ਸੜਕ ਦੁਰਘਟਨਾ ''ਚ ਔਰਤ ਸਮੇਤ 2 ਲੋਕਾਂ ਦੀ ਮੌਤ, ਇਕ ਗੰਭੀਰ ਜ਼ਖਮੀ
Tuesday, Aug 08, 2017 - 04:41 PM (IST)
ਗੁਰੂਹਰਸਹਾਏ - ਥਾਣਾ ਗੁਰੂਹਰਸਹਾਏ ਅਧੀਨ ਪੈਂਦੇ ਬੱਸ ਅੱਡਾ ਪਿੰਡੀ ਦੇ ਨਜ਼ਦੀਕ ਹੋਏ ਸੜਕ ਹਾਦਸੇ 'ਚ ਇਕ ਔਰਤ ਸਮੇਤ 2 ਲੋਕਾਂ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਕ ਸਵਿਫਟ ਕਾਰ ਚਾਲਕ ਨੇ ਪਹਿਲਾਂ ਮੋਟਰਸਾਈਕਲ ਨੂੰ ਟੱਕਰ ਮਾਰੀ, ਜਿਸ ਨਾਲ ਮੋਟਰਸਾਈਕਲ ਸਵਾਰ ਇਕ ਵਿਅਕਤੀ ਅਤੇ ਬਜ਼ੁਰਗ ਔਰਤ ਦੀ ਮੌਤ ਹੋ ਗਈ। ਇਸ ਤੋਂ ਬਾਅਦ ਕਾਰ ਅੱਗੇ ਖੜੀ ਸਕਾਰਪੀਓ ਗੱਡੀ ਨਾਲ ਜਾ ਟਕਰਾਈ, ਜਿਸ ਨਾਲ ਸਕਾਰਪੀਓ ਗੱਡੀ 'ਚ ਸਵਾਰ ਵਿਅਕਤੀ ਵੀ ਗੰਭੀਰ ਜ਼ਖਮੀ ਹੋ ਗਿਆ।
ਜਾਣਕਾਰੀ ਦਿੰਦੇ ਥਾਣਾ ਗੁਰੂਹਰਸਹਾਏ ਦੇ ਏ. ਐੱਸ. ਆਈ. ਸੁਖਚੈਨ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਪਰਮਜੀਤ ਸਿੰਘ ਪੁੱਤਰ ਕਿਸ਼ੋਰ ਸਿੰਘ ਵਾਸੀ ਮੇਘਾ ਰਾਏ ਨੇ ਦੱਸਿਆ ਕਿ ਉਸਦਾ ਰਿਸ਼ਤੇਦਾਰ ਗੁਰਮੀਤ ਸਿੰਘ ਪੁੱਤਰ ਦੇਸ ਸਿੰਘ ਵਾਸੀ ਮੇਘਾ ਰਾਏ ਉਤਾੜ ਆਪਣੀ ਦਾਦੀ ਦਾਨੋ ਬਾਈ ਨਾਲ ਪਲਟੀਨਾ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰੇਲੂ ਸਮਾਨ ਖਰੀਦਣ ਲਈ ਬੱਸ ਅੱਡਾ ਪਿੰਡੀ ਗਏ ਸਨ, ਜਿਥੇ ਇਕ ਸਵਿਫਟ ਕਾਰ ਨੰ: ਡੀ. ਐਲ. -09 ਸੀ. ਐਲ-4707 ਦੇ ਅਣਪਛਾਤੇ ਚਾਲਕ ਨੇ ਉਸਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਤੇ ਇਸਦੇ ਬਾਅਦ ਕਾਰ ਚਾਲਕ ਨੇ ਅੱਗੇ ਖੜੀ ਸਕਾਰਪੀਓ ਗੱਡੀ ਨੂੰ ਵੀ ਟੱਕਰ ਮਾਰੀ, ਜਿਸ 'ਚ ਬੈਠਾ ਸ਼ੇਰ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਮੱਤੜ ਹਿਠਾੜ ਗੰਭੀਰ ਜ਼ਖਮੀ ਹੋ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਘਟਨਾ 'ਚ ਜ਼ਖਮੀ ਹੋਏ ਗੁਰਮੀਤ ਸਿੰਘ ਤੇ ਉਸਦੀ ਦਾਦੀ ਦਾਨੋ ਬਾਈ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਸ਼ੇਰ ਸਿੰਘ ਜਲਾਲਾਬਾਦ ਦੇ ਹਸਪਤਾਲ 'ਚ ਦਾਖਲ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਅਣਪਛਾਤੇ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਦੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
