ਠੰਡ ਦੇ ਨਾਲ ਵਾਇਰਸ ਦਾ ਵੀ ਵਧਿਆ ਖ਼ਤਰਾ, ਬੱਚਿਆਂ ਅਤੇ ਬਜ਼ੁਰਗਾਂ ਲਈ ਬਣੀ ਚਿੰਤਾ, ਐਡਵਾਈਜ਼ਰੀ ਜਾਰੀ

Saturday, Dec 28, 2024 - 04:04 PM (IST)

ਠੰਡ ਦੇ ਨਾਲ ਵਾਇਰਸ ਦਾ ਵੀ ਵਧਿਆ ਖ਼ਤਰਾ, ਬੱਚਿਆਂ ਅਤੇ ਬਜ਼ੁਰਗਾਂ ਲਈ ਬਣੀ ਚਿੰਤਾ, ਐਡਵਾਈਜ਼ਰੀ ਜਾਰੀ

ਅੰਮ੍ਰਿਤਸਰ (ਦਲਜੀਤ)- ਸਵੇਰ ਤੋਂ ਹੋ ਰਹੀ ਬੂੰਦਾਬਾਂਦੀ ਕਾਰਨ ਠੰਡ ਦਾ ਅਸਰ ਅੱਗੇ ਨਾਲੋਂ ਵੱਧ ਗਿਆ ਹੈ। ਠੰਡ ਵਧਣ ਨਾਲ ਖਾਂਸੀ, ਜ਼ੁਕਾਮ ਅਤੇ ਬੁਖਾਰ ਤੋਂ ਇਲਾਵਾ ਵਾਇਰਸ ਆਦਿ ਦੀਆਂ ਬੀਮਾਰੀਆਂ ਫੈਲਣ ਦਾ ਖ਼ਦਸ਼ਾ ਵੀ ਵੱਧ ਗਿਆ ਹੈ। ਸਿਹਤ ਵਿਭਾਗ ਵੱਲੋਂ ਭਾਵੇਂ ਸੀਤ ਰੁੱਤ ਨੂੰ ਲੈ ਕੇ ਲੋਕਾਂ ਲਈ ਐਡਵਾਈਜਰੀ ਜਾਰੀ ਕੀਤੀ ਗਈ ਹੈ ਪਰ ਸਿਹਤ ਮਾਹਿਰਾਂ ਵੱਲੋਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਇਨ੍ਹਾਂ ਦਿਨਾਂ ਵਿਚ ਖਾਸ ਆਪਣਾ ਧਿਆਨ ਰੱਖਣ ਦੀ ਹਦਾਇਤ ਕੀਤੀ ਹੈ। ਇਸ ਦੇ ਨਾਲ ਹੀ ਦਿਲ ਦੇ ਰੋਗੀਆਂ ਨੂੰ ਵੀ ਆਪਣਾ ਧਿਆਨ ਰੱਖਣ ਦੀ ਜ਼ਰੂਰਤ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿਚ ਪਿਛਲੇ ਕੁਝ ਦਿਨਾਂ ਤੋਂ ਸੁੱਕੀ ਠੰਡ ਕਾਰਨ ਬੀਮਾਰੀਆਂ ਦੀ ਲਪੇਟ ਵਿਚ ਕਾਫੀ ਲੋਕ ਆ ਰਹੇ ਸਨ ਪਰ ਹੁਣ ਸਵੇਰ ਤੋਂ ਹੋਰ ਹੀ ਬੂੰਦਾਂਬੰਦੀ ਕਾਰਨ ਮੌਸਮ ਵਿਚ ਆਈ ਗਿਰਾਵਟ ਦੇ ਮੱਦੇਨਜ਼ਰ ਖਾਂਸੀ, ਜ਼ੁਕਾਮ, ਬੁਖਾਰ, ਫਲੂ, ਨਿਮੋਨੀਆਂ, ਅਸਥਮਾ ਅਤੇ ਵਾਰਿਸ ਆਦਿ ਬੀਮਾਰੀਆਂ ਵੱਧਣ ਦਾ ਖ਼ਤਰਾ ਵੱਧ ਗਿਆ ਹੈ।

