ਵਧ ਰਹੀ ਮਹਿੰਗਾਈ ਨੇ ਹਰ ਵਰਗ ਦੀ ਤੋੜੀ ਕਮਰ

Saturday, Apr 07, 2018 - 08:26 AM (IST)

ਵਧ ਰਹੀ ਮਹਿੰਗਾਈ ਨੇ ਹਰ ਵਰਗ ਦੀ ਤੋੜੀ ਕਮਰ

ਗਿੱਦੜਬਾਹਾ (ਸੰਧਿਆ) - ਦਿਨੋ-ਦਿਨ ਵਧ ਰਹੀ ਮਹਿੰਗਾਈ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਕੇ ਰੱਖ ਦਿੱਤਾ ਹੈ। ਸਾਰੀਆਂ ਹੀ ਚੀਜ਼ਾਂ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ। ਵਧ ਰਹੀ ਮਹਿੰਗਾਈ ਨੇ ਲੋਕਾਂ ਦਾ ਬਜਟ ਪੂਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ ਹੈ। ਮਹਿੰਗਾਈ ਤਾਂ ਲਗਾਤਾਰ ਵਧਦੀ ਜਾ ਰਹੀ ਹੈ ਪਰ ਲੋਕਾਂ ਦੀ ਆਮਦਨ ਨਹੀਂ ਵਧ ਰਹੀ, ਜਿਸ ਕਾਰਨ ਹੁਣ ਇਸ ਮਹਿੰਗਾਈ ਦੇ ਯੁੱਗ 'ਚ ਲੋਕਾਂ ਲਈ ਘਰ ਚਲਾਉਣਾ ਮੁਸ਼ਕਲ ਹੋਇਆ ਪਿਆ ਹੈ।
ਮਿਡਲ ਕਲਾਸ ਪਰਿਵਾਰਾਂ ਦੀ ਹਾਲਤ ਵੀ ਗਰੀਬ ਵਰਗ ਵਾਂਗ ਹੋ ਕੇ ਰਹਿ ਗਈ ਹੈ। ਮਹਿੰਗਾਈ ਨੇ ਲੋਕਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਪਿਛਲੇ ਚਾਰ ਸਾਲਾਂ ਤੋਂ ਹਰ ਚੀਜ਼ ਦੇ ਮਹਿੰਗੀ ਹੋਣ ਕਾਰਨ ਲੋਕ ਖਰੀਦਣ ਤੋਂ ਅਸਮਰੱਥ ਹੋ ਰਹੇ ਹਨ। ਮਹਿੰਗਾਈ ਦੇ ਇਸ ਦੌਰ ਵਿਚ ਲੋਕਾਂ ਨੂੰ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਵੀ ਔਖਾ ਹੋ ਰਿਹਾ ਹੈ। ਵਧ ਰਹੀਆਂ ਸਾਮਾਨ ਦੀਆਂ ਕੀਮਤਾਂ ਕਾਰਨ ਹਰ ਵਰਗ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਜਿਨ੍ਹਾਂ ਦੀ ਦਿਹਾੜੀ 100 ਰੁਪਏ ਤੋਂ ਘੱਟ ਹੈ, ਉਨ੍ਹਾਂ ਲਈ ਇਸ ਮਹਿੰਗਾਈ ਦੇ ਯੁੱਗ ਵਿਚ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਅਸੰਭਵ ਹੈ।
ਪਹਿਲਾਂ ਕੀਤਾ ਨੋਟਬੰਦੀ ਨੇ ਪ੍ਰੇਸ਼ਾਨ, ਫਿਰ ਹਿਲਾਇਆ ਜੀ. ਐੱਸ. ਟੀ. ਨੇ
ਕੇਂਦਰ ਸਰਕਾਰ ਵੱਲੋਂ ਪਹਿਲਾਂ ਨੋਟਬੰਦੀ ਦੇ ਫੈਸਲੇ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਕੇ ਰੱਖ ਦਿੱਤਾ ਅਤੇ ਫਿਰ ਸਰਕਾਰ ਵੱਲੋਂ ਜੀ. ਐੱਸ. ਟੀ. ਲਾ ਦਿੱਤਾ ਗਿਆ, ਜਿਸ ਨੇ ਸਿੱਧਾ ਹੀ ਲੋਕਾਂ ਦੀ ਆਮਦਨੀ 'ਤੇ ਅਸਰ ਪਾਇਆ। ਹੁਣ ਹਰ ਵਰਗ ਮਹਿੰਗਾਈ ਦਾ ਰੋਣਾ ਰੋ ਰਿਹਾ ਹੈ।
ਦਾਲਾਂ ਦੇ ਰੇਟ ਆਸਮਾਨ 'ਤੇ
ਸਬਜ਼ੀਆਂ ਦੇ ਰੇਟਾਂ ਦੇ ਨਾਲ-ਨਾਲ ਦਾਲਾਂ ਦੇ ਰੇਟ ਵੀ ਆਸਮਾਨ ਛੂਹ ਰਹੇ ਹਨ। ਬਾਜ਼ਾਰਾਂ ਵਿਚ ਦਾਲਾਂ 80 ਰੁਪਏ ਤੋਂ ਘੱਟ ਨਹੀਂ ਮਿਲਦੀਆਂ। ਦਾਲਾਂ ਦੇ ਭਾਅ ਸੁਣ ਕੇ ਹੀ ਲੋਕ ਹੈਰਾਨ ਹੋ ਜਾਂਦੇ ਹਨ।
ਰੋਜ਼ਾਨਾ ਜ਼ਰੂਰਤ ਦੀਆਂ ਵਸਤੂਆਂ 'ਚ ਕੀਤੀ ਕਟੌਤੀ
ਮਹਿੰਗਾਈ ਕਾਰਨ ਲੋਕਾਂ ਨੇ ਹੁਣ ਆਪਣੀਆਂ ਰੋਜ਼ਾਨਾ ਜ਼ਰੂਰਤ ਵਾਲੀਆਂ ਵਸਤੂਆਂ ਵਿਚ ਕਮੀ ਕਰਨੀ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਜਿਥੇ ਲੋਕ 2 ਕਿਲੋ ਦੁੱਧ ਲੈਂਦੇ ਸਨ, ਹੁਣ ਕੀਮਤ ਵਧਣ ਕਾਰਨ ਇਕ ਕਿਲੋ 'ਚ ਹੀ ਗੁਜ਼ਾਰਾ ਕਰਨ ਨੂੰ ਮਜਬੂਰ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਮਹਿੰਗਾਈ ਨੇ ਹਰ ਵਰਗ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ।


Related News