ਜਲੰਧਰ: ''ਰਿੰਗ ਸੈਰੇਮਨੀ'' ਦੌਰਾਨ ਡਾਇਮੰਡ ਦੀ ਰਿੰਗ ਨਾ ਮਿਲਣ ’ਤੇ ਵਾਲਾਂ ਤੋਂ ਫੜ ਕੇ ਘੜੀਸੀ ਕੁੜੀ, ਮੁੰਡੇ ਨੇ ਤੋੜਿਆ ਰਿਸ਼ਤਾ

Monday, Sep 06, 2021 - 10:36 AM (IST)

ਜਲੰਧਰ: ''ਰਿੰਗ ਸੈਰੇਮਨੀ'' ਦੌਰਾਨ ਡਾਇਮੰਡ ਦੀ ਰਿੰਗ ਨਾ ਮਿਲਣ ’ਤੇ ਵਾਲਾਂ ਤੋਂ ਫੜ ਕੇ ਘੜੀਸੀ ਕੁੜੀ, ਮੁੰਡੇ ਨੇ ਤੋੜਿਆ ਰਿਸ਼ਤਾ

ਜਲੰਧਰ (ਮਹੇਸ਼)-ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ ’ਤੇ ਪਰਾਗਪੁਰ ਨੇੜੇ ਸਥਿਤ ਇਕ ਹੋਟਲ ਵਿਚ ਐਤਵਾਰ ਨੂੰ ਰਿੰਗ ਸੈਰੇਮਨੀ ਸਬੰਧੀ ਆਯੋਜਿਤ ਸਮਾਰੋਹ ਵਿਚ ਉਸ ਸਮੇਂ ਜੰਮ ਕੇ ਹੰਗਾਮਾ ਹੋ ਗਿਆ, ਜਦੋਂ ਇਸ ਦੌਰਾਨ ਮੁੰਡੇ ਵਾਲਿਆਂ ਨੇ ਕੁੜੀ ਵਾਲਿਆਂ ਕੋਲੋਂ ਡਾਇਮੰਡ ਰਿੰਗ ਸਮੇਤ ਹੋਰ ਗਹਿਣਿਆਂ ਦੀ ਮੰਗ ਕੀਤੀ। ਰਿੰਗ ਨਾ ਮਿਲਣ ਦੀ ਸੂਰਤ ਵਿਚ ਮੁੰਡੇ ਵਾਲਿਆਂ ਨੇ ਰਿਸ਼ਤਾ ਤੋੜ ਦਿੱਤਾ ਅਤੇ ਦੋਵਾਂ ਧਿਰਾਂ ਵਿਚਕਾਰ ਜੰਮ ਕੇ ਹੱਥੋਪਾਈ ਵੀ ਹੋਈ। ਕੁੜੀ ਵਾਲਿਆਂ ਦਾ ਦੋਸ਼ ਹੈ ਕਿ ਮੁੰਡੇ ਵਾਲਿਆਂ ਨੇ ਦੋ ਡਾਇਮੰਡ ਰਿੰਗਾਂ ਮੰਗਣ ਦੇ ਨਾਲ-ਨਾਲ ਇਕ ਸੋਨੇ ਦਾ ਕੜਾ ਅਤੇ ਸੋਨੇ ਦੀਆਂ ਵਾਲੀਆਂ ਮੰਗੀਆਂ ਸਨ। ਹੋਟਲ ਵਿਚ ਹੋ ਰਹੇ ਹੰਗਾਮੇ ਦੀ ਸੂਚਨਾ ਮਿਲਦੇ ਹੀ ਥਾਣਾ ਜਲੰਧਰ ਕੈਂਟ ਦੇ ਏ. ਐੱਸ. ਆਈ. ਗੁਰਦੀਪ ਚੰਦ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ। ਉਨ੍ਹਾਂ ਹੋਟਲ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਚੈੱਕ ਕੀਤੀ ਤਾਂ ਉਸ ਵਿਚ ਪੂਰਾ ਮਾਮਲਾ ਕੈਦ ਪਾਇਆ ਗਿਆ।

ਇਹ ਵੀ ਪੜ੍ਹੋ: ਪੰਜਾਬ ’ਚ ਗੈਂਗਸਟਰਾਂ ਤੇ ਮਾਫ਼ੀਆ ਦਾ ਰਾਜ, ਸਰਕਾਰ ਤੇ ਪੁਲਸ ਅਪਰਾਧ ਰੋਕਣ ’ਚ ਅਸਫ਼ਲ : ਅਸ਼ਵਨੀ ਸ਼ਰਮਾ

