ਰੋਡਵੇਜ਼ ਡਿਪੂ-1 ’ਚ ਕੋਰੋਨਾ ਦੀ ਦਸਤਕ ਨਾਲ ਦਫਤਰ ਸੀਲ, ਖਾਲੀ ਨਜ਼ਰ ਆਇਆ ਬੱਸ ਸਟੈਂਡ

Friday, Aug 21, 2020 - 07:12 AM (IST)

ਰੋਡਵੇਜ਼ ਡਿਪੂ-1 ’ਚ ਕੋਰੋਨਾ ਦੀ ਦਸਤਕ ਨਾਲ ਦਫਤਰ ਸੀਲ, ਖਾਲੀ ਨਜ਼ਰ ਆਇਆ ਬੱਸ ਸਟੈਂਡ

ਜਲੰਧਰ, (ਪੁਨੀਤ)–ਪੰਜਾਬ ਰੋਡਵੇਜ਼ ਜਲੰਧਰ ਡਿਪੂ-1 ਵਿਚ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ, ਜਿਸ ਕਾਰਣ ਕਰਮਚਾਰੀਆਂ ਵਿਚ ਦਹਿਸ਼ਤ ਦਾ ਮਾਹੌਲ ਹੈ। ਬੀਤੇ ਦਿਨ ਦਫਤਰ ਨੂੰ ਸੈਨੇਟਾਈਜ਼ ਕਰਵਾ ਕੇ ਸੀਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਲੁਧਿਆਣਾ ਦੇ ਰਹਿਣ ਵਾਲੇ ਅਕਾਊਂਟਸ ਅਧਿਕਾਰੀ ਪੰਕਜ ਜੇਤਲੀ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਹ ਖਬਰ ਬੱਸ ਅੱਡੇ ਵਿਚ ਹੀ ਫੈਲ ਗਈ, ਜਿਸ ਕਾਰਣ ਰੁਟੀਨ ਮੁਤਾਬਕ ਬੱਸ ਅੱਡਾ ਖਾਲੀ-ਖਾਲੀ ਨਜ਼ਰ ਆਇਆ। ਜਿਹੜੇ ਲੋਕ ਬਿਨਾਂ ਵਜ੍ਹਾ ਬੱਸ ਅੱਡੇ ਵਿਚ ਬੈਠੇ ਰਹਿੰਦੇ ਹਨ, ਉਹ  ਨਜ਼ਰ ਨਹੀਂ ਆਏ।

ਪਾਜ਼ੇਟਿਵ ਕਰਮਚਾਰੀ ਪਿਛਲੇ ਕਈ ਦਿਨਾਂ ਤੋਂ ਦਫਤਰ ਨਹੀਂ ਆ ਰਹੇ ਸਨ। ਹਾਲ ਹੀ ਵਿਚ ਉਸ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਣ ’ਤੇ ਅਧਿਕਾਰੀਆਂ ਨੇ ਅਹਿਤਿਆਤ ਵਜੋਂ ਸਾਰੇ ਕਰਮਚਾਰੀਆਂ ਨੂੰ ਸਾਵਧਾਨੀ ਵਰਤਣ ਦੀਆਂ ਹਦਾਇਤਾਂ ਦਿੱਤੀਆਂ ਹਨ। ਉੱਚ ਅਧਿਕਾਰੀਆਂ ਨੇ ਪਾਜ਼ੇਟਿਵ ਆਏ ਕਰਮਚਾਰੀ ਦੇ ਸੰਪਰਕ ਵਿਚ ਆਉਣ ਵਾਲੇ ਸਾਰੇ ਕਰਮਚਾਰੀਆਂ ਨੂੰ ਕੋਰੋਨਾ ਦਾ ਟੈਸਟ ਕਰਵਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਹੈ ਕਿ ਜਿਹੜੇ ਕਰਮਚਾਰੀ ਨੂੰ ਕੋਰੋਨਾ ਦੇ ਲੱਛਣ ਲੱਗਦੇ ਹਨ, ਉਹ ਛੁੱਟੀ ਲੈ ਕੇ ਘਰ ਵਿਚ ਹੀ ਆਰਾਮ ਕਰੇ।

ਅਧਿਕਾਰੀਆਂ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਦਫਤਰ ਨੂੰ ਰੁਟੀਨ ਵਿਚ ਸੈਨੇਟਾਈਜ਼ ਕਰਵਾਇਆ ਜਾ ਰਿਹਾ ਹੈ ਅਤੇ ਹੁਣ ਹੋਰ ਵੀ ਅਹਿਤਿਆਤ ਵਰਤੀ ਜਾਏਗੀ। ਦਫਤਰ ਆਉਣ ਵਾਲੇ ਹਰੇਕ ਕਰਮਚਾਰੀ ਦੀ ਐਂਟਰੀ ਪੁਆਇੰਟ ’ਤੇ ਥਰਮਲ ਸਕੈਨਿੰਗ ਕਰਵਾਈ ਜਾਵੇਗੀ ਅਤੇ ਬਿਨਾਂ ਮਾਸਕ ਕਰਮਚਾਰੀਆਂ ਨੂੰ ਦਫਤਰ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਇਸੇ ਤਰ੍ਹਾਂ ਦਫਤਰ ਵਿਚ ਕੈਸ਼ ਜਮ੍ਹਾ ਕਰਵਾਉਣ ਲਈ ਅਾਉਣ ਵਾਲੇ ਬੱਸ ਸਟਾਫ ਦੀ ਸਕੈਨਿੰਗ ਵੀ ਜ਼ਰੂਰੀ ਹੋਵੇਗੀ ਤਾਂ ਕਿ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਐਂਟਰੀ ਗੇਟ ’ਤੇ ਸੈਨੇਟਾਈਜ਼ਰ ਰਖਵਾਇਆ ਗਿਆ ਹੈ ਤਾਂ ਕਿ ਜੋ ਵੀ ਅੰਦਰ ਆਵੇ ਆਪਣੇ ਹੱਥਾਂ ਨੰੂੰ ਸੈਨੇਟਾਈਜ਼ ਕਰ ਸਕੇ। ਦਫਤਰ ਖੁੱਲ੍ਹਣ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਜੋ ਵੀ ਹਦਾਇਤਾਂ ਹੋਣਗੀਆਂ ਉਨ੍ਹਾਂ ਮੁਤਾਬਕ ਹੀ ਦਫਤਰ ਨੂੰ ਖੋਲ੍ਹਣ ਦਾ ਫੈਸਲਾ ਹੋਵੇਗਾ।


author

Lalita Mam

Content Editor

Related News