ਇਸ ਤੋਂ ਦੋ ਦਿਨ ਪਹਿਲਾਂ ਭਾਰਤ ਸਰਕਾਰ ਦੇ ਪ੍ਰਦੂਸ਼ਣ ਕੰਟਰੋਲ ਵਿਭਾਗ ਵੱਲੋਂ ਜ਼ਿਲ੍ਹੇ ਦੇ ਏ. ਕਿਊ. ਆਈ. ਦੇ ਆਧਾਰਿਤ ਔਰੰਜ ਜ਼ੋਨ ਅਲਰਟ ਜਾਰੀ ਕੀਤਾ ਗਿਆ ਸੀ ਪਰ ਹੋਣ ਬਰਸਾਤ ਦੇ ਨਾਲ ਮੌਸਮ ਵਿਚ ਫੈਲੇ ਪ੍ਰਦੂਸ਼ਣ ਦਾ ਮਿਆਰ ਵੀ ਕਾਫੀ ਹੇਠਾਂ ਚਲਾ ਗਿਆ ਹੈ। ਇਨ੍ਹਾਂ ਦਿਨਾਂ ਵਿਚ ਠੰਢ ਵੱਧਣ ਦੇ ਕਾਰਨ ਉਕਤ ਬੀਮਾਰੀਆਂ ਤੋਂ ਇਲਾਵਾ ਦਿਲ ਦੇ ਰੋਗੀਆਂ ਨੂੰ ਵੀ ਗੰਭੀਰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਸਾਲ 2025 ਦੀਆਂ ਛੁੱਟੀਆਂ ਦੀ ਦੇਖ ਲਓ ਲਿਸਟ, ਕਈ ਸਰਕਾਰੀ ਛੁੱਟੀਆਂ ਨੂੰ ਖਾ ਜਾਵੇਗਾ ਐਤਵਾਰ

ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਬਰਸਾਤ ਤੋਂ ਬਾਅਦ ਬਜ਼ੁਰਗ ਅਤੇ ਬੱਚੇ ਦੋਵਾਂ ਦੀ ਹੀ ਸਿਹਤ ਪ੍ਰਭਾਵਿਤ ਹੁੰਦੀ ਹੈ, ਕਿਉਂਕਿ ਉਹ ਬਹੁਤ ਜਲਦ ਠੰਢ ਲੱਗਣ ਕਾਰਨ ਬੀਮਾਰ ਹੋ ਸਕਦੇ ਹਨ। ਅਜਿਹੇ ਮੌਸਮ ਵਿਚ ਸਾਰੇ ਬਜ਼ੁਰਗਾਂ ਖਾਸ ਕਰ ਕੇ ਜਿਨ੍ਹਾਂ ਨੂੰ ਸ਼ੂਗਰ, ਦਮਾ ਜਾਂ ਦਿਲ ਦੀ ਬੀਮਾਰੀਆਂ ਹਨ, ਨੂੰ ਠੰਢ ਤੋਂ ਬਚਾਅ ਕੇ ਰੱਖਣਾ ਚਾਹੀਦਾ ਹੈ ਅਤੇ ਬਿਨਾਂ ਕੰਮ ਤੋਂ ਘਰੋਂ ਬਾਹਰ ਨਹੀਂ ਜਾਣਾ ਚਾਹੀਦਾ। ਛੋਟੇ ਬੱਚਿਆਂ ਨੂੰ ਨਿੱਘਾ ਵਿਚ ਰੱਖਣਾ ਚਾਹੀਦਾ ਹੈ, ਗਰਮ ਕੱਪੜੇ ਪਾ ਕੇ ਰੱਖਣੇ ਚਾਹੀਦੇ ਹਨ, ਸਿਰ ਅਤੇ ਪੈਰਾਂ ਨੂੰ ਪੂਰੀ ਤਰ੍ਹਾਂ ਕਵਰ ਕਰ ਕੇ ਰੱਖਣਾ ਚਾਹੀਦਾ ਹੈ ਅਤੇ ਖਾਂਸੀ, ਜੁਕਾਮ, ਦਸਤ, ਉਲਟੀ ਜਾਂ ਬੁਖਾਰ ਹੋਣ ’ਤੇ ਤੁਰੰਤ ਮਾਹਿਰ ਡਾਕਟਰਾਂ ਕੋਲ ਜਾਣਾ ਚਾਹੀਦਾ ਹੈ। ਬੰਦ ਕਮਰੇ ਵਿਚ ਅੰਗੀਠੀ ਨਾ ਬਾਲੋ, ਕਿਉਂਕਿ ਇਸ ਨਾਲ ਕਾਰਬਨ ਮੋਨੋਅਕਸਾਈਡ ਗੈਸ ਪੈਦਾ ਹੁੰਦੀ ਹੈ, ਜੋ ਕਿ ਜਾਨਲੇਵਾ ਸਾਬਿਤ ਹੋ ਸਕਦੀ ਹੈ। ਸਰਦੀ ਵਿਚ ਆਪਣੀ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਅਤੇ ਸਮੇਂ-ਸਮੇਂ ’ਤੇ ਗਰਮ ਤਰਲ ਪਦਾਰਥ ਲੈਣੇ ਚਾਹੀਦੇ ਹਨ। ਇਸ ਤੋਂ ਇਲਾਵਾ ਮੌਸਮ ਵਿਭਾਗ ਦੀਆਂ ਚਿਤਾਵਨੀਆਂ ਦਾ ਵੀ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਜ਼ਿਆਦਾ ਧੁੰਦ, ਬਾਰਿਸ਼, ਕੋਹਰਾ ਜਾਂ ਗੜੇ ਪੈਣ ਦੀ ਸੂਰਤ ਵਿਚ ਘਰੋਂ ਬਾਹਰ ਨਹੀਂ ਜਾਣਾ ਚਾਹੀਦਾ ਅਤੇ ਕਾਂਬਾ ਲੱਗਣ ਵਾਲੀ ਸਥਿਤੀ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।

