ਮਖੂ ’ਚ ਲੁਟੇਰਿਆਂ ਦਾ ਖੌਫ਼, ਕਿਤੇ ਹਥਿਆਰਾਂ ਦੀ ਨੋਕ ’ਤੇ ਖੋਹਿਆ ਮੋਬਾਇਲ, ਕਿਤੇ ਲੁੱਟੀ ਦੁਕਾਨ

Wednesday, Jun 01, 2022 - 02:03 PM (IST)

ਮਖੂ ’ਚ ਲੁਟੇਰਿਆਂ ਦਾ ਖੌਫ਼, ਕਿਤੇ ਹਥਿਆਰਾਂ ਦੀ ਨੋਕ ’ਤੇ ਖੋਹਿਆ ਮੋਬਾਇਲ, ਕਿਤੇ ਲੁੱਟੀ ਦੁਕਾਨ

ਮਖੂ (ਵਾਹੀ) : ਮਖੂ ਸ਼ਹਿਰ ਅਤੇ ਇਲਾਕੇ ਵਿਚ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨਿਰਵਿਘਨ ਜਾਰੀ ਹਨ। ਬੀਤੇ ਦਿਨੀਂ ਦੁਪਹਿਰ 3 ਵਜੇ ਮਖੂ ਮੇਨ ਬਾਜ਼ਾਰ ਸ਼ਿਵਾਲਾ ਮੰਦਰ ਦੇ ਨਜ਼ਦੀਕ ਗਲੀ ਵਾਲੇ ਚੌਂਕ ਵਿਚ ਪ੍ਰਿੰਸ ਬੁੱਕ ਡਿਪੋ ਦੇ ਮਾਲਕ ਪ੍ਰਵੇਸ਼ ਕੁਮਾਰ ਪ੍ਰਿੰਸ ਤੋਂ ਮੋਟਰਸਾਈਕਲ ’ਤੇ ਆਏ ਦੋ ਲੁਟੇਰਿਆਂ ਨੇ ਕਾਪੇ ਦੀ ਨੋਕ ’ਤੇ 20 ਹਜ਼ਾਰ ਰੁਪਏ ਕੀਮਤ ਵਾਲਾ ਮੋਬਾਇਲ ਖੋਹ ਲਿਆ ਅਤੇ ਫ਼ਰਾਰ ਹੋ ਗਏ। ਪ੍ਰਵੇਸ਼ ਕੁਮਾਰ ਪ੍ਰਿੰਸ ਨੇ ਦੱਸਿਆ ਕਿ ਲੁਟੇਰਿਆਂ ਦੇ ਫਰਾਰ ਹੁੰਦੇ ਦੀ ਮੋਟਰਸਾਈਕਲ ਸਮੇਤ ਫੋਟੋ ਕੈਮਰੇ ਵਿਚ ਕੈਦ ਹੋ ਗਈ ਹੈ ਅਤੇ ਘਟਨਾ ਦੀ ਲਿਖਤੀ ਜਾਣਕਾਰੀ ਪੁਲਸ ਥਾਣਾ ਮਖੂ ਨੂੰ ਦਿੱਤੀ ਗਈ ਹੈ।

ਦੂਸਰੀ ਘਟਨਾ ਪੁਲਸ ਥਾਣਾ ਮਖੂ ਵਿਚ ਪੈਂਦੇ ਕੁੱਸੂ ਵਾਲਾ ਮੋੜ ਦੀ ਹੈ, ਜਿਥੇ ਤਿੰਨ ਚੋਰਾਂ ਨੇ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਰਾਤ ਵੇਲੇ ਚੋਰ ਸ਼ਟਰ ਤੋੜ ਕੇ ਇਕ ਲੱਖ ਤੀਹ ਹਜ਼ਾਰ ਦੀ ਰਕਮ ਤੋਂ ਇਲਾਵਾ 70-80 ਹਜ਼ਾਰ ਰੁਪਏ ਦਾ ਕਰਿਆਨਾ ਅਤੇ ਰੈਡੀਮੇਡ ਕਪੜਾ ਲੈ ਕੇ ਫ਼ਰਾਰ ਹੋ ਗਏ। ਦੁਕਾਨ ਮਾਲਕ ਚਰਨ ਸਿੰਘ ਪੁੱਤਰ ਬਘੇਲ ਸਿੰਘ ਨੇ ਦੱਸਿਆ ਕਿ ਦੁਕਾਨ ਦੀ ਸੇਲ ਤੋਂ ਇਲਾਵਾ ਹੋਰ ਪੈਸੇ ਵੀ ਦੁਕਾਨ ਵਿਚ ਪਏ ਸਨ ਅਤੇ ਕਰੀਬ 25 ਹਜ਼ਾਰ ਰੁਪਏ ਦਸਵੰਧ ਸੀ ਚੋਰ ਉਹ ਵੀ ਲੈ ਗਏ। ਕੁੱਲ 130000 ਨਕਦ ਸਮੇਤ 2 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ, ਜਿਸ ਦੀ ਲਿਖਤੀ ਜਾਣਕਾਰੀ ਜੋਗੇ ਵਾਲਾ ਚੌਂਕੀ ਨੂੰ ਦਿੱਤੀ ਗਈ ਹੈ।


author

Gurminder Singh

Content Editor

Related News