ਨੰਗਲ ਰਾਸ਼ਟਰੀ ਵੈੱਟਲੈਂਡ ’ਚ ਵਧੀਆਂ ਰੌਣਕਾਂ

01/20/2019 11:49:39 AM

ਰੋਪੜ (ਗੁਰਭਾਗ)-ਠੰਡ ਦੇ ਇਸ ਮੌਸਮ ’ਚ ਵਿਦੇਸ਼ਾਂ ’ਚ ਕਡ਼ਾਕੇ ਦੀ ਠੰਡ ਅਤੇ ਬਰਫ ਪੈਣ ਕਾਰਨ ਉੱਥੋਂ ਦੀਆਂ ਝੀਲਾਂ, ਤਾਲਾਬ, ਨਹਿਰਾਂ ਆਦਿ ਜੰਮ ਜਾਂਦੀਆਂ ਹਨ। ਜਿਸ ਕਾਰਨ ਪ੍ਰਵਾਸੀ ਪੰਛੀ ਆਪਣਾ ਰੁਖ ਭਾਰਤ ਦੇ ਵੱਖ-ਵੱਖ ਸੂਬਿਆਂ ਵੱਲ ਨੂੰ ਕਰ ਲੈਂਦੇ ਹਨ। ਇਸੇ ਤਹਿਤ ਇਹ ਵਿਦੇਸ਼ੀ ਪੰਛੀ ਹੁਣ ਨੰਗਲ ਡੈਮ ਦੇ ਰਾਸ਼ਟਰੀ ਵੈੱਟਲੈਂਡ ਵਿਚ ਵੀ ਆਉਣੇ ਸ਼ੁਰੂ ਹੋ ਗਏ ਹਨ। ਇਹ ਵਿਦੇਸ਼ੀ ਮਹਿਮਾਨ ਭਾਰਤ ਵਿਚ ਕੁਝ ਸਮਾਂ ਬਿਤਾਉਣ ਤੋਂ ਬਾਅਦ ਮੁਡ਼ ਆਪਣੇ ਦੇਸ਼ ਨੂੰ ਪਰਤ ਜਾਂਦੇ ਹਨ। ਸੂਤਰਾਂ ਮੁਤਾਬਿਕ ਮੌਸਮ ’ਚ ਤਬਦੀਲੀ ਅਤੇ ਵੈੱਟਲੈਂਡ ਕਿਨਾਰੇ ਵੱਧ ਰਹੀ ਆਵਾਜਾਈ, ਪ੍ਰਦੂਸ਼ਣ ਅਤੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਇਸ ਵਾਰ ਇਨ੍ਹਾਂ ਪ੍ਰਵਾਸੀਆਂ ਪੰਛੀਆਂ ਦੀ ਗਿਣਤੀ ’ਚ ਕਮੀ ਹੋ ਸਕਦੀ ਹੈ। ਸਮੇਂ ਦੀਆਂ ਸਰਕਾਰਾਂ ਨੂੰ ਇਸ ਸਮੱਸਿਆ ਵੱਲ ਧਿਆਨ ਦੇਣ ਦੀ ਲੋਡ਼ ਹੈ ਤਾਂ ਜੋ ਵੈੱਟਲੈਂਡ ’ਚ ਸੈਲਾਨੀਆਂ ਦੀ ਗਿਣਤੀ ’ਚ ਵੀ ਵਾਧਾ ਹੋਵੇ। ਇਨ੍ਹਾਂ ਵਿਦੇਸ਼ੀ ਮਹਿਮਾਨਾਂ ਦੇ ਆਉਣ ਕਰ ਕੇ ਨੰਗਲ ਵੈੱਟਲੈਂਡ ਵਿਚ ਰੌਣਕ ਵੱਧ ਗਈ ਹੈ। ਕੁਝ ਹੀ ਦਿਨਾਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਇਹ ਵਿਦੇਸ਼ੀ ਮਹਿਮਾਨ ਉਕਤ ਸਤਲੁਜ ਦਰਿਆ ਕੋਲ ਆਪਣਾ ਡੇਰਾ ਲਾ ਲੈਣਗੇ। ਇਨ੍ਹਾਂ ਪੰਛੀਆਂ ਵਲੋਂ ਭਾਖਡ਼ਾ ਦੇ ਸਤਲੁਜ ਦਰਿਆ ’ਚ ਬੈਠਣਾ, ਉੱਡਣਾ ਇਕ ਵੱਖਰਾ ਹੀ ਨਜ਼ਾਰਾ ਪੇਸ਼ ਕਰਦਾ ਹੈ ਤੇ ਹਰ ਕੋਈ ਇਨ੍ਹਾਂ ਮਹਿਮਾਨਾਂ ਦੇ ਨਜ਼ਾਰਿਆਂ ਨੂੰ ਆਪਣੇ-ਆਪਣੇ ਕੈਮਰੇ ਵਿਚ ਕੈਦ ਕਰਨਾ ਚਾਹੁੰਦਾ ਹੈ। ਪੰਜ ਮਹੀਨਿਆਂ ਬਾਅਦ ਮੁਡ਼ ਪਰਤ ਜਾਂਦੇ ਹਨ ਆਪਣੇ ਵਤਨਾਂ ਨੂੰ : ਅੰਮ੍ਰਿਤ ਲਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਅਧਿਕਾਰੀ ਅੰਮ੍ਰਿਤ ਲਾਲ ਨੇ ਕਿਹਾ ਕਿ ਸਾਈਵੇਰੀਆ, ਆਸਟਰੇਲੀਆ, ਮੱਧ ਏਸ਼ੀਆ, ਚੀਨ, ਜਾਪਾਨ, ਰੂਸ, ਅਫਗਾਨਿਸਤਾਨ, ਸਵਿਟਜ਼ਰਲੈਂਡ ਆਦਿ ਦੇਸ਼ਾਂ ਵਿਚ ਠੰਡ ਹੋਣ ਕਰ ਕੇ ਪਾਣੀ ਜੰਮ ਜਾਂਦਾ ਹੈ। ਜਿਸ ਕਾਰਨ ਰੂਡੀ ਸ਼ੈਲਡੱਕ, ਗ੍ਰੇਲੇਗ ਗੂਜ਼, ਗੈਡਵਾਲ, ਕੋਰਮੋਰੈਂਟ, ਕਾਮਨ ਟੇਲ ਡੱਕ, ਲਿਟਲ ਗ੍ਰੀਵ, ਟਫਟਿਡ ਡੱਕ, ਵੀਜਨ ਆਦਿ ਇਹ ਪ੍ਰਵਾਸੀ ਮਹਿਮਾਨ ਭਾਰਤ ਦੇ ਵੱਖ-ਵੱਖ ਵੈੱਟਲੈਂਡਾਂ ’ਚ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹਜ਼ਾਰਾਂ ਮੀਲ ਦਾ ਸਫਰ ਤੈਅ ਕਰ ਕੇ ਇਹ ਪੰਛੀ ਸਿਰਫ ਪੰਜ ਮਹੀਨਿਆਂ ਲਈ ਹੀ ਭਾਰਤ ’ਚ ਰੁਕਦੇ ਹਨ ਤੇ ਮਾਰਚ ਦੇ ਲਾਗੇ ਇਹ ਮੁਡ਼ ਆਪਣੇ ਵਤਨਾਂ ਨੂੰ ਪਰਤ ਜਾਂਦੇ ਹਨ। ਇਸ ਸਾਲ ਪੰਛੀਆਂ ਦੀ ਗਿਣਤੀ ’ਚ ਹੋਇਆ ਵਾਧਾ : ਡਾਇਰੈਕਟਰ ਜਾਗ੍ਰਿਤੀ ਸੰਸਥਾ ਦੇ ਡਾਇਰੈਕਟਰ ਨੇ ਕਿਹਾ ਕਿ ਹਰ ਸਾਲ ਉਨ੍ਹਾਂ ਵਲੋਂ ਨੰਗਲ ’ਚ ਆਉਣ ਵਾਲੇ ਇਨ੍ਹਾਂ ਪ੍ਰਵਾਸੀ ਪੰਛੀਆਂ ਦੀ ਗਿਣਤੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਵੈੱਟਲੈਂਡ ’ਚ ਵੱਖ-ਵੱਖ ਜਾਤੀਆਂ ਦੇ 4110 ਪੰਛੀ ਆਏ, 12ਵੇਂ ਬਰਡ ਸਰਵੇਖਣ ਦੇ ਲਈ ਉਕਤ ਥਾਂ ’ਤੇ ਪਹੁੰਚੇ ਚੰਡੀਗਡ਼੍ਹ ਬਰਡ ਕਲੱਬ ਦੇ ਲੋਕਾਂ ਵਲੋਂ ਇਨ੍ਹਾਂ ਪੰਛੀਆਂ ਦੀ ਗਿਣਤੀ ਕੀਤੀ ਗਈ। ਜਾਰੀ ਕੀਤੀ ਰਿਪੋਰਟ ’ਚ ਦੱਸਿਆ ਗਿਆ ਕਿ ਇਸ ਸਾਲ ਉਕਤ ਵੈੱਟਲੈਂਡ ’ਚ ਵੱਖ-ਵੱਖ ਪ੍ਰਜਾਤੀਆਂ ਦੇ 4110 ਅਤੇ ਡਾਊਨ ਸਟ੍ਰੀਮ ਵਿਚ 1850 ਪ੍ਰਵਾਸੀ ਪੰਛੀ ਆਏ। ਐੱਨ.ਐੱਫ.ਐੱਲ. ਦੇ ਐਸ਼ ਪੌਂਡ ਨਵਾਂ ਨੰਗਲ ਵਿਚ ਇਸ ਵਾਰ ਸਿਰਫ 150 ਪੰਛੀ ਹੀ ਦੇਖੇ ਗਏ, ਜਦੋਂ ਕਿ ਪਿਛਲੇ ਸਾਲ ਇਨ੍ਹਾਂ ਦੀ ਗਿਣਤੀ 916 ਸੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਇਨ੍ਹਾਂ ਪ੍ਰਵਾਸੀ ਪਛੀਆਂ ਦੀ ਗਿਣਤੀ ਵੱਧ ਹੈ।

Related News