ਦੋਸਤਾਂ ਨਾਲ ਮਿਲ ਲੋਹੜੀ ਮਨਾ ਰਹੇ ਨੌਜਵਾਨ ਦੀ ਸੜਕ ਹਾਦਸੇ ''ਚ ਮੌਤ

01/13/2020 5:26:10 PM

ਤਪਾ ਮੰਡੀ (ਸ਼ਾਮ, ਗਰਗ)- ਸਥਾਨਕ ਮੰਡੀ 'ਚ ਰਹਿਣ ਵਾਲੇ ਇਕ ਨੌਜਵਾਨ ਦੀ ਚੰਡੀਗੜ੍ਹ ਸੜਕ ਹਾਦਸੇ 'ਚ ਮੌਤ ਹੋਣ ਕਾਰਨ ਇਲਾਕੇ 'ਚ ਸੋਗਮਈ ਲਹਿਰ ਫੈਲ ਗਈ। ਮ੍ਰਿਤਕ ਦੀ ਪਛਾਣ ਭਗਵੰਤ ਸਿੰਗਲਾ ਪੁੱਤਰ ਅਸ਼ੋਕ ਸਿੰਗਲਾ ਮੁਨੀਮ ਵਜੋਂ ਹੋਈ ਹੈ। ਹਾਦਸੇ 'ਚ ਮ੍ਰਿਤਕ ਦੇ ਬਾਕੀ ਦੇ ਸਾਥੀ ਵਾਲ-ਵਾਲ ਬਚ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ ਮ੍ਰਿਤਕ ਆਪਣੇ ਸਾਥੀ ਆਸ਼ੂ ਪੁੱਤਰ ਮਨੋਜ ਕੁਮਾਰ ਅਤੇ ਦੋ ਹੋਰ ਦੋਸਤਾਂ ਨਾਲ ਰਾਤ 12 ਕੁ ਵਜੇ ਦੇ ਕਰੀਬ ਮੋਹਾਲੀ-69 ਸੈਕਟਰ ਦੀਆਂ ਲਾਈਟਾਂ ਕਰਾਸ ਕਰਕੇ ਅੱਗੇ ਜਾ ਰਿਹਾ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਬੱਸ ਨੇ ਉਨ੍ਹਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਚਾਲਕ ਭਗਵੰਤ ਦੀ ਮੌਕੇ 'ਤੇ ਮੌਤ ਹੋ ਗਈ।

ਇਸ ਮੌਕੇ ਉਸ ਨਾਲ ਅੱਗੇ ਬੈਠਾ ਆਸ਼ੂ ਪੁੱਤਰ ਮਨੋਜ ਕੁਮਾਰ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਚੰਡੀਗੜ੍ਹ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਕਾਰ 'ਚ ਪਿਛਲੀ ਸੀਟ 'ਤੇ ਬੈਠੇ ਦੋ ਹੋਰ ਸਾਥੀ ਵਾਲ-ਵਾਲ ਬਚ ਗਏ। ਦੱਸ ਦੇਈਏ ਕਿ ਮ੍ਰਿਤਕ ਚੰਡੀਗੜ੍ਹ ਵਿਖੇ ਆਪਣਾ ਨਿੱਜੀ ਕੰਮ ਕਰਦਾ ਸੀ, ਜੋ ਰਾਤ ਦੇ ਸਮੇਂ ਦੋਸਤਾਂ ਨਾਲ ਲੋਹੜੀ ਦਾ ਤਿਉਹਾਰ ਮਨਾ ਕੇ ਵਾਪਸ ਘਰ ਜਾ ਰਿਹਾ ਸੀ।  


rajwinder kaur

Content Editor

Related News