ਯੂਕ੍ਰੇਨ ਤੋਂ ਪਰਤੇ ਪੰਜਾਬ ਨਾਲ ਸਬੰਧਤ 14 ਵਿਦਿਆਰਥੀ ਰਾਜਾਸਾਂਸੀ ਹਵਾਈ ਅੱਡੇ ਪਹੁੰਚੇ
Saturday, Mar 05, 2022 - 01:01 AM (IST)
 
            
            ਰਾਜਾਸਾਂਸੀ (ਰਾਜਵਿੰਦਰ)-ਯੂਕ੍ਰੇਨ ’ਚ ਰੂਸ ਵੱਲੋਂ ਕੀਤੇ ਜਾ ਰਹੇ ਹਮਲਿਆਂ ਦੌਰਾਨ ਭਾਰਤ ਸਰਕਾਰ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਆਪਣੇ ਵਤਨ ਵਾਪਸ ਲਿਆਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਦਿੱਲੀ ਪੁੱਜੇ ਪੰਜਾਬ ਨਾਲ ਸਬੰਧਿਤ 14 ਵਿਦਿਆਰਥੀ ਦਿੱਲੀ ਤੋਂ ਇੰਡੀਗੋ ਏਅਰਲਾਈਨ ਦੀ ਉਡਾਣ ਰਾਹੀਂ ਸ਼ਾਮ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਰਾਜਾਸਾਂਸੀ ਪੁੱਜੇ । ਇਸ ਮੌਕੇ ਯੂਕ੍ਰੇਨ ਤੋਂ ਪੁੱਜੀ ਇਕ ਵਿਦਿਅਰਥਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪੰਜ ਸਾਲਾਂ ਤੋਂ ਪੜ੍ਹਾਈ ਕਰਨ ਲਈ ਉੱਥੇ ਰਹਿ ਰਹੀ ਸੀ ਤੇ ਅਜੇ ਉਸ ਦੀ ਇਕ ਸਾਲ ਦੀ ਡਿਗਰੀ ਰਹਿੰਦੀ ਸੀ ਪਰ ਉਸ ਨੂੰ ਇਸ ਲੜਾਈ ਕਾਰਨ ਵਾਪਸ ਪਰਤਣਾ ਪਿਆ, ਜਿਸ ਨਾਲ ਉਸ ਦੇ ਕਰੀਅਰ ਦਾ ਸੁਫ਼ਨਾ ਅਧੂਰਾ ਰਹਿ ਗਿਆ।
ਇਹ ਵੀ ਪੜ੍ਹੋ : ਯੂਕ੍ਰੇਨ ’ਚ ਫਸੇ ਵਿਦਿਆਰਥੀਆਂ ਨੂੰ ਲੈ ਕੇ PM ਮੋਦੀ ਨੂੰ ਭਗਵੰਤ ਮਾਨ ਨੇ ਕੀਤੀ ਵੱਡੀ ਅਪੀਲ
ਇਸ ਦੌਰਾਨ ਵਿਦਿਅਰਥੀਆਂ ਨੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆ ਕਿਹਾ ਕਿ ਕੇਂਦਰ ਸਰਕਾਰ ਤੇ ਮੰਤਰੀਆਂ ਦੀ ਮਦਦ ਨਾਲ ਅਸੀਂ ਭਾਰਤ ਪੁੱਜੇ ਹਾਂ। ਉਨ੍ਹਾਂ ਦੱਸਿਆ ਕਿ ਯੂਕ੍ਰੇਨ ’ਚ ਖਾਣ-ਪੀਣ ਤੇ ਰਹਿਣ-ਸਹਿਣ ਦੀ ਬੜੀ ਮੁਸ਼ਕਿਲ ਆ ਰਹੀ ਸੀ। ਉਨ੍ਹਾਂ ਨੂੰ ਆਸ ਨਹੀਂ ਸੀ ਕਿ ਉਹ ਆਪਣੇ ਪਰਿਵਾਰ ’ਚ ਪਹੁੰਚ ਸਕਣਗੇ। ਇਸ ਮੌਕੇ ਵਿਦਿਅਰਥੀਆਂ ਨੂੰ ਹਵਾਈ ਅੱਡਾ ਰਾਜਾਸਾਂਸੀ ਲੈਣ ਪੁੱਜੇ ਮੈਂਬਰ ਰਾਜ ਸਭਾ ਸ਼ਵੇਤ ਮਲਿਕ ਨੇ ਦੱਸਿਆ ਕਿ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸ਼ਤਰੂਘਨ ਸਿਨ੍ਹਾ ਨੇ ਅਹਿਮ ਭੂਮਿਕਾ ਨਿਭਾਈ ਹੈ, ਜੋ ਸਾਡਾ ਫਰਜ਼ ਵੀ ਬਣਦਾ ਸੀ ਤੇ ਯੂਕਰੇਨ ’ਚ ਬਾਕੀ ਫਸੇ ਵਿਦਿਅਰਥੀ ਤੇ ਭਾਰਤੀ ਮੂਲ ਦੇ ਲੋਕਾਂ ਨੂੰ ਭਾਰਤ ਲਿਆਉਣ ਲਈ ਵੱਡੀ ਪੱਧਰ ’ਤੇ ਕੇਂਦਰ ਸਰਕਾਰ ਵਿਸ਼ੇਸ਼ ਉਪਰਾਲੇ ਕਰ ਰਹੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            