ਪੰਜਾਬ ਸਰਕਾਰ 11 ਤੋਂ 17 ਜਨਵਰੀ ਤੱਕ ਮਨਾਵੇਗੀ ''ਸੜਕ ਸੁਰੱਖਿਆ ਹਫਤਾ''
Saturday, Jan 11, 2020 - 12:14 PM (IST)

ਚੰਡੀਗੜ੍ਹ (ਭੁੱਲਰ) : ਪੰਜਾਬ ਸਰਕਾਰ ਵਲੋਂ ਭਾਰਤ ਸਰਕਾਰ ਦੇ ਸੜਕੀ ਆਵਾਜਾਈ ਤੇ ਹਾਈਵੇਜ਼ ਮੰਤਰਾਲਾ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ 11 ਤੋਂ 17 ਜਨਵਰੀ, 2020 ਤੱਕ ਸੜਕ ਸੁਰੱਖਿਆ ਹਫ਼ਤਾ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸੜਕ ਸੁਰੱਖਿਆ ਹਫ਼ਤਾ ਮਨਾਉਣ ਅਤੇ ਇਸ ਹਫ਼ਤੇ ਦੌਰਾਨ ਸਾਰੀਆਂ ਸਬੰਧਤ ਏਜੰਸੀਆਂ ਜਿਵੇਂ ਪੁਲਸ, ਸਿਹਤ, ਸੂਚਨਾ ਅਤੇ ਪ੍ਰਚਾਰ, ਸਿੱਖਿਆ, ਪੀ. ਡਬਲਯੂ. ਡੀ. ਬੀ. ਐਂਡ ਆਰ. ਅਤੇ ਐੱਨ. ਜੀ. ਓਜ਼ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਹਫ਼ਤੇ ਦੌਰਾਨ ਜ਼ਿਲਾ ਪੱਧਰ 'ਤੇ ਵੱਖ-ਵੱਖ ਈਵੈਂਟ ਤੇ ਸਮਾਰੋਹ ਕਰਵਾਏ ਜਾਣਗੇ, ਜਿਨ੍ਹਾਂ 'ਚ ਰੋਡ ਸ਼ੋਅਜ਼, ਵਿਦਿਆਰਥੀਆਂ ਵਲੋਂ ਮਾਰਚ, ਪੇਂਟਿੰਗ ਮੁਕਾਬਲੇ, ਡਰਾਈਵਰਾਂ ਦੀਆਂ ਅੱਖਾਂ ਦਾ ਚੈੱਕਅਪ, ਐੱਨ. ਜੀ. ਓਜ਼ ਰਾਹੀਂ ਸੈਮੀਨਾਰ ਅਤੇ ਐੱਫ. ਐੱਮ. ਰੇਡੀਓਜ਼ ਰਾਹੀਂ ਛੋਟੇ ਸੰਦੇਸ਼ ਆਦਿ ਸ਼ਾਮਲ ਹਨ।
ਬੁਲਾਰੇ ਨੇ ਦੱਸਿਆ ਕਿ ਇਹ ਗੰਭੀਰ ਚਿੰਤਾ ਵਾਲੀ ਗੱਲ ਹੈ ਕਿ ਭਾਰਤ 'ਚ ਹਰ ਸਾਲ ਸੜਕ ਹਾਦਸਿਆਂ ਦੌਰਾਨ 1.50 ਲੱਖ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਦਿੰਦੇ ਹਨ ਅਤੇ ਕਈ ਹੋਰ ਗੰਭੀਰ ਸੱਟਾਂ ਦਾ ਸ਼ਿਕਾਰ ਹੁੰਦੇ ਹਨ। ਇਹ ਪ੍ਰਭਾਵਿਤ ਪਰਿਵਾਰਾਂ ਲਈ ਭਾਰੀ ਆਰਥਿਕ ਤੰਗੀ ਅਤੇ ਭਾਵਨਾਤਮਕ ਸਦਮੇ ਦਾ ਕਾਰਣ ਬਣਦੀ ਹੈ। ਉਨ੍ਹਾਂ ਦੱਸਿਆ ਕਿ ਸੜਕ ਸੁਰੱਖਿਆ ਹਫ਼ਤਾ ਹਰ ਸਾਲ ਭਾਰਤ ਦੇ ਸਾਰੇ ਸੂਬਿਆਂ 'ਚ ਮਨਾਇਆ ਜਾਂਦਾ ਹੈ ਤਾਂ ਜੋ ਸਾਰਿਆਂ ਨੂੰ ਸੜਕਾਂ 'ਤੇ ਸੁਰੱਖਿਅਤ ਆਵਾਜਾਈ ਪ੍ਰਤੀ ਜਾਣੂ ਕਰਵਾਇਆ ਜਾ ਸਕੇ।