ਗੁੰਡੇ ਫਿਲਮ ਦੇਖ ਕੇ ਚੱਲ ਪਿਆ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ
Wednesday, Feb 07, 2018 - 06:03 AM (IST)
ਪੁਰਾਣੇ ਨੌਕਰ ਨੇ ਘਰ 'ਚ ਕੀਤੀ ਲੁੱਟ-ਖੋਹ ਦੀ ਕੋਸ਼ਿਸ਼
ਲੁਧਿਆਣਾ(ਤਰੁਣ)-ਬਾਲੀਵੁੱਡ ਫਿਲਮ ਗੁੰਡੇ ਦਾ ਇਕ ਸੀਨ ਦੇਖ ਕੇ ਇਕ 17 ਸਾਲਾ ਨੌਕਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਨਿਕਲ ਪਿਆ। ਘਰ ਵਿਚ ਮੌਜੂਦ ਔਰਤ ਦੀ ਦਲੇਰੀ ਕਾਰਨ ਲੁੱਟ ਦੀ ਵਾਰਦਾਤ ਅਸਫਲ ਹੋਈ। ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਸੁੰਦਰ ਨਗਰ ਇਲਾਕੇ 'ਚ ਮੰਗਲਵਾਰ ਬਾਅਦ ਦੁਪਹਿਰ ਦੀ ਹੈ। ਸੂਚਨਾ ਮਿਲਣ ਤੋਂ ਬਆਦ ਏ. ਸੀ. ਪੀ. ਮਨਦੀਪ ਸਿੰਘ, ਥਾਣਾ ਦਰੇਸੀ ਮੁਖੀ ਸੁਰਿੰਦਰ ਚੋਪੜਾ ਅਤੇ ਚੌਕੀ ਸੁੰਦਰ ਨਗਰ ਦੇ ਇੰਚਾਰਜ ਗੁਰਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ, ਜਿਸ ਤੋਂ ਬਾਅਦ 24 ਘੰਟਿਆਂ ਅੰਦਰ ਇਲਾਕਾ ਪੁਲਸ ਨੇ ਦੋਸ਼ੀ ਨੂੰ ਕਾਬੂ ਕਰ ਲਿਆ। ਦੋਸ਼ੀ ਦੀ ਪਛਾਣ ਕੁਲਦੀਪ ਉਰਫ ਦੀਪ ਨਿਵਾਸੀ ਨਿਊ ਸ਼ਿਵਾਜੀ ਨਗਰ ਅਤੇ ਮੂਲ ਨਿਵਾਸੀ ਯੂ. ਪੀ. ਵਜੋਂ ਹੋਈ ਹੈ। ਗੁਰਜੀਤ ਸਿੰਘ ਨੇ ਦੱਸਿਆ ਕਿ ਸੁੰਦਰ ਨਗਰ ਇਲਾਕੇ ਵਿਚ ਸੁਭਾਸ਼ ਚੋਪੜਾ ਆਪਣੀ ਪਤਨੀ ਸਰੋਜ ਬਾਲਾ ਨਾਲ ਘਰ ਵਿਚ ਮੌਜੂਦ ਸੀ। ਪਤਨੀ ਕਮਰੇ ਵਿਚ ਬੈਠੀ ਸੀ, ਜਦੋਂਕਿ ਸੁਭਾਸ਼ ਬੈੱਡਰੂਮ 'ਚ ਆਰਾਮ ਕਰ ਰਿਹਾ ਸੀ। ਸੋਮਵਾਰ ਦੁਪਹਿਰ ਮੰਕੀ ਕੈਪ ਪਹਿਨੀ ਦੋਸ਼ੀ ਦੀਪ ਘਰ ਵਿਚ ਦਾਖਲ ਹੋਇਆ। ਕਮਰੇ 'ਚ ਬੈਠੀ ਸਰੋਜ ਬਾਲਾ ਨੂੰ ਲੱਗਾ ਕਿ ਕੋਈ ਕਮਰੇ ਦੇ ਬਾਹਰ ਖੜ੍ਹਾ ਹੈ। ਜਦੋਂ ਉਹ ਕਮਰੇ ਤੋਂ ਬਾਹਰ ਆਈ ਤਾਂ ਦੀਪ ਦੇ ਹੱਥ 'ਚ ਖੰਜਰ ਸੀ, ਜਿਸ ਨੂੰ ਦੇਖ ਦੇ ਉਸ ਨੇ ਰੌਲਾ ਪਾਇਆ। ਦੀਪ ਨੇ ਖੰਜਰ ਨਾਲ ਸਰੋਜ ਬਾਲਾ 'ਤੇ ਹਮਲਾ ਕੀਤਾ। ਸਰੋਜ ਬਾਲਾ ਨੇ ਦੀਪ ਦਾ ਮੁਕਾਬਲਾ ਕੀਤਾ, ਜਿਸ 'ਚ ਸਰੋਜ ਬਾਲਾ ਦੇ ਅੰਗੂਠੇ ਦੇ ਕੋਲ ਕੱਟ ਲੱਗਾ। ਚੀਕ ਸੁਣ ਕੇ ਸੁਭਾਸ਼ ਬਾਹਰ ਆਉਂਦਾ, ਉਸ ਤੋਂ ਪਹਿਲਾਂ ਹੀ ਦੋਸ਼ੀ ਮੌਕੇ 'ਤੇ ਫਰਾਰ ਹੋ ਗਿਆ। ਸੁਭਾਸ਼ ਨੇ ਪੁਲਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੁਲਸ ਨੇ ਮੰਗਲਵਾਰ ਨੂੰ 11 ਵਜੇ ਬਾਂਬੇ ਟਾਇਰ ਕੋਲੋਂ ਦੋਸ਼ੀ ਨੂੰ ਉਸ ਸਮੇਂ ਕਾਬੂ ਕੀਤਾ, ਜਦੋਂ ਦੋਸ਼ੀ ਭੱਜਣ ਦੀ ਤਾਕ ਵਿਚ ਸੀ। ਪੁਲਸ ਨੇ ਸੁਭਾਸ਼ ਚੋਪੜਾ ਦੇ ਬਿਆਨ 'ਤੇ ਦੋਸ਼ੀ ਦੀਪ ਖਿਲਾਫ ਲੁੱਟ-ਖੋਹ ਸਮੇਤ ਕਈ ਅਪਰਾਧਕ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ।
ਸੀ. ਸੀ. ਟੀ. ਵੀ. ਫੁਟੇਜ ਤੋਂ ਦੋਸ਼ੀ ਫੜਿਆ ਗਿਆ
ਕੁਲਦੀਪ ਉਰਫ ਦੀਪ ਕਾਲੇ ਕੱਪੜੇ ਅਤੇ ਮੰਕੀ ਕੈਪ ਪਹਿਨ ਕੇ ਵਾਰਦਾਤ ਨੂੰ ਅੰਜਾਮ ਦੇਣ ਲਈ ਨਿਕਲਿਆ ਸੀ। ਭੱਜਦੇ ਸਮੇਂ ਉਹ ਇਲਾਕੇ ਦੇ ਇਕ ਕੰਪਲੈਕਸ ਦੇ ਬਾਹਰ ਲੱਗੇ ਕੈਮਰੇ 'ਚ ਕੈਦ ਹੋ ਗਿਆ। ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਹਾਸਲ ਕਰ ਕੇ ਸੁਭਾਸ਼ ਚੋਪੜਾ ਦੇ ਪਰਿਵਾਰ ਨੂੰ ਦਿਖਾਈ ਤਾਂ ਦੋਸ਼ੀ ਦੀ ਪਛਾਣ ਹੋਈ, ਜਿਸ ਤੋਂ ਬਾਅਦ ਪੁਲਸ ਨੇ ਟੀਮਾਂ ਬਣਾ ਕੇ ਦੋਸ਼ੀ ਨੂੰ ਧਰ ਦਬੋਚਿਆ।
ਦੋ ਮਹੀਨੇ ਪਹਿਲਾਂ ਛੱਡੀ ਸੀ ਨੌਕਰੀ
ਦੀਪ ਨੇ ਸੁਭਾਸ਼ ਚੋਪੜਾ ਦੇ ਘਰ ਵਿਚ ਕਰੀਬ ਦੋ ਸਾਲ ਤਕ ਕੰਮ ਕੀਤਾ। ਦੋ ਮਹੀਨੇ ਪਹਿਲਾਂ ਉਸ ਨੇ ਨੌਕਰੀ ਛੱਡ ਦਿੱਤੀ ਸੀ। ਦੀਪ ਨੂੰ ਘਰ ਦੇ ਸਾਰੇ ਭੇਦ ਪਤਾ ਸਨ। ਦੋਸ਼ੀ ਜਾਣਦਾ ਸੀ ਕਿ ਸੁਭਾਸ਼ ਚੋਪੜਾ ਘਰ 'ਚ ਨਕਦੀ ਅਤੇ ਸੋਨਾ ਕਿੱਥੇ ਰੱਖਦਾ ਹੈ, ਜਿਸ ਤੋਂ ਬਾਅਦ ਦੋਸ਼ੀ ਨੇ ਜਲਦ ਅਮੀਰ ਬਣਨ ਦੇ ਚੱਕਰ ਵਿਚ ਵਾਰਦਾਤ ਨੂੰ ਅੰਜਾਮ ਦਿੱਤਾ।
ਘਰ 'ਚ ਨਹੀਂ ਸੀ ਸੋਨਾ ਅਤੇ ਨਕਦੀ
ਸੁਭਾਸ਼ ਚੋਪੜਾ ਨੇ ਦੱਸਿਆ ਕਿ ਸ਼ਹਿਰ ਵਿਚ ਲੁੱਟ-ਖੋਹ ਦੀਆਂ ਵਧ ਰਹੀਆਂ ਵਾਰਦਾਤਾਂ ਕਾਰਨ ਉਸ ਨੇ ਘਰ ਦਾ ਸਾਰਾ ਸੋਨਾ ਬੈਂਕ ਦੇ ਲਾਕਰ ਵਿਚ ਹੀ ਰੱਖਿਆ ਹੋਇਆ ਹੈ, ਜਦੋਂਕਿ ਘਰ ਖਰਚ ਲਈ ਕੁਝ ਨਕਦੀ ਉਨ੍ਹਾਂ ਨੇ ਘਰ ਦੀ ਅਲਮਾਰੀ 'ਚ ਰੱਖੀ ਹੋਈ ਸੀ।