ਏ. ਐੱਸ. ਆਈ. ਗੁਰਦੀਪ ਚੰਦ ਨੇ ਦੱਸਿਆ ਕਿ ਮੁੰਡੇ ਵਾਲੇ ਹੁਸ਼ਿਆਰਪੁਰ ਤੋਂ ਆਏ ਹੋਏ ਸਨ ਅਤੇ ਲੜਕੀ ਵਾਲੇ ਰਾਮਾ ਮੰਡੀ ਦੇ ਰਹਿਣ ਵਾਲੇ ਸਨ। ਕੁੜੀ ਵਾਲਿਆਂ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਜਿੱਥੇ ਮੁੰਡੇ ਵਾਲਿਆਂ ਵੱਲੋਂ ਡਾਇਮੰਡ ਰਿੰਗ ਸਮੇਤ ਹੋਰ ਗਹਿਣਿਆਂ ਦੀ ਮੰਗ ਕਰਨ ਦਾ ਦੋਸ਼ ਲਾਇਆ, ਉਥੇ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅੱਜ ਹੀ ਪਤਾ ਲੱਗਾ ਹੈ ਕਿ ਮੁੰਡਾ ਪਹਿਲਾਂ ਹੀ ਵਿਆਹਿਆ ਹੋਇਆ ਸੀ ਅਤੇ ਉਸ ਦੇ 2 ਬੱਚੇ ਵੀ ਹਨ। ਕੁੜੀ ਵਾਲਿਆਂ ਨੇ ਕਿਹਾ ਕਿ ਮੁੰਡੇ ਵਾਲਿਆਂ ਨੇ ਉਨ੍ਹਾਂ ਨੂੰ ਧੋਖੇ ਵਿਚ ਰੱਖ ਕੇ ਰਿਸ਼ਤਾ ਤੈਅ ਕੀਤਾ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੁੜੀ ਅਜੇ ਕੁਆਰੀ ਹੈ। ਉਨ੍ਹਾਂ ਮੁੰਡੇ ਵਾਲਿਆਂ ’ਤੇ ਕੁੜੀ ਨੂੰ ਵਾਲਾਂ ਤੋਂ ਫੜ ਕੇ ਕੁੱਟਮਾਰ ਕਰਨ ਦਾ ਵੀ ਦੋਸ਼ ਲਾਇਆ।ਦੂਜੇ ਪਾਸੇ ਮੁੰਡੇ ਵਾਲਿਆਂ ਵੱਲੋਂ ਪੁਲਸ ਨੂੰ ਦਿੱਤੇ ਗਏ ਬਿਆਨਾਂ ਵਿਚ ਉਨ੍ਹਾਂ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਗਲਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੁੜੀ ਵਾਲਿਆਂ ਕਾਰਨ ਹੀ ਮਾਹੌਲ ਖ਼ਰਾਬ ਹੋਇਆ ਹੈ। ਕੁੜੀ ਨੂੰ ਧੱਕੇ ਮਾਰਦੇ ਹੋਏ ਮੁੰਡੇ ਵਾਲੇ ਹੋਟਲ ਵਿਚੋਂ ਫਰਾਰ ਹੋ ਗਏ।

ਜਾਂਚ ਅਧਿਕਾਰੀ ਗੁਰਦੀਪ ਚੰਦ ਨੇ ਕਿਹਾ ਕਿ ਪੁਲਸ ਨੇ ਦੋਵਾਂ ਧਿਰਾਂ ਦੇ ਬਿਆਨ ਲੈ ਲਏ ਹਨ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਸੋਮਵਾਰ ਦੋਵਾਂ ਧਿਰਾਂ ਨੂੰ ਥਾਣੇ ਵਿਚ ਬੁਲਾਇਆ ਗਿਆ ਹੈ। ਉਸ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ: ਹੁਸ਼ਿਆਰਪੁਰ: ਪਤੀ ਵੱਲੋਂ ਪਤਨੀ ਦਾ ਕਤਲ, ਖ਼ੁਦ ਫੋਨ ਕਰਕੇ ਸਾਲੇ ਨੂੰ ਦਿੱਤੀ ਕਤਲ ਦੀ ਜਾਣਕਾਰੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News