ਮੋਟਰਸਾਈਕਲ ਦੇ ਪਟਾਕੇ ਪਾਉਣ 'ਤੇ ਜ਼ੁਰਮਾਨੇ ਦੇ ਨਾਲ ਹੋ ਸਕਦੀ ਹੈ 6 ਸਾਲ ਦੀ ਸਜ਼ਾ, ਪਾਬੰਦੀ ਦੇ ਹੁਕਮ ਲਾਗੂ

Monday, Oct 02, 2017 - 03:51 PM (IST)

ਮੋਟਰਸਾਈਕਲ ਦੇ ਪਟਾਕੇ ਪਾਉਣ 'ਤੇ ਜ਼ੁਰਮਾਨੇ ਦੇ ਨਾਲ ਹੋ ਸਕਦੀ ਹੈ 6 ਸਾਲ ਦੀ ਸਜ਼ਾ, ਪਾਬੰਦੀ ਦੇ ਹੁਕਮ ਲਾਗੂ

ਪਟਿਆਲਾ — ਪੰਜਾਬ 'ਚ ਅੱਜ ਤੋਂ ਮੋਟਰਸਾਈਕਲਾਂ ਦੇ ਪਟਾਕੇ ਪਾਉਣ ਤੇ ਪਟਾਕੇ ਮਾਰਨ ਵਾਲੇ ਸਾਈਲੈਂਸਰ ਲਗਵਾਉਣ 'ਤੇ ਪਾਬੰਦੀ ਦੇ ਹੁਕਮ ਲਾਗੂ ਹੋ ਗਏ ਹਨ। ਪੰਜਾਬ ਇਹ ਹੁਕਮ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ। ਪੰਜਾਬ ਪ੍ਰਦੂਸ਼ਣ ਕੰਟਰਲੋ ਖਿਲਾਫ ਕਾਫੀ ਸਮੇਂ ਤੋਂ ਜਾਗਰੂਕਤਾ ਮੁਹਿੰਮ ਵਿੱਢੀ ਹੋਈ ਸੀ। ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਸੋਮਵਾਰ ਤੋਂ ਲਾਗੂ ਕੀਤਾ ਹਵਾ ਪ੍ਰਦੂਸ਼ਣ ਐਕਟ 1981 ਅਧੀਨ ਮੋਟਰਸਾਈਕਲ ਦੇ ਚਲਾਨ ਤੋਂ ਇਲਾਵਾ ਛੇ ਸਾਲ ਤਕ ਦੀ ਸਜ਼ਾ ਸਣੇ ਰੋਜ਼ਾਨਾ ਪੰਜ ਹਜ਼ਾਰ ਰੁਪਏ ਜ਼ੁਰਮਾਨੇ ਦੀ ਵਿਵਸਥਾ ਹੈ।
ਬੋਰਡ ਦੇ ਬੁਲਾਰੇ ਨੇ ਇਹ ਵੀ ਸਪਸ਼ੱਟ ਕੀਤਾ ਕਿ ਪੰਜਾਬ, ਆਵਾਜ਼ ਤੇ ਹਵਾ ਪ੍ਰਦੂਸ਼ਣ ਵਿਰੁੱਧ ਅਜਿਹੇ ਕਦਮ ਚੁੱਕਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਐਕਟ ਨੂੰ ਸੁੱਚਜੇ ਢੰਗ ਨਾਲ ਲਾਗੂ ਕਰਵਾਉਣ ਲਈ ਪੂਰੀ ਤਿਆਰੀ ਖਿੱਚ ਲਈ ਹੈ ਤੇ ਬੋਰਡ ਨੇ ਮੋਬਾਈਲ ਨੰਬਰ 98789-50593 ਜਾਰੀ ਕੀਤਾ ਹੈ ਤਾਂ ਜੋ ਲੋਕ ਪਟਾਕੇ ਮਾਰਨ ਵਾਲਿਆਂ ਦੀ ਸੂਚਨਾ ਦੇ ਸਕ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਇਸ ਤੋਂ ਪਹਿਲਾ ਵਾਹਨਾਂ ਤੋਂ ਪ੍ਰੈੱਸ਼ਰ ਹਾਰਨ ਹਟਾਏ ਗਏ ਸਨ ਤੇ ਉਸ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਆਏ। ਉਨ੍ਹਾਂ ਪੰਜਾਬ ਦੇ ਲੋਕਾਂ ਤੋਂ ਮੋਟਰਸਾਈਕਲਾਂ ਦੇ ਪਟਾਕੇ ਪਵਾਉਣ ਤੇ ਅਜਿਹੀ ਸਾਇਲੈਂਸਰ ਲਾਉਣ ਵਾਲਿਆਂ ਖਿਲਾਫ ਸਹਿਯੋਗ ਦੀ ਮੰਗ ਕੀਤੀ ਹੈ। 


Related News