ਆਰ.ਐੱਮ.ਪੀ.ਆਈ. ਵਲੋਂ ਸ਼ਾਹਕੋਟ ਪੁਲਸ ਖਿਲਾਫ ਧਰਨਾ ਪ੍ਰਦਰਸ਼ਨ

01/16/2018 11:47:50 PM

ਸ਼ਾਹਕੋਟ (ਅਰੁਣ, ਕੁਲਜੀਤ)— ਭਾਰਤੀ ਇਨਕਾਲਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਵਲੋਂ ਅੱਜ ਡੀ. ਐੱਸ. ਪੀ. ਦਫਤਰ ਬਾਹਰ ਧਰਨਾ ਲਗਾਇਆ ਗਿਆ। ਡੀ. ਐੱਸ. ਪੀ. ਦਫਤਰ ਦੇ ਬਾਹਰ ਲਗਾਏ ਗਏ ਇਸ ਧਰਨੇ ਤੋਂ ਪਹਿਲਾਂ ਪਾਰਟੀ ਦੇ ਵਰਕਰ ਸਥਾਨਕ ਬੱਸ ਸਟੈਂਡ ਵਿਖੇ ਇਕਤਰਤ ਹੋਏ। ਜਿਥੋਂ ਉਹ ਪੈਦਲ ਰੋਸ ਮਾਰਚ ਕਰਦੇ ਹੋਏ ਡੀ. ਐੱਸ. ਪੀ. ਦਫਤਰ ਤਕ ਪੁੱਜੇ, ਜਿਥੇ ਉਨ੍ਹਾਂ ਵਲੋਂ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਕਰਦਿਆਂ ਧਰਨਾ ਦਿੱਤਾ ਗਿਆ। 
ਧਰਨੇ ਨੂੰ ਸੰਬੋਧਨ ਕਰਦਿਆਂ ਦਰਸ਼ਨ ਨਾਹਰ ਅਤੇ ਨਿਰਮਲ ਸਿੰਘ ਨੇ ਕਿਹਾ ਕਿ ਜਦੋਂ ਕੋਈ ਆਪਣੇ ਮਸਲਿਆਂ ਸੰਬੰਧੀ ਸਬ-ਡਵੀਜ਼ਨ ਸ਼ਾਹਕੋਟ ਦੇ ਉੱਚ ਅਧਿਕਾਰੀਆਂ ਨੂੰ ਮਿਲਣ ਲਈ ਜਾਂਦਾ ਹੈ ਤਾਂ ਉਸ ਨੂੰ ਕਈ-ਕਈ ਘੰਟੇ ਇੰਤਜ਼ਾਰ ਕਰਵਾਇਆ ਜਾਂਦਾ ਹੈ। ਜਿਸ ਪਿੱਛੋਂ ਸੀਨੀਅਰ ਅਫਸਰ ਗੱਲ ਵੀ ਧਿਆਨ ਨਾਲ ਨਹੀਂ ਸੁਣਦੇ ਤੇ ਟਾਲਮ-ਟੋਲ ਵਾਲੀ ਨੀਤੀ ਅਪਣਾ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੀਨੀਅਰ ਅਫਸਰਾਂ ਦੀਆਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਆਰ. ਐੱਮ. ਪੀ. ਆਈ. ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। 
ਬੁਲਾਰੇ ਨੇ ਦੱਸਿਆ ਕਿ ਬਾਂਗੀਵਾਲ ਵਾਸੀ ਇਕ ਵਿਧਵਾ ਦੀ ਜ਼ਮੀਨ ਉਸਦੇ ਹੀ ਕੁਝ ਰਿਸ਼ਤੇਦਾਰਾਂ ਨੇ ਧੋਖੇ ਨਾਲ ਵੇਚ ਦਿੱਤੀ। ਪੁਲਸ ਵਲੋਂ ਇਸ ਸੰਬੰਧੀ ਕਥਿਤ ਦੋਸ਼ੀਆਂ ਵਿਰੁੱਧ ਮਾਮਲਾ ਵੀ ਦਰਜ਼ ਕਰ ਲਿਆ ਗਿਆ ਪਰ ਉਕਤ ਮਾਮਲੇ 'ਚ ਅਜੇ ਤਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਬ-ਡਵੀਜ਼ਨਾਂ ਦੀਆਂ ਚੌਕੀਆਂ 'ਚ ਕਈ ਮਾਮਲੇ ਲਟਕ ਰਹੇ ਹਨ ਪਰ ਪੁਲਸ ਉਨ੍ਹਾਂ ਮਾਮਲਿਆਂ 'ਤੇ ਬਣਦੀ ਕਾਰਵਾਈ ਨਹੀਂ ਕਰ ਰਹੀ। ਜਿਸ ਨਾਲ ਕ੍ਰਾਇਮ ਕਰਨ ਵਾਲੀਆਂ ਦੀ ਗਿਣਤੀ 'ਚ ਤਾਂ ਵਾਧਾ ਹੋ ਹੀ ਰਿਹਾ ਹੈ ਨਾਲ ਹੀ ਲੋਕਾਂ ਦਾ ਪੁਲਸ ਪ੍ਰਸ਼ਾਸਨ ਤੋਂ ਵਿਸ਼ਵਾਸ ਵੀ ਖਤਮ ਹੋ ਰਿਹਾ ਹੈ। ਅੰਤ 'ਚ ਧਰਨਾਕਾਰੀਆਂ ਨੇ ਪੁਲਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉੱਚ ਅਧਿਕਾਰੀਆਂ ਨੇ ਅਜਿਹਾ ਰਵਇਆ ਨਾ ਛੱਡਿਆ ਤਾਂ ਪਾਰਟੀ ਵਲੋਂ ਵੱਡੇ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਸੂਬਾ ਕਮੇਟੀ ਮੈਂਬਰ ਰਾਮ ਸਿੰਘ, ਸੰਤੋਖ ਸਿੰਘ, ਪਰਮਜੀਤ ਸਿੰਘ, ਨਿਰਮਲ ਸਿੰਘ, ਹਰਭਜਨ ਸਿੰਘ, ਤਾਰਾ ਸਿੰਘ, ਰੇਸ਼ਮ ਲਾਲ, ਸਵਰਨ ਰੱਤੂ, ਮੇਜ਼ਰ ਫਿਲੌਰ, ਹਰਭਜਨ ਸਿੰਘ, ਮੱਖਣ ਨੂਰਪੁਰੀ, ਬਲਵਿੰਦਰ ਸਿੰਘ, ਰਾਜ ਰਾਣੀ, ਜਗੀਰ ਕੌਰ, ਸੋਨੂੰ ਅਤੇ ਗੁਰਦੀਪ ਸਿੰਘ ਆਦਿ ਸਣੇ ਵੱਡੀ ਗਿਣਤੀ 'ਚ ਪਾਰਟੀ ਵਰਕਰ ਹਾਜ਼ਰ ਸਨ।


Related News