ਸ਼ਾਤਿਰ ਔਰਤਾਂ ਨੇ ਬੈਂਕ ’ਚ ਬਜ਼ੁਰਗ ਨੂੰ ਬਣਾਇਆ ਨਿਸ਼ਾਨਾ, ਲਾ ਗਈਆਂ 1 ਲੱਖ ਦਾ ਚੂਨਾ

10/04/2023 2:00:53 AM

ਗੜ੍ਹਦੀਵਾਲਾ (ਪੰਡਿਤ, ਸ਼ਰਮਾ) : ਪੰਜਾਬ ਨੈਸ਼ਨਲ ਬੈਂਕ 'ਚ ਮੰਗਲਵਾਰ ਨੂੰ ਦਿਨ-ਦਿਹਾੜੇ 2 ਅਣਪਛਾਤੀਆਂ ਔਰਤਾਂ ਇਕ ਬਜ਼ੁਰਗ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਉਸ ਕੋਲੋਂ 1 ਲੱਖ ਰੁਪਏ ਦੀ ਨਕਦੀ 'ਤੇ ਹੱਥ ਸਾਫ਼ ਕਰਕੇ ਫਰਾਰ ਹੋ ਗਈਆਂ। ਔਰਤਾਂ ਨੇ ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਜਦੋਂ ਬੈਂਕ ’ਚ ਕਾਫੀ ਭੀੜ ਸੀ ਅਤੇ ਬਜ਼ੁਰਗ ਕੈਸ਼ ਕਾਊਂਟਰ ਤੋਂ ਇਕ ਲੱਖ ਰੁਪਏ ਕਢਵਾ ਕੇ ਪੋਲੀਥੀਨ ’ਚ ਪਾ ਕੇ ਬੈਂਕ ਦੇ ਦੂਜੇ ਕਾਊਂਟਰ ’ਤੇ ਐਂਟਰੀ ਕਰਵਾ ਰਿਹਾ ਸੀ। ਔਰਤਾਂ ਬਜ਼ੁਰਗ ਦੇ ਹੱਥ ’ਚ ਫੜੇ ਰੁਪਇਆਂ ਵਾਲੇ ਲਿਫਾਫੇ ਨੂੰ ਬੜੀ ਹੁਸ਼ਿਆਰੀ ਨਾਲ ਬਲੇਡ ਨਾਲ ਕੱਟ ਕੇ ਉਸ ਵਿੱਚੋਂ 1 ਲੱਖ ਰੁਪਏ ਕੱਢ ਕੇ ਭੱਜ ਗਈਆਂ। ਇਸ ਘਟਨਾ ਤੋਂ ਬਾਅਦ ਬੈਂਕ ’ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।

ਇਹ ਵੀ ਪੜ੍ਹੋ : ਸੈਰ ਕਰ ਰਹੇ ਨੌਜਵਾਨਾਂ ਨਾਲ ਵਾਪਰ ਗਿਆ ਭਾਣਾ, ਜਵਾਨ ਪੁੱਤ ਦੀ ਮੌਤ 'ਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ

ਬੈਂਕ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਇਨ੍ਹਾਂ ਔਰਤਾਂ ਦੀਆਂ ਤਸਵੀਰਾਂ ਕੈਦ ਹੋਈਆਂ ਹਨ, ਜਿਨ੍ਹਾਂ ਦੀਆਂ ਗਤੀਵਿਧੀਆਂ ਨੂੰ ਦੇਖ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਘਟਨਾ ਸਮੇਂ ਬੈਂਕ ’ਚ ਕੋਈ ਵੀ ਗਾਰਡ ਮੌਜੂਦ ਨਹੀਂ ਸੀ। ਇਸ ਸਬੰਧੀ ਸੇਵਾਮੁਕਤ ਅਧਿਆਪਕ ਗੁਰਮੀਤ ਸਿੰਘ ਵਾਸੀ ਜੈਨ ਕਾਲੋਨੀ ਵਾਰਡ ਨੰਬਰ-1 ਨੇ ਦੱਸਿਆ ਕਿ ਉਹ ਮੰਗਲਵਾਰ ਸਵੇਰੇ 10 ਵਜੇ ਦੇ ਕਰੀਬ ਪੰਜਾਬ ਨੈਸ਼ਨਲ ਬੈਂਕ 'ਚ 1 ਲੱਖ ਰੁਪਏ ਕਢਵਾਉਣ ਗਿਆ ਸੀ। ਕੈਸ਼ ਕਾਊਂਟਰ ਤੋਂ ਪੈਸੇ ਕਢਵਾਉਣ ਤੋਂ ਬਾਅਦ ਜਦੋਂ ਉਹ ਦੂਜੇ ਕਾਊਂਟਰ ’ਤੇ ਬੈਂਕ ਦੀ ਕਾਪੀ ’ਤੇ ਐਂਟਰੀ ਕਰਵਾ ਕੇ ਬਾਹਰ ਆਇਆ ਤਾਂ ਪੋਲੀਥੀਨ ਦਾ ਲਿਫਾਫਾ ਕੱਟਿਆ ਹੋਇਆ ਸੀ ਅਤੇ ਉਸ ਵਿੱਚੋਂ ਇਕ ਲੱਖ ਰੁਪਏ ਦੀ ਨਕਦੀ ਗਾਇਬ ਸੀ। ਇਸ ਦੀ ਸੂਚਨਾ ਤੁਰੰਤ ਉਸ ਨੇ ਬੈਂਕ ਅਧਿਕਾਰੀਆਂ ਅਤੇ ਪੁਲਸ ਨੂੰ ਦਿੱਤੀ।

PunjabKesari

ਇਹ ਵੀ ਪੜ੍ਹੋ : ਫਰਮਾਇਸ਼ ਪੂਰੀ ਨਾ ਹੋਈ ਤਾਂ 8 ਸਾਲ ਦੇ ਬੱਚੇ ਨੇ ਲਗਾਈ ਪਿਤਾ ਦੀ ਬੋਲੀ, ਘਰ ਦੇ ਬਾਹਰ ਲਗਾਇਆ ਨੋਟਿਸ

ਸੂਚਨਾ ਮਿਲਦਿਆਂ ਹੀ ਐੱਸ.ਐੱਚ.ਓ. ਮਲਕੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਬੈਂਕ ਅਧਿਕਾਰੀਆਂ ਨਾਲ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ। ਕੈਮਰੇ 'ਚ ਜਦੋਂ ਗੁਰਮੀਤ ਸਿੰਘ ਕਾਊਂਟਰ ’ਤੇ ਆਪਣੀ ਕਾਪੀ ’ਤੇ ਐਂਟਰੀ ਕਰ ਰਿਹਾ ਸੀ ਤਾਂ ਇਕ ਔਰਤ ਬਜ਼ੁਰਗ ਦੇ ਇਕ ਪਾਸੇ ਤੇ ਦੂਜੀ ਔਰਤ ਪਿੱਛੇ ਖੜ੍ਹੀ ਦਿਖਾਈ ਦੇ ਰਹੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬੈਂਕ ਤੋਂ ਬਾਹਰ ਨਿਕਲਦੇ ਸਮੇਂ ਇਨ੍ਹਾਂ ਔਰਤਾਂ ਦੀਆਂ ਤੇਜ਼ੀ ਨਾਲ ਭੱਜਦਿਆਂ ਦੀਆਂ ਤਸਵੀਰਾਂ ਵੀ ਕੈਦ ਹੋਈਆਂ ਹਨ। ਇਸ ਸਬੰਧੀ ਐੱਸ.ਐੱਚ.ਓ. ਮਲਕੀਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਤੋਂ ਬਾਅਦ ਇਹ ਗੱਲ ਸਾਫ਼ ਹੁੰਦੀ ਹੈ ਕਿ ਇਸ ਘਟਨਾ ਨੂੰ ਕੈਮਰੇ 'ਚ ਕੈਦ ਔਰਤਾਂ ਵੱਲੋਂ ਹੀ ਅੰਜਾਮ ਦਿੱਤਾ ਗਿਆ ਹੈ, ਜਿਨ੍ਹਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਅਤੇ ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News