ਮੀਂਹ ਤੇ ਹਨੇਰੀ ਨਾਲ ਬਜ਼ੁਰਗ ''ਤੇ ਡਿੱਗੀ ਛੱਤ, 27 ਟਾਂਕੇ ਲੱਗੇ
Sunday, Jun 17, 2018 - 06:38 AM (IST)
ਜਲੰਧਰ, (ਰਾਜੇਸ਼, ਕੈਂਥ)— ਸਥਾਨਕ ਸੰਤੋਖਪੁਰਾ ਵਿਖੇ ਸਥਿਤ ਇਕ ਘਰ ਦੀ ਛੱਤ ਬੀਤੀ ਰਾਤ ਪਏ ਮੀਂਹ ਅਤੇ ਚੱਲੀਆਂ ਤੇਜ਼ ਹਵਾਵਾਂ ਕਾਰਨ ਡਿੱਗ ਪਈ, ਜਿਸ ਨਾਲ ਇਕ 78 ਸਾਲਾ ਬਜ਼ੁਰਗ ਗੰਭੀਰ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਨੰਬਰ 8 ਅਧੀਨ ਆਉਂਦੇ ਸੰਤੋਖਪੁਰਾ ਸਥਿਤ ਇਕ ਘਰ ਦੀ ਛੱਤ ਡਿੱਗ ਪਈ। ਹੋਇਆ ਇੰਝ ਕਿ ਇਸ ਬਜ਼ੁਰਗ ਦੇ ਗੁਆਂਢ 'ਚ ਸਥਿਤ ਇਕ ਫੈਕਟਰੀ ਦੀ ਕੰਧ ਇਸ ਦੇ ਘਰ ਦੀ ਛੱਤ 'ਤੇ ਡਿੱਗਣ ਕਾਰਨ ਇਸ ਦੀ ਆਪਣੀ ਛੱਤ ਡਿੱਗ ਪਈ। ਛੱਤ ਦੇ ਡਿੱਗਣ ਕਾਰਨ ਹੇਠਾਂ ਸੌਂ ਰਹੇ ਸਵਰਨ ਲਾਲ (78) ਦੇ ਗੰਭੀਰ ਸੱਟਾਂ ਲੱਗੀਆਂ, ਜਿਸ ਦਾ ਇਲਾਜ ਇਕ ਨਿੱਜੀ ਹਸਪਤਾਲ 'ਚ ਕਰਵਾਉਣ ਉਪਰੰਤ ਅੱਜ ਦੇਰ ਸ਼ਾਮ ਛੁੱਟੀ ਦੇ ਦਿੱਤੀ। ਪਰਿਵਾਰਿਕ ਮੈਂਬਰਾਂ ਅਤੇ ਬਜ਼ੁਰਗ ਦੇ ਪੁੱਤਰ ਚਮਨ ਲਾਲ ਅਤੇ ਨੂੰਹ ਸੰਤੋਸ਼ ਕੁਮਾਰੀ ਨੇ ਦੱਸਿਆ ਕਿ ਸਾਡੇ ਪਿਤਾ ਸਵਰਨ ਲਾਲ 'ਤੇ ਮਲਬਾ ਡਿਗਣ ਕਾਰਨ ਉਨ੍ਹਾਂ ਨੂੰ 27 ਟਾਂਕੇ ਲੱਗੇ। ਉਨ੍ਹਾਂ ਦੱਸਿਆ ਕਿ ਫੈਕਟਰੀ ਦੇ ਮਾਲਕ ਨਾਲ ਜਦੋਂ ਇਸ ਸਬੰਧੀ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਮੈਂ ਅਜੇ ਸ਼ਹਿਰ 'ਚੋਂ ਬਾਹਰ ਹਾਂ ਅਤੇ ਇਸ ਸਬੰਧੀ ਆ ਕੇ ਗੱਲ ਕਰਾਂਗਾ।

ਮੌਕੇ ਦੀ ਸ਼ਨਾਖਤ ਕਰਨ ਪਹੁੰਚੇ ਥਾਣਾ ਨੰਬਰ 8 ਦੇ ਏ. ਐੱਸ. ਆਈ. ਬਲਕਰਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਆਈ ਤੇਜ਼ ਹਨੇਰੀ ਅਤੇ ਮੀਂਹ ਕਾਰਨ ਗੁਆਂਢ 'ਚ ਸਥਿਤ ਇਕ ਫੈਕਟਰੀ ਦੀ ਕੰਧ ਘਰ ਦੀ ਛੱਤ 'ਤੇ ਡਿੱਗਣ ਕਾਰਨ ਇਹ ਦੁਰਘਟਨਾ ਵਾਪਰੀ ਹੈ।
ਪਰਿਵਾਰ ਦੀ ਹਰ ਸੰਭਵ ਸਹਾਇਤਾ ਕਰਾਂਗੇ : ਕੌਂਸਲਰ : ਪਰਿਵਾਰ ਨਾਲ ਵਾਪਰੀ ਇਸ ਦੁਖਦਾਈ ਘਟਨਾ ਕਾਰਨ ਦੁੱਖ ਸਾਂਝਾ ਕਰਨ ਗਏ ਕੌਂਸਲਰ ਅਵਤਾਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਜਲਦ ਹੀ ਉਨ੍ਹਾਂ ਦੀ ਇਸ ਸਬੰਧੀ ਫਾਈਲ ਤਿਆਰ ਕਰਵਾ ਕੇ ਡੀ. ਸੀ. ਜਲੰਧਰ ਦੇ ਧਿਆਨ 'ਚ ਇਹ ਮਾਮਲਾ ਲਿਆਂਦਾ ਜਾਵੇਗਾ ਅਤੇ ਇਸ ਪਰਿਵਾਰ ਦੀ ਆਰਥਿਕ ਸਹਾਇਤਾ ਕਰਵਾਈ ਜਾਵੇਗੀ।
