ਕਾਰ ਸਵਾਰ ਔਰਤ ਨੇ ਨਾਟਕੀ ਢੰਗ ਨਾਲ ਲੁੱਟੀ ਸੋਨੇ ਦੀ ਚੂੜੀ
Friday, Oct 06, 2017 - 10:19 AM (IST)

ਗੜ੍ਹਦੀਵਾਲਾ (ਜਤਿੰਦਰ)- ਦਿਨ-ਦਿਹਾੜੇ ਸਥਾਨਕ ਮੇਨ ਰੋਡ 'ਤੇ ਕਾਰ ਸਵਾਰ ਲੁਟੇਰਿਆਂ ਵੱਲੋਂ ਨਾਟਕੀ ਢੰਗ ਨਾਲ ਇਕ ਔਰਤ ਦੀ ਸੋਨੇ ਦੀ ਚੂੜੀ ਲੁੱਟ ਲੈਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਲੱਗਭਗ 1.30 ਵਜੇ ਗੜ੍ਹਦੀਵਾਲਾ ਵਾਸੀ ਇਕ ਔਰਤ ਮੇਨ ਰੋਡ 'ਤੇ ਜਾ ਰਹੀ ਸੀ ਤਾਂ ਇਸੇ ਦੌਰਾਨ ਇਕ ਸਫੈਦ ਰੰਗ ਦੀ ਕਾਰ ਪਿੱਛਿਓਂ ਆਈ ਤੇ ਉਸ ਵਿਚ ਬੈਠੀ ਇਕ ਔਰਤ ਨੇ ਜਿਵੇਂ ਹੀ ਕਾਰ ਦੀ ਖਿੜਕੀ ਖੋਲ੍ਹੀ ਤਾਂ ਉਹ ਸੜਕ 'ਤੇ ਜਾ ਰਹੀ ਔਰਤ ਦੀ ਬਾਂਹ ਵਿਚ ਲੱਗੀ। ਕਾਰ ਸਵਾਰ ਔਰਤ ਨੇ ਕਿਹਾ ਕਿ ਤੁਹਾਡੀ ਬਾਂਹ 'ਤੇ ਸੱਟ ਤਾਂ ਨਹੀਂ ਲੱਗੀ, ਮੈਂ ਤੁਹਾਡੀ ਬਾਂਹ ਦੇਖਦੀ ਹਾਂ। ਇਸ ਦੇ ਬਾਅਦ ਉਕਤ ਕਾਰ ਸਵਾਰ ਔਰਤ ਦਸੂਹਾ ਵੱਲ ਨੂੰ ਫਰਾਰ ਹੋ ਗਈ।
ਇਸ ਦੇ ਬਾਅਦ ਪੈਦਲ ਜਾ ਰਹੀ ਔਰਤ ਨੇ ਜਦੋਂ ਆਪਣੀ ਬਾਂਹ ਦੇਖੀ ਤਾਂ ਉਸ ਦੀ ਸੋਨੇ ਦੀ ਚੂੜੀ ਗਾਇਬ ਸੀ, ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਈ। ਔਰਤ ਅਨੁਸਾਰ ਚੂੜੀ ਦੀ ਕੀਮਤ ਲਗਭਗ 25-30 ਹਜ਼ਾਰ ਰੁਪਏ ਬਣਦੀ ਹੈ। ਘਟਨਾ ਸਬੰਧੀ ਗੜ੍ਹਦੀਵਾਲਾ ਪੁਲਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।
ਦਿਲਚਸਪ ਗੱਲ ਇਹ ਹੈ ਕਿ ਗੜ੍ਹਦੀਵਾਲਾ ਮੇਨ ਰੋਡ 'ਤੇ ਹਰ ਸਮੇਂ ਕਾਲਰਾ ਰੋਡ 'ਤੇ ਚੂੰਗੀ ਤੱਕ ਪੁਲਸ ਦੀ ਗਸ਼ਤ ਤੇ ਨਾਕਾਬੰਦੀ ਰਹਿੰਦੀ ਹੈ ਅਤੇ ਅਜਿਹੇ ਵਿਚ ਦਿਨ-ਦਿਹਾੜੇ ਇਕ ਔਰਤ ਨਾਲ ਛੀਨਾ-ਝਪਟੀ ਦੀ ਘਟਨਾ ਪੁਲਸ ਦੀ ਕਾਰਜਸ਼ੈਲੀ 'ਤੇ ਵੀ ਸੁਆਲੀਆ ਨਿਸ਼ਾਨ ਲਾ ਰਹੀ ਹੈ। ਕੁਝ ਮਹੀਨੇ ਪਹਿਲਾਂ ਵੀ ਗੜ੍ਹਦੀਵਾਲਾ ਬੱਸ ਸਟੈਂਡ 'ਤੇ ਅਜਿਹੀ ਹੀ ਇਕ ਘਟਨਾ ਹੋ ਚੁੱਕੀ ਹੈ, ਜਿਸ ਵਿਚ ਕਾਰ ਸਵਾਰ ਔਰਤਾਂ ਨੇ ਬੱਸ ਅੱਡੇ 'ਤੇ ਖੜ੍ਹੀ ਔਰਤ ਨੂੰ ਇਹ ਕਹਿ ਕੇ ਕਾਰ ਵਿਚ ਬਿਠਾ ਲਿਆ ਸੀ ਕਿ ਤੁਸੀਂ ਜਿਸ ਪਿੰਡ ਵਿਆਹ ਵਿਚ ਜਾ ਰਹੇ ਹੋ, ਅਸੀਂ ਵੀ ਉਥੇ ਹੀ ਜਾ ਰਹੇ ਹਾਂ। ਜਿਸ ਦੇ ਝਾਂਸੇ ਵਿਚ ਆ ਕੇ ਔਰਤ ਕਾਰ ਵਿਚ ਸਵਾਰ ਹੋ ਗਈ ਸੀ ਤੇ ਫਿਰ ਉਸ ਨਾਲ ਲੁੱਟ-ਖੋਹ ਕਰ ਕੇ ਉਸ ਨੂੰ ਦਸੂਹਾ ਰੋਡ 'ਤੇ ਕਾਰ ਤੋਂ ਉਤਾਰ ਕੇ ਕਾਰ ਸਵਾਰ ਲੁਟੇਰੇ ਦਸੂਹਾ ਵੱਲ ਨੂੰ ਫਰਾਰ ਹੋ ਗਏ ਸਨ। ਅਜਿਹੀਆਂ ਘਟਨਾਵਾਂ ਕਾਰਨ ਸ਼ਹਿਰ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।