ਚੰਡੀਗੜ੍ਹ-ਮੋਹਾਲੀ ਆਉਣ-ਜਾਣ ਵਾਲਿਆਂ ਲਈ ਅਹਿਮ ਖਬਰ, ਬਦਲੇ ਰੂਟ

Saturday, Dec 15, 2018 - 12:07 PM (IST)

ਚੰਡੀਗੜ੍ਹ-ਮੋਹਾਲੀ ਆਉਣ-ਜਾਣ ਵਾਲਿਆਂ ਲਈ ਅਹਿਮ ਖਬਰ, ਬਦਲੇ ਰੂਟ

ਮੋਹਾਲੀ (ਨਿਆਮੀਆਂ) : ਲਖਨੌਰ-ਲਾਂਡਰਾਂ ਸੜਕ ਦੀ ਮੁਰੰਮਤ ਲਈ ਪਿੰਡ ਲਖਨੌਰ, ਜਿੱਥੇ ਇਸ ਸੜਕ 'ਤੇ ਸੈਕਟਰ-75 ਅਤੇ 76 ਨੂੰ ਵੰਡਦੀ ਸੜਕ ਮਿਲਦੀ ਹੈ, ਤੋਂ ਲਾਂਡਰਾਂ ਜੰਕਸ਼ਨ ਵਾਲੇ ਪਾਸੇ ਜਾਣ ਵਾਲੀ ਆਵਾਜਾਈ ਅਤੇ ਲਾਂਡਰਾਂ ਜੰਕਸ਼ਨ ਤੋਂ ਲਖਨੌਰ-ਸੋਹਾਣਾ ਵਾਲੇ ਪਾਸੇ ਆਉਣ ਵਾਲੀ ਆਵਾਜਾਈ ਮਿਤੀ 17 ਤੋਂ 23 ਦਸੰਬਰ ਤਕ ਮੁਕੰਮਲ ਤੌਰ 'ਤੇ ਬੰਦ ਰਹੇਗੀ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਗਮਾਡਾ ਵਲੋਂ ਸੈਕਟਰ 78-79 ਨੂੰ ਵੰਡਦੀ ਚਹੁੰਮਾਰਗੀ ਸੜਕ ਮੁਕੰਮਲ ਕਰ ਕੇ ਆਵਾਜਾਈ ਲਈ ਖੋਲ੍ਹ ਦਿੱਤੀ ਗਈ ਹੈ, ਇਸ ਲਈ ਸੈਕਟਰ 75-76 (ਪਿੰਡ ਲਖਨੌਰ) ਅਤੇ ਚੰਡੀਗੜ੍ਹ/ਮੋਹਾਲੀ ਤੋਂ ਆਉਣ ਵਾਲੀ ਟਰੈਫਿਕ ਰਾਧਾ ਸਵਾਮੀ ਸਤਿਸੰਗ ਘਰ ਨੇੜਲੀਆਂ ਲਾਈਟਾਂ ਤੋਂ ਲਾਂਡਰਾਂ ਚੌਕ ਨੂੰ ਜਾਣ ਲਈ ਸੈਕਟਰ 78-79 ਵਾਲੀ ਚਹੁੰਮਾਰਗੀ ਸੜਕ ਦੀ ਵਰਤੋਂ ਕਰੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਂਡਰਾ ਸਾਈਡ ਤੋਂ ਚੰਡੀਗੜ੍ਹ/ਮੋਹਾਲੀ ਨੂੰ ਆਉਣ ਵਾਲੀ ਟਰੈਫਿਕ ਵੀ ਸੈਕਟਰ 78-79 ਨੂੰ ਵੰਡਦੀ ਚਹੁੰਮਾਰਗੀ ਸੜਕ ਰਾਹੀਂ ਆਵੇਗੀ। ਉਨ੍ਹਾਂ ਦੱਸਿਆ ਕਿ ਇਸ ਸੜਕ ਨੂੰ ਬੰਦ ਕਰਨ ਅਤੇ ਡਾਇਵਰਸਨ ਸਬੰਧੀ  ਸਾਰੀਆਂ ਢੁਕਵੀਆਂ ਥਾਵਾਂ 'ਤੇ ਸਾਈਨ ਬੋਰਡ ਲਾਏ ਜਾਣਗੇ, ਤਾਂ ਜੋ ਡਾਇਵਰਸਨ ਸਮੇਂ ਕਿਸੇ ਨੂੰ ਕੋਈ ਦਿੱਕਤ ਨਾ ਆਵੇ। ਡਾਇਵਰਸਨ ਵਾਲੀਆਂ ਸੜਕਾਂ 'ਤੇ ਟਰੈਫਿਕ ਪੁਲਸ ਮੁਲਾਜ਼ਮ ਤਾਇਨਾਤ ਰਹਿਣਗੇ, ਤਾਂ ਜੋ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਇਸ ਸਬੰਧੀ ਸਾਰੇ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।


author

Babita

Content Editor

Related News