ਬਾਰਿਸ਼ ਤੋਂ ਬਾਅਦ ਫਲੂ ਅਤੇ ਹੋਰ ਬੀਮਾਰੀਆਂ ਵਧਣ ਦਾ ਰਹਿੰਦੈ ਖਦਸ਼ਾ

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਟੀ. ਬੀ. ਪ੍ਰੋਗਰਾਮ ਦੇ ਅਧਿਕਾਰੀ ਡਾ. ਨਰੇਸ਼ ਚਾਵਲਾ ਨੇ ਦੱਸਿਆ ਕਿ ਜ਼ਿਲੇ ਵਿਚ ਹੋ ਰਹੀ ਬੂੰਦਾਬਾਂਦੀ ਕਾਰਨ ਹੋਣ ਫਲੂ ਅਤੇ ਹੋਰਨਾਂ ਬੀਮਾਰੀਆਂ ਵੱਧਣ ਦਾ ਖਦਸ਼ਾ ਵੱਧ ਗਿਆ ਹੈ। ਬੱਚਿਆਂ ਅਤੇ ਬਜ਼ੁਰਗਾਂ ਨੂੰ ਖਾਸ ਤੌਰ ’ਤੇ ਇਨ੍ਹਾਂ ਦਿਨਾਂ ਵਿਚ ਆਪਣਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਖਾਂਸੀ, ਜ਼ੁਕਾਮ, ਬੁਖਾਰ ਤੋਂ ਇਲਾਵਾ ਨਿਮੋਨੀਆ ਦੇ ਮਰੀਜ਼ਾਂ ਦੀ ਗਿਣਤੀ ਵੱਧ ਜਾਂਦੀ ਹੈ, ਨਾਲ ਹੀ ਅਸਥਮਾ ਦੇ ਅਟੈਕ ਵੀ ਮਰੀਜ਼ਾਂ ਨੂੰ ਜ਼ਿਆਦਾ ਆਪਣੇ ਗ੍ਰਿਫਤ ਵਿਚ ਲੈਂਦੇ ਹਨ। ਇਸ ਦੇ ਨਾਲ ਹੀ ਇਨਫਲੂਜਾ ਵਾਇਰਸ ਅਤੇ ਸਵਾਇਨ ਫਲੂ ਦੇ ਕੇਸਾਂ ਵਿਚ ਵੀ ਇਜਾਫਾ ਹੁੰਦਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਡਾਕਾ, ਦੇਰ ਰਾਤ 8 ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਲੁੱਟ ਲਿਆ ਸਾਰਾ ਘਰ

ਬੱਚਿਆਂ ਅਤੇ ਬਜ਼ੁਰਗਾਂ ਨੂੰ ਇਨ੍ਹਾਂ ਦਿਨਾਂ ਵਿਚ ਆਪਣਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਖਾਂਸੀ ਲਗਾਤਾਰ ਆਉਂਦੀ ਰਹਿੰਦੀ ਹੈ ਤਾਂ ਤੁਰੰਤ ਉਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਗਰਮ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਬਾਹਰੀ ਚੀਜ਼ਾਂ ਖਾਣ ਤੋਂ ਪ੍ਰਹੇਜ਼ ਰੱਖਣਾ ਚਾਹੀਦਾ ਹੈ। ਡਾ. ਚਾਵਲਾ ਨੇ ਦੱਸਿਆ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਸਮੇਂ-ਸਮੇਂ ’ਤੇ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਵੀ ਕੀਤਾ ਜਾਂਦਾ ਹੈ।

