ਮਾਮਲਾ ਬਾਜ਼ਾਰਾਂ ਤੇ ਸੜਕਾਂ ’ਤੇ ਲੱਗ ਰਹੇ ਜਾਮ ਦਾ, ਕੱਲ ਤੋਂ ਸ਼ੁਰੂ ਹੋਵੇਗੀ ਕਬਜ਼ਾ ਹਟਾਓ ਮੁਹਿੰਮ
Sunday, Jan 19, 2020 - 12:20 PM (IST)
ਲੁਧਿਆਣਾ (ਸੁਰਿੰਦਰ ਸੰਨੀ) - ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਅਤੇ ਸੜਕਾਂ ’ਤੇ ਦੁਕਾਨਦਾਰਾਂ ਵਲੋਂ ਕੀਤੇ ਜਾ ਰਹੇ ਕਬਜ਼ਿਆਂ ਅਤੇ ਲਗਾਈਆਂ ਜਾ ਰਹੀਆਂ ਰੇਹੜੀਆਂ ਅਤੇ ਫੜ੍ਹੀਆਂ ਕਾਰਨ ਜਾਮ ਲੱਗ ਰਹੇ ਹਨ। ਇਸ ਟਰੈਫਿਕ ਜਾਮ ਨੂੰ ਨਜਿੱਠਣ ਲਈ ਸੋਮਵਾਰ ਤੋਂ ਕਬਜ਼ਾ ਹਟਾਓ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ। ਮੁਹਿੰਮ ਦੌਰਾਨ ਟਰੈਫਿਕ ਪੁਲਸ ਅਤੇ ਨਗਰ ਨਿਗਮ ਅਧਿਕਾਰੀ ਆਪਸੀ ਤਾਲਮੇਲ ਨਾਲ ਮਿਲ ਕੇ ਕੰਮ ਕਰਨਗੇ।ਪਹਿਲੇ ਪੜਾਅ ’ਚ ਪੁਲਸ ਨੇ ਕੁਝ ਪ੍ਰਮੁੱਖ ਸੜਕਾਂ ਨੂੰ ਚੁਣਿਆ ਹੈ। ਇਨ੍ਹਾਂ ਸੜਕਾਂ ’ਤੇ ਥਾਣਾ ਫੋਰਸ ਤੋਂ ਇਲਾਵਾ ਏ. ਡੀ. ਸੀ. ਪੀ. ਅਤੇ ਏ. ਸੀ. ਪੀ. ਰੈਂਕ ਦੇ ਅਫਸਰਾਂ ਨੂੰ ਡਿਊਟੀ ’ਤੇ ਲਾਇਆ ਜਾਵੇਗਾ ਅਤੇ ਮੌਕੇ ’ਤੇ ਕਬਜ਼ੇ ਹਟਾਉਣ ਦਾ ਕਾਰਜ ਕੀਤਾ ਜਾਵੇਗਾ। ਮੌਕੇ ਦੀ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਵੀ ਕਰਵਾਈ ਜਾਵੇਗੀ। ਜੇਕਰ ਕਿਸੇ ਦੁਕਾਨਦਾਰ ਜਾਂ ਰੇਹਡ਼ੀ ਫਡ਼੍ਹੀ ਵਾਲੇ ਨੇ ਇਕ ਵਾਰ ਕਬਜ਼ਾ ਹਟਾਉਣ ਤੋਂ ਬਾਅਦ ਮੁਡ਼ ਹੁਕਮਾਂ ਦੀ ਉਲੰਘਣਾ ਕੀਤੀ ਤਾਂ ਪੁਲਸ ਵਿਭਾਗ ਉਸ ਦੇ ਖਿਲਾਫ ਐੱਫ. ਆਈ. ਆਰ. ਤੱਕ ਦਰਜ ਕਰ ਸਕਦਾ ਹੈ।
ਪਹਿਲੇ ਪੜਾਅ ਵਿਚ ਇਹ ਸੜਕਾਂ ਮਾਰਕ ਕੀਤੀਆਂ ਗਈਆਂ ਹਨ :
1. ਪੈਵੀਲੀਅਨ ਮਾਲ ਰੋਡ ਤੋਂ ਰਾਜਪੁਰਾ ਚੌਕ ਅਤੇ ਥਾਣਾ ਹੈਬੋਵਾਲ ਤੱਕ
2. ਦੋਮੋਰੀਆ ਪੁਲ ਤੋਂ ਕੈਲਾਸ਼ ਚੌਕ ਅਤੇ ਜੰਡੂ ਚੌਕ ਤੱਕ
3. ਜਗਰਾਓਂ ਪੁਲ ਤੋਂ ਘੰਟਾਘਰ ਅਤੇ ਕਪੂਰ ਹਸਪਤਾਲ ਤੋਂ ਦਰੇਸੀ ਤੱਕ
