ਲੁਟੇਰਿਆਂ ਨੇ ਪੁੱਤ ਨਾਲ ਮੋਟਰਸਾਈਕਲ 'ਤੇ ਜਾ ਰਹੀ ਮਾਂ ਦੀਆਂ ਝਪਟੀਆਂ ਵਾਲੀਆਂ, ਡਿੱਗਣ ਨਾਲ ਹੋਈ ਮੌਤ
Wednesday, Aug 24, 2022 - 08:44 PM (IST)
 
            
            ਗੁਰਾਇਆ (ਮੁਨੀਸ਼ ਬਾਵਾ) : ਬੇਖੌਫ ਲੁਟੇਰਿਆਂ ਦਾ ਕਹਿਰ ਇਨ੍ਹੀਂ ਦਿਨੀਂ ਆਮ ਲੋਕਾਂ 'ਤੇ ਭਾਰੀ ਪੈ ਰਿਹਾ ਹੈ ਪਰ ਪੁਲਸ ਮੂਕ ਦਰਸ਼ਕ ਬਣੀ ਬੈਠੀ ਹੈ। ਤਾਜ਼ਾ ਮਾਮਲਾ ਪਿੰਡ ਬੁੰਡਾਲਾ 'ਚੋਂ ਸਾਹਮਣੇ ਆਇਆ ਹੈ, ਜਿੱਥੇ ਮਾਂ-ਪੁੱਤ ਮੋਟਰਸਾਈਕਲ 'ਤੇ ਆਪਣੇ ਰਿਸ਼ਤੇਦਾਰਾਂ ਦੇ ਜਾ ਰਹੇ ਸਨ ਤਾਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਕੰਨਾਂ ਵਿੱਚ ਪਾਈਆਂ ਵਾਲੀਆਂ ਖਿੱਚਣ ਵੇਲੇ ਮੋਟਰਸਾਈਕਲ ਪਿੱਛੇ ਬੈਠੀ ਮਾਂ ਨੂੰ ਹੇਠਾਂ ਸੁੱਟ ਦਿੱਤਾ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ 65 ਸਾਲਾ ਗੁਰਬਖਸ਼ ਕੌਰ ਦੇ ਦਿਓਰ ਲੰਬੜਦਾਰ ਬਲਜੀਤ ਕੁਮਾਰ ਤੇ ਮ੍ਰਿਤਕਾ ਦੇ ਪੁੱਤਰ ਗੁਰਅਵਤਾਰ ਸਿੰਘ ਰਿੰਕੂ ਨੇ ਦੱਸਿਆ ਕਿ ਸਵੇਰੇ 10-11 ਵਜੇ ਦੇ ਕਰੀਬ ਉਹ ਘਰੋਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਲੰਧਰ ਜਾ ਰਹੇ ਸਨ, ਜਦ ਜੰਡਿਆਲਾ ਪੁਲਸ ਚੌਕੀ ਤੋਂ 200 ਮੀਟਰ ਦੀ ਦੂਰੀ 'ਤੇ ਪਹੁੰਚੇ ਤਾਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਨ੍ਹਾਂ ਦੇ ਮੋਟਰਸਾਈਕਲ ਪਿੱਛੇ ਬੈਠੀ ਉਸ ਦੀ ਮਾਂ ਦੇ ਕੰਨਾਂ ਵਿੱਚ ਪਾਈਆਂ ਵਾਲੀਆਂ ਲੁੱਟਣ ਦੀ ਨੀਅਤ ਨਾਲ ਉਸ ਨੂੰ ਖਿੱਚ ਲਿਆ ਤਾਂ ਉਸ ਦੀ ਮਾਤਾ ਮੋਟਰਸਾਈਕਲ ਤੋਂ ਹੇਠਾਂ ਡਿੱਗ ਗਈ, ਜਿਸ ਨਾਲ ਉਸ ਦੀ ਮਾਤਾ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਸਾਬਕਾ ਕੇਂਦਰੀ ਮੰਤਰੀ ਰਾਮੂਵਾਲੀਆ ਦਾ PA ਲੱਖਾਂ ਦਾ ਚੂਨਾ ਲਾ ਕੇ ਭੱਜਿਆ ਵਿਦੇਸ਼, ਮਾਮਲਾ ਦਰਜ
ਉਨ੍ਹਾਂ ਦੱਸਿਆ ਕਿ ਗੁਰਬਖਸ਼ ਕੌਰ ਨੂੰ ਫਗਵਾੜਾ ਦੇ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ, ਜਿਨ੍ਹਾਂ 'ਚ ਮੋਟਰਸਾਈਕਲ ਸਵਾਰ ਲੁਟੇਰਿਆਂ ਦੀਆਂ ਤਸਵੀਰਾਂ ਵੀ ਆਈਆਂ ਹਨ। ਪੁਲਸ ਵੱਲੋਂ ਮ੍ਰਿਤਕ ਗੁਰਬਖਸ਼ ਕੌਰ ਦੇ ਪੁੱਤਰ ਗੁਰਅਵਤਾਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਵਾਰਦਾਤ ਤੋਂ ਬਾਅਦ ਪੁਲਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਵੀ ਮੌਕੇ 'ਤੇ ਆ ਕੇ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ : 2 ਅਖੌਤੀ ਪੱਤਰਕਾਰਾਂ 'ਤੇ ਪਰਚਾ ਦਰਜ, ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਕਰਦੇ ਸਨ ਬਲੈਕਮੇਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                            