ਰਿਸ਼ੀ ਨਗਰ ਮਾਰਕਿਟ ''ਚ ਪੁਲਸ ਦੀ ਸੈਟਿੰਗ ਨਾਲ ਚੱਲ ਰਿਹੈ ''ਓਪਨ ਬਾਰ''
Monday, Dec 03, 2018 - 02:23 PM (IST)

ਲੁਧਿਆਣਾ (ਰਿਸ਼ੀ) : ਥਾਣਾ ਪੀ. ਏ. ਯੂ. ਦੇ ਇਲਾਕੇ ਰਿਸ਼ੀ ਨਗਰ ਮਾਰਕਿਟ 'ਚ ਇਕ ਚਿਕਨ ਕਾਰਨਰ ਮਾਲਕ ਵਲੋਂ ਹੇਠਲੇ ਪੱਧਰ 'ਤੇ ਪੁਲਸ ਕਰਮਚਾਰੀਆਂ ਨਾਲ ਸੈਟਿੰਗ ਕਰਕੇ ਬੇਖੌਫ ਹੋ ਕੇ ਓਪਨ ਬਾਰ ਚਲਾਇਆ ਜਾ ਰਿਹਾ ਹੈ। ਐਕਸਾਈਜ਼ ਵਿਭਾਗ ਨੂੰ ਹਰ ਰੋਜ਼ ਹਜ਼ਾਰਾਂ ਦੇ ਟੈਕਸ ਦਾ ਚੂਨਾ ਲਗਾ ਰਿਹਾ ਉਕਤ ਮਾਲਕ ਪੁਲਸ ਕਰਮਚਾਰੀਆਂ ਨੂੰ ਰਿਸ਼ਵਤ ਦੇ ਤੌਰ 'ਤੇ ਮਾਮੂਲੀ ਪੈਸੇ ਦੇ ਕੇ ਨਿਯਮਾਂ ਦੀਆਂ ਧੱਜੀਆਂ ਉਡਾ ਰਿਹਾ ਹੈ। ਜਾਣਕਾਰੀ ਮੁਤਾਬਕ ਮਾਰਿਕਟ 'ਚ ਚਿਕਨ ਕਾਰਨਰ ਮਾਲਕ ਵਲੋਂ ਸ਼ਰੇਆਮ ਕਾਰਾਂ 'ਚ ਸ਼ਰਾਬ ਪਿਲਾਉਣ ਤੋਂ ਤੰਗ ਆ ਕੇ ਲੋਕਾਂ ਨੇ ਐੱਸ. ਐੱਚ. ਓ. ਸੁਮਿਤ ਸੂਦ ਨੂੰ ਫੋਨ ਕਰਕੇ ਸੂਚਨਾ ਦਿੱਤੀ। ਐੱਸ. ਐੱਚ. ਓ. ਨੇ ਪਹਿਲਾਂ ਪੀ. ਸੀ. ਆਰ. ਦਸਤਾ ਅਤੇ ਫਿਰ ਡਿਊਟੀ ਅਫਸਰ ਨੂੰ ਮੌਕੇ 'ਤੇ ਭੇਜਿਆ। ਥਾਣਾ ਪੁਲਸ ਦੇ ਮੌਕੇ 'ਤੇ ਪੁੱਜਣ ਤੋਂ ਪਹਿਲਾਂ ਪੀ. ਸੀ. ਆਰ. ਨੇ ਕਾਰਾਂ 'ਚ ਬੈਠ ਕੇ ਸ਼ਰਾਬ ਪੀਣ ਵਾਲਿਆਂ ਨੂੰ ਫੜ੍ਹਨ ਦੀ ਬਜਾਏ ਮਾਲਕ ਦੇ ਕਹਿਣ 'ਤੇ ਤੁਰੰਤ ਭਜਾ ਦਿੱਤਾ ਤਾਂ ਜੋ ਪੁਲਸ ਛਾਪਾ ਮਾਰੇ ਤਾਂ ਕੁਝ ਪਤਾ ਨਾ ਲੱਗ ਸਕੇ। ਥਾਣਾ ਪੁਲਸ ਨੇ ਉੱਥੇ ਪੁੱਜਣ ਤੋਂ ਪਹਿਲਾਂ ਹੀ ਸਾਰੇ ਗਾਹਕ ਛੂ-ਮੰਤਰ ਹੋ ਚੁੱਕੇ ਸਨ।