ਸੜਕ ਹਾਦਸਾ : ਪਿਉ-ਪੁੱਤਰ ਸਮੇਤ 4 ਜ਼ਖਮੀ

06/22/2018 7:09:03 AM

ਕੁਰਾਲੀ, (ਬਠਲਾ)- ਸ਼ਹਿਰ ਵਿਚ ਹੋਏ ਇਕ ਸੜਕ ਹਾਦਸੇ ਵਿਚ ਪਿਉ-ਪੁੱਤਰ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਤਿੰਨ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਪੁਲਸ ਨੇ ਹਾਦਸੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਹਾਦਸਾ ਕੁਰਾਲੀ-ਸਿਸਵਾਂ ਮਾਰਗ 'ਤੇ ਉਸ ਸਮੇਂ ਹੋਇਆ ਜਦੋਂ ਇਕ ਕਾਰ ਤੇ ਮੋਟਰਸਾਈਕਲ ਵਿਚ ਟੱਕਰ ਹੋ ਗਈ। ਹਾਦਸੇ ਕਾਰਨ ਕਾਰ ਸਵਾਰ ਇਕਬਾਲ ਸਿੰਘ, ਉਸ ਦਾ ਲੜਕਾ ਵੀਰ ਅਨਮੋਲ ਸਿੰਘ ਤੇ ਮੋਟਰਸਾਈਕਲ ਸਵਾਰ ਜਸਵੀਰ ਸਿੰਘ ਅਤੇ ਆਰਿਫ ਚੌਹਾਨ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਇਨ੍ਹਾਂ ਵਿਚੋਂ ਇਕਬਾਲ ਸਿੰਘ, ਵੀਰ ਅਨਮੋਲ ਸਿੰਘ ਤੇ ਆਰਿਫ ਨੂੰ ਚੰਡੀਗੜ੍ਹ ਸੈਕਟਰ-16 ਦੇ ਹਸਪਤਾਲ ਨੂੰ ਰੈਫਰ ਕਰ ਦਿੱਤਾ। ਹਾਦਸੇ ਸਬੰਧੀ ਸੂਚਨਾ ਮਿਲਣ 'ਤੇ ਪੁਲਸ ਨੇ ਗੱਡੀਆਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News