ਪੈਟਰੋਲ ਪੰਪ ''ਤੇ ਦਿਨ-ਦਿਹਾੜੇ ਲੁੱਟ, ਲੁਟੇਰਿਆਂ ਨੇ DC ਦੀ ਰਿਹਾਇਸ਼ ਨੇੜੇ ਦਿੱਤਾ ਵਾਰਦਾਤ ਨੂੰ ਅੰਜਾਮ
Thursday, Nov 17, 2022 - 03:18 AM (IST)
ਤਰਨਤਾਰਨ (ਰਮਨ ਚਾਵਲਾ) : ਦਿਨ-ਦਿਹਾੜੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ 'ਤੇ ਇਕ ਪੈਟਰੋਲ ਪੰਪ ਨੂੰ ਨਕਾਬਪੋਸ਼ ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ ’ਤੇ ਨਿਸ਼ਾਨਾ ਬਣਾ ਲਿਆ ਗਿਆ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਸਰਕਾਰੀ ਰਿਹਾਇਸ਼ ਤੋਂ ਕਰੀਬ 100 ਮੀਟਰ ਤੇ ਐੱਸ.ਐੱਸ.ਪੀ. ਦਫ਼ਤਰ ਤੋਂ 200 ਮੀਟਰ ਦੀ ਦੂਰੀ ’ਤੇ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਨਾਲ ਪੁਲਸ ਦੀ ਕਾਰਜਪ੍ਰਣਾਲੀ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ।
ਇਹ ਵੀ ਪੜ੍ਹੋ : ਬਰਮਿੰਘਮ 'ਚ ਜਲੰਧਰ ਦੇ ਪਾਖੰਡੀ ਬਾਬੇ ਦਾ ਪਰਦਾਫਾਸ਼, ਸੰਗਤਾਂ ਤੋਂ ਮੁਆਫ਼ੀ ਮੰਗ ਅੱਗੇ ਤੋਂ ਪ੍ਰਚਾਰ ਕਰਨ ਤੋਂ ਕੀਤੀ ਤੌਬਾ
ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ ’ਤੇ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਵਿਖੇ ਮੌਜੂਦ ਬਾਬਾ ਜੀ ਫਿਲਿੰਗ ਸਟੇਸ਼ਨ 'ਤੇ ਬੁੱਧਵਾਰ ਦੁਪਹਿਰ 2:30 ਵਜੇ 2 ਨਕਾਬਪੋਸ਼ ਲੁਟੇਰੇ ਦਾਖਲ ਹੋ ਗਏ, ਜਿਨ੍ਹਾਂ ਕੋਲ ਇਕ ਬੈਗ ’ਚ 12 ਬੋਰ ਰਾਈਫਲ ਸੀ। ਦੋਵੇਂ ਲੁਟੇਰੇ ਪੈਟਰੋਲ ਪੰਪ ਦੇ ਕਰਮਚਾਰੀ ਹਰਦੀਪ ਸਿੰਘ ਅਤੇ ਲਵ ਨੂੰ ਬੰਦੂਕ ਦੀ ਨੋਕ ’ਤੇ ਕਮਰੇ ’ਚ ਲੈ ਗਏ, ਜਿੱਥੇ ਉਨ੍ਹਾਂ ਨਾਲ ਕੁੱਟਮਾਰ ਕਰਦੇ ਹੋਏ ਕਰੀਬ 10 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ ਗਈ। ਇਸ ਦੌਰਾਨ ਕਮਰੇ 'ਚ ਮੌਜੂਦ ਪੈਟਰੋਲ ਪੰਪ ਮਾਲਕ ਕੁਲਦੀਪ ਸਿੰਘ ਵਾਸੀ ਤਰਨਤਾਰਨ ਨੂੰ ਗੰਨ ਪੁਆਇੰਟ ’ਤੇ ਲੈਂਦਿਆਂ ਕੈਸ਼ ਦੀ ਮੰਗ ਕੀਤੀ ਗਈ। ਪੰਪ ’ਚ ਜ਼ਿਆਦਾ ਕੈਸ਼ ਨਾ ਹੋਣ ਕਾਰਨ ਲੁਟੇਰੇ ਜਾਣ ਸਮੇਂ ਮਾਲਕ ਤੇ ਕਰਮਚਾਰੀਆਂ ਦੇ 4 ਮੋਬਾਈਲ ਤੇ ਕਾਰ ਦੀ ਚਾਬੀ ਲੈ ਫਰਾਰ ਹੋ ਗਏ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਰਹਾਲੀ ਦੀ ਪੁਲਸ ਵੱਲੋਂ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।