ਪਿਸਤੌਲ ਦੀ ਨੋਕ 'ਤੇ ਲੁੱਟਿਆ ਸੁਵਿਧਾ ਕੇਂਦਰ

Saturday, Jan 04, 2020 - 11:17 PM (IST)

ਪਿਸਤੌਲ ਦੀ ਨੋਕ 'ਤੇ ਲੁੱਟਿਆ ਸੁਵਿਧਾ ਕੇਂਦਰ

ਭੋਗਪੁਰ, (ਸੂਰੀ)— ਭੋਗਪੁਰ ਸ਼ਹਿਰ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਕਾਰ 'ਚ ਸਵਾਰ 4 ਲੁਟੇਰੇ ਇਕ ਨਿੱਜੀ ਸੁਵਿਧਾ ਕੇਂਦਰ 'ਚ ਦਾਖਲ ਹੋ ਕੇ ਪਿਸਤੌਲ ਦੀ ਨੋਕ 'ਤੇ 70 ਹਜ਼ਾਰ ਦੇ ਕਰੀਬ ਨਕਦੀ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਸ਼ਰੇਆਮ ਪਿਸਤੌਲ ਲਹਿਰਾਉਂਦੇ ਹੋਏ ਫਰਾਰ ਹੋ ਗਏ। ਇਸ ਨਿੱਜੀ ਸੁਵਿਧਾ ਕੇਂਦਰ 'ਚ ਕੋਰੀਅਰ ਦਾ ਵੀ ਕੰਮ ਚੱਲ ਰਿਹਾ ਹੈ, ਜਿਸ ਕਾਰਨ ਅਕਸਰ ਨਕਦੀ ਇਸ ਦਫਤਰ 'ਚ ਆਉਂਦੀ ਰਹਿੰਦੀ ਸੀ। ਸ਼ਨੀਵਾਰ ਕਰੀਬ 4 ਵਜੇ ਇਕ ਕਾਰ 'ਚ ਚਾਰ ਲੁਟੇਰੇ ਇਸ ਸੁਵਿਧਾ ਕੇਂਦਰ ਦੇ ਬਾਹਰ ਪੁੱਜੇ। ਇਨ੍ਹਾਂ 'ਚੋਂ 2 ਲੁਟੇਰੇ ਕਾਰ 'ਚੋਂ ਉਤਰ ਕੇ ਸੁਵਿਧਾ ਕੇਂਦਰ 'ਚ ਦਾਖਲ ਹੋਏ। ਉਸ ਸਮੇਂ ਸੁਵਿਧਾ ਕੇਂਦਰ ਦੇ ਕਾਊਂਟਰ 'ਤੇ 2 ਲੜਕੀਆਂ ਬੈਠੀਆਂ ਹੋਈਆਂ ਸਨ ਅਤੇ ਆਪਣਾ ਕੰਮ ਨਿਪਟਾ ਰਹੀਆਂ ਸਨ। ਲੁਟੇਰਿਆਂ ਨੇ ਇਕ ਲੜਕੀ ਦੇ ਸਿਰ 'ਤੇ ਪਿਸਤੌਲ ਲਗਾ ਕੇ ਉਸ ਲੜਕੀ ਦੇ ਅੱਗੇ ਬਣੇ ਕਾਊਂਟਰ ਦੇ ਦਰਾਜ ਨੂੰ ਖੋਲ੍ਹ ਕੇ ਉਸ 'ਚ ਪਈ 70 ਹਜ਼ਾਰ ਦੇ ਕਰੀਬ ਨਕਦੀ ਲੁੱਟ ਲਈ। ਉਸ ਸਮੇਂ ਸੁਵਿਧਾ ਕੇਂਦਰ ਦੇ ਕਾਊਂਟਰ 'ਤੇ ਬੈਠੀ ਇਕ ਹੋਰ ਲੜਕੀ ਨੇ ਲੁਟੇਰਿਆਂ ਨਾਲ ਹੱਥੋਪਾਈ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਉਸ ਨੂੰ ਕੁਰਸੀ ਸਮੇਤ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਵਾਰਦਾਤ ਨੂੰ ਅੰਜਾਮ ਦਿੰਦੇ ਅਤੇ ਹਵਾ 'ਚ ਪਿਸਤੌਲ ਲਹਿਰਾਉਂਦੇ ਹੋਏ ਕਾਰ 'ਚ ਬੈਠ ਕੇ ਫਰਾਰ ਹੋ ਗਏ।

