ਇਕੋ ਮੋਟਰਸਾਈਕਲ 'ਤੇ ਸਵਾਰ 5 ਨੌਜਵਾਨ ਟਰੈਕਟਰ ਟਰਾਲੀ 'ਚ ਵੱਜੇ, 2 ਦੀ ਮੌਤ
Monday, Oct 07, 2019 - 11:50 AM (IST)

ਮੱਖੂ (ਵਾਹੀ) - ਮੱਖੂ ਨੇੜਲੇ ਪਿੰਡ ਖਡੂਰ ਕੋਲ ਨੈਸ਼ਨਲ ਹਾਈਵੇਜ਼-54 'ਤੇ ਬੀਤੀ ਰਾਤ 8 ਵਜੇ ਦੇ ਕਰੀਬ ਵਾਪਰੇ ਸੜਕ ਹਾਦਸੇ 'ਚ 2 ਲੜਕਿਆਂ ਦੀ ਮੌਕੇ 'ਤੇ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ, ਜਦਕਿ 3 ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਬੀਤੇ ਕਈ ਦਿਨਾਂ ਤੋਂ ਇਲਾਕਾ ਨਿਵਾਸੀਆਂ ਨੇ ਬਾਬਾ ਬੁੱਢਾ ਸਾਹਿਬ ਜਾਂਦੀਆਂ ਸੰਗਤਾਂ ਲਈ ਲੰਗਰ ਲਾਇਆ ਹੋਇਆ ਹੈ। ਉਕਤ 5 ਨੌਜਵਾਨ ਇਕੋ ਮੋਟਰਸਾਈਕਲ 'ਤੇ ਸਵਾਰ ਹੋ ਕੇ ਲੰਗਰ ਛੱਕ ਕੇ ਗਲਤ ਸਾਈਡ ਤੋਂ ਵਾਪਸ ਜਾ ਰਹੇ ਸਨ, ਜੋ ਅੱਗੇ ਜਾ ਕੇ ਸ਼ਰਧਾਲੂਆਂ ਵਾਲੀ ਟਰੈਕਟਰ-ਟਰਾਲੀ ਨਾਲ ਟਕਰਾ ਗਏ।
ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਸ ਨੇ ਮਾਮਲੇ ਦੀ ਜਾਂਚ ਕਰਦਿਆਂ ਦੱਸਿਆ ਕਿ ਟੱਕਰ ਹੋਣ ਕਾਰਨ 2 ਨਾਬਾਲਗ ਰੋਬਨ ਪੁੱਤਰ ਸਤੀਸ਼ (14) ਤੇ ਸੁਖਵਿੰਦਰ ਸਿੰਘ ਸੋਨੂੰ ਪੁੱਤਰ ਕਾਰਜ ਸਿੰਘ (15) ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਲਵਪ੍ਰੀਤ ਸਿੰਘ ਪੁੱਤਰ ਬੂਟਾ ਸਿੰਘ, ਸੈਮੁਅਲ ਪੁੱਤਰ ਸਤੀਸ਼ ਕੁਮਾਰ ਅਤੇ ਅਜੇ ਪੁੱਤਰ ਦਰਸ਼ਨ ਮਸੀਹ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਅਜੇ ਪੁੱਤਰ ਦਰਸ਼ਨ ਮਸੀਹ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਕਿਸੇ ਹੋਰ ਹਸਪਤਾਲ ਰੈਫਰ ਕਰ ਦਿੱਤਾ। ਮ੍ਰਿਤਕ ਪਿੰਡ ਸ਼ੀਹਾਂ ਪਾੜ੍ਹੀ ਦੇ ਭੱਠੇ 'ਤੇ ਕੰਮ ਕਰਦੇ ਸਨ।