ਗਰੀਬ ਲੋਕ ਬਿਨਾਂ ਛੱਤ ਦੇ ਰਹਿਣ ਲਈ ਹੋਏ ਮਜਬੂਰ
Friday, Aug 10, 2018 - 12:39 AM (IST)

ਬਾਘਾਪੁਰਾਣਾ, (ਜ.ਬ.)-ਭਾਰਤ ਦੇ ਪ੍ਰਧਾਨ ਮੰਤਰੀ ਅਾਵਾਸ ਯੋਜਨਾ ਤਹਿਤ ਦੇਸ਼ ਦੇ ਸਾਰੇ ਪ੍ਰਾਂਤਾਂ ਨੂੰ ਮਿਉਂਸੀਪਲ ਕਮੇਟੀਆਂ ਰਾਹੀਂ ਗਰੀਬ ਲੋਕਾਂ ਦੇ ਘਰ ਬਣਾਉਣ ਲਈ ਡੇਢ ਲੱਖ ਰੁਪਇਅਾਂ ਦੇਣ ਦਾ ਸਰਕਾਰ ਨੇ ਵਾਅਦਾ ਕੀਤਾ ਸੀ, ਉਸੇ ਸਕੀਮ ਤਹਿਤ ਬਾਘਾਪੁਰਾਣਾ ਦੀ ਨਗਰ ਕੌਂਸਲ ’ਚ ਕੱਚੇ ਮਕਾਨ ਵਾਲੇ ਲਾਭਪਾਤਰੀਆਂ ਨੇ ਨਗਰ ਕੌਂਸਲ ’ਚ ਕਰੀਬ 609 ਦਰਖਾਸਤਾਂ ਦਿੱਤੀਆਂ ਸਨ, ਜਿਨ੍ਹਾਂ ਦੀ ਨਗਰ ਕੌਂਸਲ ਵੱਲੋਂ ਪਡ਼ਤਾਲ ਉਪਰੰਤ 107 ਦਰਖਾਸਤਾਂ ਸਰਕਾਰ ਨੂੰ ਫੰਡ ਦੇਣ ਲਈ ਭੇਜੀਆਂ ਸਨ, ਇਨ੍ਹਾਂ ਦਰਖਾਸਤਾਂ ’ਚੋਂ 86 ਲਾਭਪਾਤਰੀਆਂ ਨੂੰ ਨਵਾਂ ਮਕਾਨ ਬਣਾਉਣ ਲਈ ਅਤੇ 2 ਪਰਿਵਾਰਾਂ ਨੂੰ ਮਕਾਨ ਦਾ ਵਾਧਾ ਵਧਾਉਣ ਲਈ ਫੰਡ ਆਇਆ ਸੀ, ਜਿਨ੍ਹਾਂ ’ਚੋਂ ਕਰੀਬ 41 ਪਰਿਵਾਰਾਂ ਨੂੰ ਪਹਿਲੀ ਕਿਸ਼ਤ 50 ਹਜ਼ਾਰ ਰੁੱਪਏ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਲਾਭਪਾਤਰੀਆਂ ਨੂੰ 3 ਕਿਸ਼ਤਾਂ ’ਚ 1.5 ਲੱਖ ਰੁਪਏ ਮਿਲਣੇ ਹਨ। ਪਹਿਲੀ ਕਿਸ਼ਤ ਉਦੋਂ ਮਿਲੇਗੀ ਜਦੋਂ ਮਕਾਨ ਦੀ ਨੀਂਹ ਬਣਾਈ ਜਾਵੇਗੀ ਤੇ ਦੂਸਰੀ ਕਿਸ਼ਤ ਕੰਧਾਂ ਖਡ਼ੀਆਂ ਕਰਨ ਵੇਲੇ ਅਤੇ ਤੀਸਰੀ ਕਿਸ਼ਤ ਛੱਤ ਪਾਉਣ ਵੇਲੇ ਦਿੱਤੀ ਜਾਵੇਗੀ ਪਰ ਸਰਕਾਰ ਨੇ ਜਿਨ੍ਹਾਂ ਪਰਿਵਾਰਾਂ ਨੂੰ ਇਹ ਫੰਡ ਦਿੱਤਾ ਹੈ, ਉਨ੍ਹਾਂ ਪਰਿਵਾਰਾਂ ਦੇ ਮਕਾਨ ਅਜੇ ਅਧੂਰੇ ਪਏ ਹਨ ਤੇ ਉਹ ਪਰਿਵਾਰ ਦੂਸਰੀ ਕਿਸ਼ਤ ਨੂੰ ਬੇਸਬਰੀ ਨਾਲ ਉਡੀਕ ਰਹੇ ਹਨ। ਇਥੇ ਵੱਡੀ ਗੱਲ ਇਹ ਹੈ ਕਿ ਕਈ ਲਾਭਪਾਤਰੀ ਆਪਣੇ ਘਰਾਂ ਉਪਰ ਛੱਤ ਦੀ ਜਗ੍ਹਾ ਤਰਪਾਲ ਪਾ ਕੇ ਰਹਿਣ ਲਈ ਮਜਬੂਰ ਹਨ। ਬਾਰਿਸ਼ ਦੇ ਦਿਨਾਂ ’ਚ ਲੋਕਾਂ ਦਾ ਸਮਾਨ ਬਾਹਰ ਪਿਆ ਖਰਾਬ ਹੋ ਰਿਹਾ ਹੈ ਅਤੇ ਕਈ ਲੋਕ ਮਕਾਨ ਕਿਰਾਏ ਉਪਰ ਲੈ ਕੇ ਰਹਿ ਰਹੇ ਹਨ। ਲੋਕਾਂ ਦੀ ਪੁਰਜ਼ੋਰ ਮੰਗ ਹੈ ਕਿ ਦੂਸਰੀ ਕਿਸ਼ਤ ਸਰਕਾਰ ਜਲਦ ਤੋਂ ਜਲਦ ਲਾਭਪਾਤਰੀਆਂ ਨੂੰ ਦੇਵੇ ਤਾਂ ਜੋ ਇਨ੍ਹਾਂ ਬਾਰਿਸ਼ ਦੇ ਦਿਨਾਂ ’ਚੋਂ ਉਨ੍ਹਾਂ ਨੂੰ ਸਹੂਲਤ ਮਿਲ ਸਕੇ।
ਕੀ ਕਹਿਣਾ ਹੈ ਜੇ. ਈ. ਸੰਦੀਪ ਕੁਮਾਰ ਦਾ?
ਜਦੋਂ ਪੱਤਰਕਾਰਾਂ ਨੇ ਸੰਦੀਪ ਕੁਮਾਰ ਜੇ. ਈ. ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਦੀ ਇਸ ਮੰਗ ਨੂੰ ਮੁੱਖ ਰੱਖਦੇ ਹੋਏ ਮੁੱਖ ਪੁਡਾ ਪ੍ਰਸ਼ਾਸਨ ਨੂੰ ਪੱਤਰ ਲਿਖਿਆ ਹੈ ਤੇ ਉਮੀਦ ਹੈ ਕਿ ਜਲਦ ਫੰਡ ਆ ਜਾਵੇਗਾ ਤੇ ਲੋਕਾਂ ਦੇ ਖਾਤਿਆਂ ’ਚ ਦੂਜੀ ਕਿਸ਼ਤ ਪਾ ਦਿੱਤੀ ਜਾਵੇਗੀ।
ਕੀ ਕਹਿਣਾ ਹੈ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾਡ਼ ਦਾ?
ਜਦੋਂ ਇਸ ਬਾਰੇ ਹਲਕਾ ਵਿਧਾਇਕ ਦਰਸ਼ਨ ਬਰਾਡ਼ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨੂੰ ਹਦਾਇਤ ਕੀਤੀ ਗਈ ਹੈ ਕਿ ਸਬੰਧਤ ਮਹਿਕਮੇ ਨੂੰ ਲਿਖਤੀ ਰੂਪ ’ਚ ਫੰਡ ਲੈਣ ਲਈ ਲਿਖਿਆ ਜਾਵੇ ਅਤੇ ਜਿਨ੍ਹਾਂ ਦੇ ਮਕਾਨ ਅਧੂਰੇ ਪਏ ਹਨ, ਉਨ੍ਹਾਂ ਨੂੰ ਦੂਜੀ ਕਿਸ਼ਤ ਜਲਦ ਦਿੱਤੀ ਜਾਵੇ ਤਾਂ ਕਿ ਸਰਕਾਰ ਤੋਂ ਉਪਲਬੱਧ ਕੀਤੀ ਹੋਈ ਸਕੀਮ ਦਾ ਲੋਕ ਲਾਭ ਉੱਠਾ ਸਕਣ ਤੇ ਜਿਹਡ਼ੇ ਪਰਿਵਾਰ ਬਾਰਿਸ਼ਾਂ ਦੇ ਦਿਨਾਂ ’ਚ ਮੁਸ਼ਕਿਲ ਜ਼ਿੰਦਗੀ ਬਤੀਤ ਕਰ ਰਹੇ ਹਨ, ਉਨ੍ਹਾਂ ਨੂੰ ਸਹੂਲਤ ਮਿਲ ਸਕੇ।