ਸਫੈਦ ਪੱਟੀ ਮਿਟਣ ਕਾਰਨ ਵਾਹਨ ਚਾਲਕਾਂ ਨੂੰ ਧੁੰਦ ''ਚ ਹੋ ਰਹੀ ਹੈ ਪਰੇਸ਼ਾਨੀ

Tuesday, Nov 14, 2017 - 01:33 PM (IST)

ਸਫੈਦ ਪੱਟੀ ਮਿਟਣ ਕਾਰਨ ਵਾਹਨ ਚਾਲਕਾਂ ਨੂੰ ਧੁੰਦ ''ਚ ਹੋ ਰਹੀ ਹੈ ਪਰੇਸ਼ਾਨੀ

ਕਾਠਗੜ੍ਹ (ਰਾਜੇਸ਼)— ਰਾਤ ਸਮੇਂ ਜਾਂ ਸੰਘਣੀ ਧੁੰਦ 'ਚ ਹਾਦਸਿਆਂ ਤੋਂ ਬਚਣ ਲਈ ਸੜਕਾਂ ਦੇ ਕੰਢਿਆਂ ਅਤੇ ਵਿਚਕਾਰ ਇਕ ਸਫੈਦ ਰੰਗ ਦੀ ਪੱਟੀ ਲਾਈ ਜਾਂਦੀ ਹੈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਆਪਣੇ ਪਾਸੇ ਚੱਲਣ 'ਚ ਮਦਦ ਮਿਲਦੀ ਹੈ ਪਰ ਜਿਸ ਸੜਕ 'ਤੇ ਇਹ ਪੱਟੀ ਕਿਸੇ ਕਾਰਨ ਧੁੰਦਲੀ ਹੋ ਜਾਵੇ ਜਾਂ ਮਿਟ ਜਾਵੇ ਤਾਂ ਫਿਰ ਹਾਦਸਿਆਂ ਦਾ ਡਰ ਵੱਧ ਜਾਂਦਾ ਹੈ।
ਬਲਾਚੌਰ-ਰੂਪਨਗਰ ਨੈਸ਼ਨਲ ਹਾਈਵੇਅ 'ਤੇ ਵੀ ਸਫੈਦ ਰੰਗ ਦੀ ਪੱਟੀ ਕਾਫੀ ਸਮਾਂ ਪਹਿਲਾਂ ਲਾਈ ਗਈ ਸੀ, ਜੋ ਹੁਣ ਬਹੁਤੀਆਂ ਥਾਵਾਂ ਤੋਂ ਮਿਟ ਚੁੱਕੀ ਹੈ। ਪੱਟੀ ਦੇ ਮਿਟਣ ਜਾਂ ਧੁੰਦਲੀ ਹੋਣ ਕਾਰਨ ਸੰਘਣੀ ਧੁੰਦ 'ਚ ਵਾਹਨ ਚਾਲਕਾਂ ਨੂੰ ਇਹ ਦਿਖਾਈ ਨਹੀਂ ਦਿੰਦੀ ਅਤੇ ਕਈ ਵਾਰ ਚਾਲਕ ਵਾਹਨ ਸਮੇਤ ਸੜਕ ਤੋਂ ਹੇਠਾਂ ਉਤਰ ਜਾਂਦੇ ਹਨ, ਜਦਕਿ ਕਈ ਤਾਂ ਬੜੀ ਮੁਸ਼ਕਿਲ ਨਾਲ ਹਾਦਸੇ ਦਾ ਸ਼ਿਕਾਰ ਹੋਣੋਂ ਬਚਦੇ ਹਨ।
ਰੋਪੜ ਤੋਂ ਲੈ ਕੇ ਬਲਾਚੌਰ ਤੱਕ ਹਾਈਵੇਅ ਦੇ ਨਾਲੋਂ-ਨਾਲ ਨਹਿਰ ਵੀ ਹੈ, ਜਿਸ ਦਾ ਪਾਸਾ ਪੱਧਰਾ ਹੀ ਹੈ ਪਰ ਸਫੈਦ ਪੱਟੀ ਸੜਕ ਉੱਤੇ ਨਾ ਹੋਣ ਕਰਨ ਵਾਹਨ ਚਾਲਕ ਨਹਿਰ ਵੱਲ ਵੀ ਜਾ ਸਕਦੇ ਹਨ, ਜਿਸ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਹੈ। ਲੋਕਾਂ ਦੀ ਮੰਗ ਹੈ ਕਿ ਜਦੋਂ ਤੱਕ ਸੜਕ ਡਬਲ ਨਹੀਂ ਹੁੰਦੀ, ਉਦੋਂ ਤੱਕ ਧੁੰਦਲੀਆਂ ਪਈਆਂ ਪੱਟੀਆਂ ਨੂੰ ਸੰਬੰਧਤ ਵਿਭਾਗ ਸਹੀ ਕਰਵਾਏ ਤਾਂ ਜੋ ਵਧ ਰਹੀ ਧੁੰਦ 'ਚ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਨਾ ਹੋਵੇ।


Related News