ਢਾਬੇ ਤੋਂ ਖਾਣਾ ਖਾ ਕੇ ਘਰ ਪਰਤ ਰਹੇ ਦੋਸਤਾਂ ਨਾਲ ਵਾਪਰੀ ਅਣਹੋਣੀ, ਪਰਿਵਾਰ ''ਚ ਪੈ ਗਏ ਵੈਣ
Wednesday, Oct 07, 2020 - 06:32 PM (IST)
ਜਲੰਧਰ (ਮਹੇਸ਼)— ਪਰਾਗਪੁਰ ਜੀ. ਟੀ. ਰੋਡ 'ਤੇ ਇਕ ਢਾਬੇ ਤੋਂ ਖਾਣਾ ਖਾ ਕੇ ਦੇਰ ਰਾਤ ਵਾਪਸ ਆਪਣੇ ਘਰ ਜਾ ਰਹੇ ਦੋ ਦੋਸਤ ਰਸਤੇ 'ਚ ਭੂਰ ਮੰਡੀ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਏ। ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੂਜੇ ਨੂੰ ਲਿੰਕ ਰੋਡ ਸਥਿਤ ਗਲੋਬਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ: ਨਵਾਂਸ਼ਹਿਰ 'ਚ 'ਸੰਨੀ ਦਿਓਲ' ਨੇ ਵਰਤਾਇਆ ਲੰਗਰ, ਕਿਸਾਨਾਂ ਨੇ ਰੱਜ ਕੇ ਕੀਤੀ ਵਡਿਆਈ
ਥਾਣਾ ਜਲੰਧਰ ਕੈਂਟ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਰੇਸ਼ ਕੁਮਾਰ (28) ਪੁੱਤਰ ਗੁਰਬਖਸ਼ ਵਾਸੀ ਠਾਕੁਰ ਸਿੰਘ ਕਾਲੋਨੀ, ਬਸ਼ੀਰਪੁਰਾ (ਥਾਣਾ ਰਾਮਾ ਮੰਡੀ, ਜਲੰਧਰ) ਦੇ ਤੌਰ 'ਤੇ ਹੋਈ ਹੈ ਜਦਕਿ ਗੰਭੀਰ ਜ਼ਖਮੀ ਹੋਏ ਉਸ ਦੇ ਦੋਸਤ ਪਰਮਿੰਦਰ ਸਿੰਘ (26) ਪੁੱਤਰ ਰਾਮ ਕ੍ਰਿਸ਼ਨ ਵਾਸੀ ਭਾਰਗੋਂ ਕੈਂਪ ਦੀ ਹਾਲਤ ਦੇਰ ਰਾਤ ਤੱਕ ਗਲੋਬਲ ਹਸਪਤਾਲ ਦੇ ਨਿਊਰੋ ਡਾ. ਦਿਪਾਂਸ਼ੂ ਸਚਦੇਵਾ ਵੱਲੋਂ ਨਾਜ਼ੁਕ ਦੱਸੀ ਜਾ ਰਹੀ ਸੀ। ਉਸ ਨੂੰ ਆਈ. ਸੀ. ਯੂ. 'ਚ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਐੱਸ. ਐੱਚ. ਓ. ਕੈਂਟ ਨੇ ਦੱਸਿਆ ਕਿ ਜਾਂਚ 'ਚ ਪਤਾ ਲੱਗਾ ਹੈ ਕਿ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨਾਂ ਨੇ ਭੂਰ ਮੰਡੀ ਦੇ ਨੇੜੇ ਆਪਣਾ ਬਾਈਕ ਖੜ੍ਹਾ ਕੀਤਾ ਅਤੇ ਪੈਦਲ ਸੜਕ ਕ੍ਰਾਸ ਕਰਦੇ ਹੋਏ ਆਈਸ ਕ੍ਰੀਮ ਲੈਣ ਲਈ ਚਲੇ ਗਏ। ਇਸੇ ਦੌਰਾਨ ਕਿਸੇ ਅਣਪਛਾਤੇ ਤੇਜ਼ ਰਫਤਾਰ ਵਾਹਨ ਨੇ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਹਾਦਸੇ ਤੋਂ ਬਾਅਦ ਉਹ ਕਾਫ਼ੀ ਦੇਰ ਤੱਕ ਸੜਕ 'ਤੇ ਹੀ ਪਏ ਰਹੇ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਦਿਨ-ਦਿਹਾੜੇ ਖੇਡੀ ਗਈ ਖ਼ੂਨੀ ਖੇਡ, ਸ਼ਰੇਆਮ ਗੋਲੀਆਂ ਨਾਲ ਭੁੰਨਿਆ ਨੌਜਵਾਨ
ਉਨ੍ਹਾਂ ਦੋਵਾਂ ਨੂੰ ਬਾਅਦ 'ਚ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਨਰੇਸ਼ ਕੁਮਾਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਦੋਵੇਂ ਨੌਜਵਾਨ ਸਿੱਕਾ ਹਸਪਤਾਲ ਵਿਚ ਕੰਮ ਕਰਦੇ ਸਨ। ਐੱਸ. ਆਈ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਹਾਦਸੇ ਨੂੰ ਅੰਜਾਮ ਦੇਣ ਦੇ ਬਾਅਦ ਮੌਕੇ ਤੋਂ ਫਰਾਰ ਹੋਏ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਥਾਣਾ ਜਲੰਧਰ ਕੈਂਟ 'ਚ ਕੇਸ ਦਰਜ ਕਰ ਲਿਆ ਹੈ। ਹਾਦਸੇ ਵਾਲੀ ਜਗ੍ਹਾ ਦੇ ਆਸੇ-ਪਾਸੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਮ੍ਰਿਤਕ ਨਰੇਸ਼ ਕੁਮਾਰ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।