ਹਰਿਆਣਾ ਤੇ ਦਿੱਲੀ ਲਈ ਨਹੀਂ ਚੱਲੀਆਂ ਰੋਡਵੇਜ਼ ਦੀਆਂ ਬੱਸਾਂ
Tuesday, Jul 11, 2017 - 05:19 AM (IST)
ਹੁਸ਼ਿਆਰਪੁਰ, (ਜ.ਬ.)- ਇੰਡੀਅਨ ਨੈਸ਼ਨਲ ਲੋਕ ਦਲ ਵੱਲੋਂ ਸਤਲੁਜ ਯਮੁਨਾ ਲਿੰਕ ਨਹਿਰ ਵਿਵਾਦ ਨੂੰ ਲੈ ਕੇ ਹਰਿਆਣਾ ਬੰਦ ਦੇ ਐਲਾਨ ਨੂੰ ਦੇਖਦੇ ਹੋਏ ਪੰਜਾਬ ਰੋਡਵੇਜ਼ ਨੇ ਆਪਣੀਆਂ ਬੱਸਾਂ ਦੇ ਹਰਿਆਣਾ ਤੇ ਦਿੱਲੀ ਜਾਣ 'ਤੇ ਰੋਕ ਲਾ ਦਿੱਤੀ ਸੀ, ਜਿਸ ਕਾਰਨ ਦਿਨ ਸਮੇਂ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੂਸਰੇ ਪਾਸੇ ਰੋਡਵੇਜ਼ ਦੇ ਹੁਸ਼ਿਆਰਪੁਰ ਡਿਪੂ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਹਾਲਾਤ 'ਚ ਸੁਧਾਰ ਨੂੰ ਦੇਖਦੇ ਹੋਏ ਮੰਗਲਵਾਰ ਦਿੱਲੀ ਨੂੰ ਸਾਰੀਆਂ ਰੋਡਵੇਜ਼ ਦੀਆਂ ਬੱਸਾਂ ਜਾਣਗੀਆਂ।
ਦਿੱਲੀ ਕਾਊਂਟਰ 'ਤੇ ਰਿਹਾ ਸੰਨਾਟਾ : ਹੁਸ਼ਿਆਰਪੁਰ ਬੱਸ ਸਟੈਂਡ 'ਤੇ ਸਵੇਰੇ ਜਿਉਂ ਹੀ ਯਾਤਰੀ ਦਿੱਲੀ ਜਾਣ ਲਈ ਬੱਸ ਸਟੈਂਡ ਪਹੁੰਚੇ ਤਾਂ ਦਿੱਲੀ ਕਾÀੂਂਟਰ 'ਤੇ ਬੱਸ ਨਾ ਦੇਖ ਕੇ ਹੈਰਾਨ ਹੋ ਗਏ। ਜਦੋਂ ਇਸ ਸਬੰਧੀ ਯਾਤਰੀਆਂ ਨੇ ਮੁਲਾਜ਼ਮਾਂ ਤੋਂ ਬੱਸ ਨਾ ਚੱਲਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਸਤਲੁਜ ਯਮੁਨਾ ਲਿੰਕ ਨਹਿਰ ਦੇ ਵਿਵਾਦ ਨੂੰ ਲੈ ਕੇ ਹਰਿਆਣਾ ਵਿਚ ਹਾਲਾਤ ਵਿਗੜਨ ਦੀ ਸੰਭਾਵਨਾ ਨੂੰ ਦੇਖ ਕੇ ਦਿੱਲੀ ਜਾਣ ਵਾਲੀਆਂ ਸਾਰੀਆਂ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸੇ ਦੌਰਾਨ ਕਈ ਯਾਤਰੀ ਬੱਸ ਦੇ ਕਾਊਂਟਰ 'ਤੇ ਲੱਗਣ ਦਾ ਇੰਤਜ਼ਾਰ ਕਰਦੇ ਰਹੇ।
ਰੋਡਵੇਜ਼ ਨੂੰ ਹੋਇਆ ਲੱਖਾਂ ਦਾ ਨੁਕਸਾਨ : ਹੁਸ਼ਿਆਰਪੁਰ ਤੋਂ ਹਰਿਆਣਾ ਤੇ ਦਿੱਲੀ ਜਾਣ ਵਾਲੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨਾ ਚੱਲਣ ਨਾਲ ਰੋਡਵੇਜ਼ ਨੂੰ ਕਾਫੀ ਨੁਕਸਾਨ ਝੱਲਣਾ ਪਿਆ। ਪੰਜਾਬ ਰੋਡਵੇਜ਼ ਨੂੰ ਇਕ ਦਿਨ 'ਚ 18 ਡਿਪੂਆਂ ਦੀਆਂ ਬੱਸਾਂ ਨਾ ਚੱਲਣ ਕਾਰਨ ਔਸਤਨ 25 ਲੱਖ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਪਹੁੰਚਿਆ ਅਤੇ ਪੀ. ਆਰ. ਟੀ. ਸੀ. ਦੇ 11 ਡਿਪੂਆਂ ਤੋਂ ਦਿੱਲੀ ਜਾਣ ਵਾਲੀਆਂ ਬੱਸਾਂ ਨਾ ਚੱਲਣ ਕਾਰਨ 15 ਤੋਂ 20 ਲੱਖ ਤੱਕ ਦਾ ਨੁਕਸਾਨ ਹੋਇਆ।
ਰੋਡਵੇਜ਼ ਦਾ ਪਹਿਲਾ ਟੀਚਾ ਯਾਤਰੀਆਂ ਦੀ ਸੁਰੱਖਿਆ : ਮਿਨਹਾਸ : ਇਸ ਸਬੰਧੀ ਹੁਸ਼ਿਆਰਪੁਰ ਡਿਪੂ ਦੇ ਜਨਰਲ ਮੈਨੇਜਰ ਹਰਜਿੰਦਰ ਸਿੰਘ ਮਿਨਹਾਸ ਤੋਂ ਜਦੋਂ ਪੁੱਛਿਆ ਗਿਆ ਤਾਂ ਉਨ੍ਹਾਂ ਸਾਫ਼ ਤੌਰ 'ਤੇ ਕਿਹਾ ਕਿ ਕਿਸੇ ਗੜਬੜੀ ਦੇ ਖਦਸ਼ੇ ਦੇ ਮੱਦੇਨਜ਼ਰ ਹੀ ਸਰਕਾਰ ਨੇ ਸੋਮਵਾਰ ਨੂੰ ਹਰਿਆਣਾ ਤੇ ਦਿੱਲੀ ਜਾਣ ਵਾਲੀਆਂ ਬੱਸਾਂ ਨੂੰ ਰੋਕ ਦਿੱਤਾ ਹੈ। ਰੋਡਵੇਜ਼ ਦਾ ਪਹਿਲਾ ਟੀਚਾ ਯਾਤਰੀਆਂ ਦੀ ਸੁਰੱਖਿਆ ਹੈ। ਹਾਲਾਤ ਠੀਕ ਹੋਣ ਦੀ ਸੂਚਨਾ ਤੋਂ ਬਾਅਦ ਮੰਗਲਵਾਰ ਨੂੰ ਹੁਸ਼ਿਆਰਪੁਰ ਡਿਪੂ ਤੋਂ ਸਾਰੀਆਂ ਬੱਸਾਂ ਹਰਿਆਣਾ ਤੇ ਦਿੱਲੀ ਨੂੰ ਪਹਿਲਾਂ ਵਾਂਗ ਚੱਲਣਗੀਆਂ।