4. ਮਾਤਾ ਰਾਣੀ ਚੌਕ ਤੋਂ ਮੀਨਾ ਬਾਜ਼ਾਰ ਤੱਕ
5. ਲੋਕਲ ਬੱਸ ਅੱਡੇ ਤੋਂ ਸੁਭਾਨੀ ਬਿਲਡਿੰਗ ਚੌਕ ਤੱਕ
6. ਘੰਟਾ ਘਰ ਚੌਕ ਤੋਂ ਘਾਹ ਮੰਡੀ ਤੱਕ
7. ਜਗਰਾਓਂ ਪੁਲ ਤੋਂ ਸਿਵਲ ਹਸਪਤਾਲ ਤੱਕ
8. ਈ. ਐੱਸ. ਆਈ. ਹਸਪਤਾਲ ਤੋਂ ਕੋਚਰ ਮਾਰਕੀਟ ਅਤੇ ਪੱਖੋਵਾਲ ਰੋਡ ਤੱਕ
9. ਭਾਈ ਬਾਲਾ ਚੌਕ ਤੋਂ ਫੁੱਲਾਂਵਾਲ ਤੱਕ
10. ਮਾਡਲ ਟਾਊਨ ਦੀ ਸਕੂਅਰ ਮਾਰਕੀਟ ਤੋਂ ਸੁਮਨ ਹਸਪਤਾਲ ਅਤੇ ਬਾਬਾ ਦੀਪ ਸਿੰਘ ਗੁਰਦੁਆਰਾ ਤੱਕ
11. ਬਸਤੀ ਜੋਧੇਵਾਲ ਚੌਕ ਤੋਂ ਸ਼ਿਵਪੁਰੀ ਰੋਡ
12. ਧਾਂਦਰਾਂ ਰੋਡ ਦੇ ਜੈਨ ਮੰਦਰ ਚੌਕ ਤੋਂ ਜੀ. ਕੇ. ਵਿਹਾਰ ਕਾਲੋਨੀ।
ਮੰਤਰੀ ਆਸ਼ੂ ਨੇ ਦਿਖਾਈ ਸੀ ਪਹਿਲ
ਸ਼ਹਿਰ ’ਚ ਚੱਲ ਰਹੇ ਵਿਕਾਸ ਕਾਰਜਾਂ ਦੇ ਚਲਦੇ ਰੋਜ਼ਾਨਾ ਲੱਗ ਰਹੇ ਟਰੈਫਿਕ ਜਾਮ ਦੇ ਹੱਲ ਵਿਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਪਹਿਲ ਦਿਖਾਈ ਸੀ। ਜਿਸ ਦੇ ਚਲਦੇ ਆਸ਼ੂ ਨੇ ਪੁਲਸ ਅਤੇ ਨਿਗਮ ਦੇ ਵੱਡੇ ਅਧਿਕਾਰੀਆਂ ਨਾਲ ਬੈਠਕ ਕਰਕੇ ਉਨ੍ਹਾਂ ਨੂੰ ਸ਼ਹਿਰ ਲਈ ਕੋਈ ਠੋਸ ਯੋਜਨਾ ਤਿਆਰ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਬੀਤੀ 14 ਜਨਵਰੀ ਨੂੰ ਪੀ. ਏ. ਯੂ. ਵਿਚ ਕੀਤੀ ਗਈ ਟਰੈਫਿਕ ਜਾਗਰੂਕਤਾ ਰੈਲੀ ਦੌਰਾਨ ਉਨ੍ਹਾਂ ਨੇ ਨਗਰ ਦੇ ਸਾਰੇ ਕੌਂਸਲਰਾਂ ਨੂੰ ਸਵੈਇੱਛਾ ਨਾਲ ਟਰੈਫਿਕ ਮਾਰਸ਼ਲ ਬਣ ਕੇ ਚੌਕਾਂ ਵਿਚ ਡਿਊਟੀ ਦੇਣ ਦਾ ਸੱਦਾ ਦਿੱਤਾ ਹੈ ਤਾਂ ਕਿ ਹੋਰ ਲੋਕ ਵੀ ਉਨ੍ਹਾਂ ਤੋਂ ਪ੍ਰੇਰਣਾ ਲੈਣ। ਚੌਕਾਂ ਵਿਚ ਡਿਊਟੀ ਦੇਣ ਦਾ ਕਾਰਜ ਉਨ੍ਹਾਂ ਦੀ ਧਰਮ ਪਤਨੀ ਕੌਂਸਲਰ ਮਮਤਾ ਆਸ਼ੂ ਸਮੇਤ ਕਈ ਹੋਰ ਕੌਂਸਲਰ ਸ਼ੁਰੂ ਕਰ ਚੁੱਕੇ ਹਨ। ਹੁਣ ਸੜਕਾਂ ’ਤੇ ਕਬਜ਼ਿਆਂ ਕਾਰਨ ਲੱਗ ਰਹੇ ਜਾਮ ਨੂੰ ਖਤਮ ਕਰਨ ਲਈ ਪੁਲਸ ਅਤੇ ਨਿਗਮ ਮਿਲ ਕੇ ਕੰਮ ਕਰਨਗੇ।