PunjabKesari
ਸੁਵਿਧਾ ਕੇਂਦਰ 'ਚ ਲੱਗੇ ਕੈਮਰਿਆਂ 'ਚ ਪੂਰੀ ਵਾਰਦਾਤ ਕੈਦ ਹੋ ਗਈ ਹੈ। ਘਟਨਾ ਵਾਲੀ ਥਾਂ 'ਤੇ ਇਕੱਤਰ ਲੋਕਾਂ ਮੁਤਾਬਕ ਇਸ ਵਾਰ ਵਾਰਦਾਤ ਦੀ ਸੂਚਨਾ ਭੋਗਪੁਰ ਪੁਲਸ ਨੂੰ ਦਿੱਤੀ ਗਈ ਪਰ ਵਾਰਦਾਤ ਤੋਂ 2 ਘੰਟੇ ਬਾਅਦ ਵੀ ਭੋਗਪੁਰ ਪੁਲਸ ਸੁਵਿਧਾ ਕੇਂਦਰ 'ਚ ਨਹੀਂ ਪਹੁੰਚ ਸਕੀ।
2 ਦਿਨ ਪਹਿਲਾਂ ਹੀ ਭੋਗਪੁਰ ਤੋਂ ਸਿਰਫ ਇਕ ਕਿਲੋਮੀਟਰ ਦੂਰੀ 'ਤੇ ਸਥਿਤ ਭੋਗਪੁਰ ਆਦਮਪੁਰ ਸੜਕ 'ਤੇ ਪੈਂਦੇ ਪਿੰਡ ਬਿਨਪਾਲਕੇ 'ਚ ਸੜਕ 'ਤੇ ਸਥਿਤ ਇਕ ਰੈਡੀਮੇਡ ਕੱਪੜੇ ਦੇ ਸ਼ੋਅਰੂਮ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੇ ਕੱਪੜੇ ਅਤੇ ਨਕਦੀ ਚੋਰੀ ਕਰ ਲਈ ਗਈ ਸੀ ਪਰ ਉਸ ਮਾਮਲੇ 'ਚ ਵੀ ਭੋਗਪੁਰ ਪੁਲਸ ਚੋਰਾਂ ਦਾ ਸੁਰਾਗ ਲੱਭਣ 'ਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਇਕ ਮਹੀਨਾ ਪਹਿਲਾਂ ਥਾਣਾ ਭੋਗਪੁਰ ਦੇ ਪਿੰਡ ਕੰਧਾਲਾ ਗੁਰੂ ਸਥਿਤ ਸਹਿਕਾਰੀ ਬੈਂਕ ਦੀ ਬ੍ਰਾਂਚ 'ਚ ਲੁਟੇਰਿਆਂ ਨੇ ਰਾਤ ਸਮੇਂ ਸੇਫ ਨੂੰ ਕਟਰ ਦੀ ਮਦਦ ਨਾਲ ਕੱਟ ਕੇ 13 ਲੱਖ ਰੁਪਏ ਦੇ ਕਰੀਬ ਨਕਦੀ ਲੁੱਟੀ ਸੀ। ਇਲਾਕੇ 'ਚ ਇਸ ਤਰ੍ਹਾਂ ਦੀਆਂ ਕਈ ਹੋਰ ਵੀ ਵਾਰਦਾਤਾਂ ਵਾਪਰ ਚੁੱਕੀਆਂ ਹਨ, ਜਿਸ 'ਚ ਪੁਲਸ ਦੇ ਹੱਥ ਹੁਣ ਤੱਕ ਪੂਰੀ ਤਰ੍ਹਾਂ ਖਾਲੀ ਹਨ।


author

KamalJeet Singh

Content Editor

Related News