ਦਿਲ ਦੇ ਰੋਗੀ ਰੱਖਣ ਆਪਣਾ ਖਾਸ ਧਿਆਨ

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰ ਡਾ. ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਉਕਤ ਬੀਮਾਰੀਆਂ ਤੋਂ ਇਲਾਵਾ ਦਿਲ ਦੀਆਂ ਬੀਮਾਰੀਆਂ ਅਤੇ ਹੋਰ ਨਾ ਬੀਮਾਰੀਆਂ ਦਾ ਵੀ ਵੱਧਣ ਦਾ ਖਤਰਾ ਬਣਿਆ ਰਹਿੰਦਾ ਹੈ। ਦਿਲ ਦੇ ਰੋਗੀਆਂ ਨੂੰ ਚਿਕਨਾਹਟ ਵਾਲੀਆਂ ਚੀਜ਼ਾਂ ਅਤੇ ਬਾਹਰੀ ਚੀਜ਼ਾਂ ਖਾਣ ਤੋਂ ਪ੍ਰਹੇਜ਼ ਰੱਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਛਾਤੀ ਨੂੰ ਹਰ ਇਕ ਇਨਸਾਨ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਪੰਜਾਬ ਬੰਦ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕੀ ਖੁੱਲ੍ਹੇਗਾ ਤੇ ਕੀ ਹੋਵੇਗਾ ਬੰਦ!

ਛਾਤੀ ਦੀ ਲੱਗੀ ਠੰਢ ਬਾਅਦ ਵਿੱਚ ਵੱਖ-ਵੱਖ ਬੀਮਾਰੀਆਂ ਨੂੰ ਸੱਦਾ ਦੇ ਸਕਦੀ ਹੈ। ਡਾ. ਰਜਨੀਸ਼ ਨੇ ਕਿਹਾ ਕਿ ਲੋਕਾਂ ਨੂੰ ਸਿਹਤ ਵਿਭਾਗ ਦੀ ਐਡਵਾਈਜ਼ਰੀ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਆਪਣਾ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਦਾ ਸੀਤ ਰੁੱਤ ਵਿਚ ਖਾਸ ਧਿਆਨ ਰੱਖਣਾ ਚਾਹੀਦਾ ਹੈ।

ਛਾਤੀ ਨਾਲ ਸਬੰਧਤ ਬੀਮਾਰੀਆਂ ਦੇ ਮਰੀਜ਼ਾਂ ਦੀ ਵਧੇਗੀ ਗਿਣਤੀ

ਸਰਕਾਰੀ ਟੀ. ਬੀ. ਹਸਪਤਾਲ ਦੇ ਸਾਬਕਾ ਇੰਚਾਰਜ਼ ਡਾ. ਨਵੀਨ ਪਾਂਧੀ ਨੇ ਦੱਸਿਆ ਕਿ ਛਾਤੀ ਦੀ ਬੀਮਾਰੀ ਨਾਲ ਸੰਬੰਧਤ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਮਰੀਜ਼ ਵੱਖ-ਵੱਖ ਤਰ੍ਹਾਂ ਦੀਆਂ ਛਾਤੀ ਨਾਲ ਸੰਬੰਧਤ ਬੀਮਾਰੀਆਂ ਤੋਂ ਪ੍ਰੇਸ਼ਾਨ ਹਨ। ਡਾ. ਪਾਂਧੀ ਨੇ ਕਿਹਾ ਕਿ ਲੋਕਾਂ ਨੂੰ ਸਿਹਤ ਵਿਭਾਗ ਦੀ ਐਡਵਾਈਜਰੀ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਨਾਲ ਹੀ ਟੀ. ਬੀ. ਦੇ ਮਰੀਜ਼ਾਂ ਨੂੰ ਵੀ ਇੰਨਾਂ ਦਿਨਾਂ ਵਿੱਚ ਆਪਣਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਡਾਕਟਰਾਂ ਵੱਲੋਂ ਦੱਸੀ ਡਾਇਟ ਅਤੇ ਦਵਾਈ ਸਮੇਂ ’ਤੇ ਲੈਣੀ ਚਾਹੀਦੀ ਹੈ। ਜੇਕਰ ਉਨਾਂ ਨੂੰ ਕੋਈ ਤਕਲੀਫ ਆਉਂਦੀ ਹੈ ਤਾਂ ਸੰਬੰਧਤ ਡਾਕਟਰ ਨੂੰ ਸਮੇਂ ’ਤੇ ਇਤਲਾਹ ਦੇਣੀ ਚਾਹੀਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News