ਜਲੰਧਰ: ਦੋ ਮਹੀਨੇ ਬਾਅਦ ਮਾਪਿਆਂ ਨੇ ਚਾਵਾਂ ਨਾਲ ਵਿਆਹੁਣਾ ਸੀ ਪੁੱਤ, ਵਾਪਰੀ ਅਣਹੋਣੀ ਨੇ ਘਰ 'ਚ ਵਿਛਾਏ ਸੱਥਰ

Monday, Aug 30, 2021 - 07:00 PM (IST)

ਜਲੰਧਰ: ਦੋ ਮਹੀਨੇ ਬਾਅਦ ਮਾਪਿਆਂ ਨੇ ਚਾਵਾਂ ਨਾਲ ਵਿਆਹੁਣਾ ਸੀ ਪੁੱਤ, ਵਾਪਰੀ ਅਣਹੋਣੀ ਨੇ ਘਰ 'ਚ ਵਿਛਾਏ ਸੱਥਰ

ਜਲੰਧਰ (ਰਮਨ)– ਦੇਰ ਰਾਤ ਮਕਸੂਦਾਂ ਚੌਂਕ ਨੇੜੇ ਇਕ ਤੇਜ਼ ਰਫ਼ਤਾਰ ਵਾਹਨ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ’ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਕਤ ਨੌਜਵਾਨ ਦੀ ਦੋ ਮਹੀਨੇ ਬਾਅਦ ਹੀ ਵਿਆਹ ਹੋਣਾ ਸੀ ਅਤੇ ਘਰ ਵਿਚ ਉਸ ਦੇ ਵਿਆਹ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰ.-1 ਦੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ।

ਇਹ ਵੀ ਪੜ੍ਹੋ: ਜਲੰਧਰ: ਹਿਮਾਚਲ ਜਾਣ ਵਾਲਿਆਂ ਦੀ ਵਧੀ ਗਿਣਤੀ, ਕੋਰੋਨਾ ਰਿਪੋਰਟ ਨੂੰ ਲੈ ਕੇ ਪੁਲਸ ਨੇ ਵੀ ਵਧਾਈ ਸਖ਼ਤੀ

ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ ਉਰਫ਼ ਲੱਕੀ ਨਿਵਾਸੀ ਰੰਧਾਵਾ ਮਸੰਦਾਂ ਵਜੋਂ ਹੋਈ ਹੈ। ਮੌਕੇ ’ਤੇ ਮੌਜੂਦ ਮ੍ਰਿਤਕ ਦੇ ਸਾਥੀ ਅਮਿਤ ਨੇ ਦੱਸਿਆ ਕਿ ਉਹ ਇਕ ਨਿੱਜੀ ਕੰਪਨੀ ’ਚ ਰਿਕਵਰੀ ਡਿਪਾਰਟਮੈਂਟ ’ਚ ਇੰਚਾਰਜ ਹੈ, ਜਿਸ ਕੋਲ ਬਲਜਿੰਦਰ ਅਤੇ ਉਸ ਦਾ ਭਰਾ ਕੰਮ ਕਰਦੇ ਹਨ। ਸ਼ਨੀਵਾਰ ਦੇਰ ਰਾਤ ਲਗਭਗ 11 ਵਜੇ ਬਲਜਿੰਦਰ ਮਕਸੂਦਾਂ ਚੌਂਕ ਨੇੜੇ ਖਾਣਾ ਖਾ ਕੇ ਆਪਣੇ ਘਰ ਰੰਧਾਵਾ ਮਸੰਦਾਂ ਨੂੰ ਜਾ ਰਿਹਾ ਸੀ। ਇਸ ਦੌਰਾਨ ਉਸ ਦਾ ਭਰਾ ਉਸ ਤੋਂ ਥੋੜ੍ਹੀ ਦੂਰ ਅੱਗੇ ਚੱਲ ਰਿਹਾ ਸੀ। ਮਕਸੂਦਾਂ ਚੌਂਕ ਨੇੜੇ ਪਹੁੰਚਣ ’ਤੇ ਇਕ ਅਣਪਛਾਤੇ ਵਾਹਨ ਨੇ ਬਲਜਿੰਦਰ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਬਲਜਿੰਦਰ ਨੂੰ ਪਿੱਛੇ ਨਾ ਆਉਂਦਾ ਵੇਖ ਕੇ ਜਦੋਂ ਉਸ ਦਾ ਵੱਡਾ ਭਰਾ ਉਸ ਨੂੰ ਵੇਖਣ ਲਈ ਦੋਬਾਰਾ ਪਿੱਛੇ ਚੌਂਕ ਵਿਚ ਪਹੁੰਚਿਆ ਤਾਂ ਉਸ ਨੇ ਉਥੇ ਬਹੁਤ ਭੀੜ ਵੇਖੀ। ਉਸ ਨੇ ਅੱਗੇ ਜਾ ਕੇ ਵੇਖਿਆ ਕਿ ਬਲਜਿੰਦਰ ਖ਼ੂਨ ਵਿਚ ਲਥਪਥ ਜ਼ਮੀਨ ’ਤੇ ਡਿੱਗਿਆ ਹੋਇਆ ਸੀ। ਲੋਕਾਂ ਦੀ ਮਦਦ ਨਾਲ ਉਹ ਉਸ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ’ਚ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੌਕੇ ’ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਦੇ ਨੇੜੇ-ਤੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕਢਵਾ ਕੇ ਜਲਦ ਵਾਹਨ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਦੋ ਮਹੀਨੇ ਬਾਅਦ ਸੀ ਬਲਜਿੰਦਰ ਦਾ ਵਿਆਹ
ਮੌਕੇ ’ਤੇ ਮੌਜੂਦ ਮ੍ਰਿਤਕ ਦੇ ਦੋਸਤ ਨੇ ਦੱਸਿਆ ਕਿ ਬਲਜਿੰਦਰ ਸਿੰਘ ਦਾ ਦੋ ਮਹੀਨੇ ਬਾਅਦ ਵਿਆਹ ਸੀ। ਵਿਆਹ ਨੂੰ ਲੈ ਕੇ ਉਹ ਬਹੁਤ ਖ਼ੁਸ਼ ਸੀ ਪਰ ਉਸ ਤੋਂ ਪਹਿਲਾਂ ਹੀ ਸੜਕ ਹਾਦਸੇ ’ਚ ਉਸ ਦੀ ਮੌਤ ਹੋ ਗਈ। ਬਲਜਿੰਦਰ ਦੀ ਮੌਤ ਦੀ ਖ਼ਬਰ ਨਾਲ ਪਰਿਵਾਰ ’ਚ ਮਾਤਮ ਫੈਲਿਆ ਹੋਇਆ ਹੈ। ਲਗਭਗ ਡੇਢ ਸਾਲ ਪਹਿਲਾਂ ਬਲਜਿੰਦਰ ਦੀ ਭੈਣ ਦੀ ਵੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ: ਜਲੰਧਰ: ਸਮਾਰਟ ਸਿਟੀ ਕੰਪਨੀ ਨੇ ਚੌਰਾਹਿਆਂ ਸਬੰਧੀ ਪ੍ਰਾਜੈਕਟ ’ਚ ਕੀਤਾ ਵੱਡਾ ਬਦਲਾਅ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News