਰਾਣਾ ਕੁਲਦੀਪ ਸਿੰਘ ਜਾਡਲਾ, ਮਿੱਲ ਦੇ ਸਾਬਕਾ ਚੇਅਰਮੈਨ ਚੌ. ਹਰਬੰਸ ਲਾਲ ਨਿਆਮਤਪੁਰ, ਜੋਗਿੰਦਰ ਸਿੰਘ ਛੋਕਰ ਤੇ ਗੰਨਾ ਉਤਪਾਦਕ ਮੌਜੂਦ ਸਨ।

Related News