ਸਡ਼ਕ ਹਾਦਸਿਆਂ ’ਚ 3 ਦੀ ਮੌਤ
Saturday, Jun 16, 2018 - 07:40 AM (IST)

ਕੋਟਕਪੂਰਾ (ਨਰਿੰਦਰ) - ਬੀਤੀ ਸ਼ਾਮ ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਪੈਂਦੇ ਪਿੰਡ ਵਾਡ਼ਾ ਦਰਾਕਾ ਵਿਖੇ ਵਾਪਰੇ ਸਡ਼ਕ ਹਾਦਸੇ ’ਚ ਇਕ ਪਾਠੀ ਸਿੰਘ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਭਾਈ ਜਸਵੀਰ ਸਿੰਘ ਪੁੱਤਰ ਹਰਨੇਕ ਸਿੰਘ ਆਪਣੇ ਮੋਟਰਸਾਈਕਲ ’ਤੇ ਕੋਟਕਪੂਰਾ ਵੱਲ ਆ ਰਿਹਾ ਸੀ ਕਿ ਇਸ ਦੌਰਾਨ ਸ਼ਾਮ 7 ਵਜੇ ਦੇ ਕਰੀਬ ਕੋਟਕਪੂਰਾ ਵੱਲੋਂ ਜਾ ਰਹੀ ਐੱਸ. ਯੂ. ਵੀ. ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਇਹ ਵਾਹਨ ਹਾਦਸੇ ਤੋਂ ਬਾਅਦ ਸਡ਼ਕ ਕੰਢੇ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ਦੌਰਾਨ ਭਾਈ ਜਸਵੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਥਾਣਾ ਸਦਰ ਕੋਟਕਪੂਰਾ ਦੇ ਹੌਲਦਾਰ ਚਮਕੌਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜੇ ਅਤੇ ਕਾਰਵਾਈ ਸ਼ੁਰੂ ਕੀਤੀ।
ਜਾਣਕਾਰੀ ਦਿੰਦੇ ਹੋਏ ਹੌਲਦਾਰ ਚਮਕੌਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਗੁਰਸ਼ਰਨ ਸਿੰਘ ਦੇ ਬਿਆਨਾਂ ’ਤੇ ਵਾਹਨ ਦੇ ਚਾਲਕ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਭਾਈ ਜਸਵੀਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਪਿੰਡ ਲਾਲੇਆਣਾ ਦੇ ਗੁਰਦੁਆਰਾ ਸਾਹਿਬ ਵਿਖੇ ਪਾਠੀ ਸਿੰਘ ਵਜੋਂ ਸੇਵਾ ਨਿਭਾ ਰਿਹਾ ਸੀ।
ਫ਼ਰੀਦਕੋਟ, (ਰਾਜਨ)-ਕਾਰ ਦੀ ਫੇਟ ਵੱਜਣ ਨਾਲ ਇਕ ਨਾਬਾਲਗ ਲਡ਼ਕੇ ਦੀ ਮੌਤ ਹੋ ਜਾਣ ਦੇ ਮਾਮਲੇ ’ਚ ਥਾਣਾ ਸਦਰ ਵਿਖੇ ਨਾਮਾਲੂਮ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਲਖਵਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਖੁੰਡੇ ਹਲਾਲ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਆਪਣੇ ਲਡ਼ਕੇ ਦਿਲਜੀਤ ਸਿੰਘ (9) ਸਮੇਤ ਆਪਣੀ ਭੈਣ, ਜੋ ਫਰੀਦਕੋਟ ਦੇ ਲਾਗਲੇ ਪਿੰਡ ਟਹਿਣਾ ਵਿਖੇ ਰਹਿੰਦੀ ਹੈ, ਨੂੰ ਮਿਲਣ ਲਈ ਆਇਆ ਸੀ। ਬਿਆਨਕਰਤਾ ਨੇ ਦੱਸਿਆ ਕਿ ਟਹਿਣਾ ਵਿਖੇ ਉਸ ਦਾ ਲਡ਼ਕਾ ਜਦ ਸਾਈਕਲ ਚਲਾ ਰਿਹਾ ਸੀ ਤਾਂ ਇਕ ਕਾਰ ਤੇਜ਼ ਰਫ਼ਤਾਰ ਨਾਲ ਆਈ ਅਤੇ ਉਸ ਦੇ ਲੜਕੇ ਦੇ ਸਾਈਕਲ ਨੂੰ ਫੇਟ ਮਾਰ ਦਿੱਤੀ। ਘਟਨਾ ਤੋਂ ਬਾਅਦ ਚਾਲਕ ਕਾਰ ਸਮੇਤ ਫਰਾਰ ਹੋ ਗਿਆ। ਉਸ ਨੇ ਦੋਸ਼ ਲਾਇਆ ਕਿ ਇਸ ਉਪਰੰਤ ਜ਼ਖਮੀ ਹੋਣ ਦੀ ਸੂਰਤ ’ਚ ਦਿਲਜੀਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ, ਫਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਬਰਗਾਡ਼ੀ, (ਜ. ਬ.)-ਬਾਜਾਖਾਨਾ ਦੇ ਬਠਿੰਡਾ ਰੋਡ ’ਤੇ ਨਵੇਂ ਉਸਾਰੇ ਪੁਲ ਉਤਰਨ ਸਾਰ ਅਧੂਰੇ ਛੱਡੇ ਰਸਤੇ ’ਚ ਇਕ ਕਾਰ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਅਜੈਬ ਸਿੰਘ ਪੁੱਤਰ ਕੌਰ ਸਿੰਘ ਵਾਸੀ ਬਾਜਾਖਾਨਾ ਰਾਮ ਟਿੱਲਾ ਮਲੂਕਾ ਤੋਂ ਪਾਠ ਕਰ ਕੇ ਵਾਪਸ ਆ ਰਿਹਾ ਸੀ ਕਿ ਜਦ ਉਹ ਸ਼ੇਖ ਫਰੀਦ ਸਕੂਲ ਬਾਜਾਖਾਨਾ ਕੋਲ ਕੌਮੀ ਸ਼ਾਹ ਮਾਰਗ ਨੂੰ ਕਰਾਸ ਕਰਨ ਲੱਗਿਆ ਤਾਂ ਪੁਲ ਉਤਰਨ ਸਾਰ ਅਧੂਰੇ ਛੱਡੇ ਰਸਤੇ ’ਚ ਕੋਟਕਪੂਰਾ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਸਵਿਫਟ ਕਾਰ ਨੇ ਮੋਟਰ-ਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਐਨੀ ਜ਼ਬਰਦਸਤ ਸੀ ਕਿ ਅਜੈਬ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਾਰ ਸਵਾਰ ਮੌਕੇ ’ਤੇ ਕਾਰ ਛੱਡ ਕੇ ਭੱਜ ਗਏ।